ਰਵਨੀਤ ਬਿੱਟੂ ਦੇ ’25 ਹਜ਼ਾਰ ਲਾਸ਼ਾਂ’ ਵਾਲੇ ਬਿਆਨ ‘ਤੇ ਐਸਜੀਪੀਸੀ ਪ੍ਰਧਾਨ ਧਾਮੀ ਦਾ ਜਵਾਬ, ਕਿਹਾ– ਤੱਥ ਤੇ ਸਬੂਤ ਸਮੇਂ ਸਿਰ ਆਉਣਗੇ
ਕਪੂਰਥਲਾ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ, ਸੁਲਤਾਨਪੁਰ ਲੋਧੀ ਵਿਖੇ ਨਤਮਸਤਕ ਹੋ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇਸ ਦੌਰਾਨ ਉਨ੍ਹਾਂ ਨਵੇਂ ਬਣੇ ਖ਼ਜ਼ਾਨਾ ਗਿਣਤੀ ਹਾਲ ਦਾ ਰਸਮੀ ਉਦਘਾਟਨ ਵੀ ਕੀਤਾ ਅਤੇ ਮੀਡੀਆ ਨਾਲ ਵੱਖ-ਵੱਖ ਮੌਜੂਦਾ ਮੁੱਦਿਆਂ ‘ਤੇ ਆਪਣੇ ਵਿਚਾਰ ਸਾਂਝੇ ਕੀਤੇ। ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਫ਼ਿਲਮ “ਸਤਲੁਜ” ਵਿੱਚ ਦਰਸਾਏ ਗਏ 25 ਹਜ਼ਾਰ ਲਾਸ਼ਾਂ ਦੇ ਅੰਕੜੇ ਨੂੰ ਚੁਣੌਤੀ ਦੇਣ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਐਡਵੋਕੇਟ ਧਾਮੀ ਨੇ ਕਿਹਾ ਕਿ ਚੁਣੌਤੀ ਦੇਣਾ ਕਿਸੇ ਦਾ ਵੀ ਅਧਿਕਾਰ ਹੈ, ਪਰ ਜਿਨ੍ਹਾਂ ਨੇ ਇਹ ਇਤਿਹਾਸਕ ਰਿਕਾਰਡ ਜਾਂ ਖੋਜ ਤਿਆਰ ਕੀਤੀ ਹੈ, ਉਹ ਸਮੇਂ ਸਿਰ ਇਸ ਨਾਲ ਸਬੰਧਤ ਦਸਤਾਵੇਜ਼, ਸਬੂਤ ਅਤੇ ਹੋਰ ਤੱਥ ਵੀ ਸਾਹਮਣੇ ਰੱਖਣਗੇ। ਉਨ੍ਹਾਂ ਕਿਹਾ ਕਿ ਇਤਿਹਾਸ ਨਾਲ ਜੁੜੇ ਹਰ ਮਾਮਲੇ ‘ਤੇ ਵਿਚਾਰ-ਵਟਾਂਦਰਾ ਤੱਥਾਂ ਅਤੇ ਪ੍ਰਮਾਣਾਂ ਦੇ ਆਧਾਰ ‘ਤੇ ਹੀ ਹੋਣਾ ਚਾਹੀਦਾ ਹੈ।

ਬੀਬੀ ਪਰਮਜੀਤ ਕੌਰ ਖਾਲੜਾ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਬੇਕਸੂਰ ਮਾਰੇ ਗਏ ਲੋਕਾਂ ਦਾ ਪੂਰਾ ਰਿਕਾਰਡ ਜਨਤਕ ਕਰਨ ਦੀ ਅਪੀਲ ਬਾਰੇ ਪੁੱਛੇ ਜਾਣ ‘ਤੇ ਧਾਮੀ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਜੋ ਵੀ ਹੁਕਮ ਜਾਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾਣਗੇ, ਐਸਜੀਪੀਸੀ ਉਨ੍ਹਾਂ ਦੀ ਪੂਰੀ ਨਿਮਰਤਾ ਅਤੇ ਸਤਿਕਾਰ ਨਾਲ ਪਾਲਣਾ ਕਰੇਗੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਪਹਿਲਾਂ ਵੀ ਸਾਕਾ ਨੀਲਾ ਤਾਰਾ (ਆਪਰੇਸ਼ਨ ਬਲੂ ਸਟਾਰ) ਦੌਰਾਨ ਸ਼ਹੀਦ ਹੋਏ ਸਿੰਘਾਂ ਦੀ ਯਾਦ ਨੂੰ ਸੰਭਾਲਣ ਲਈ ਕਈ ਉਪਰਾਲੇ ਕਰ ਚੁੱਕੀ ਹੈ ਅਤੇ ਪੰਥਕ ਇਤਿਹਾਸ ਦੇ ਸੰਭਾਲ ਲਈ ਲਗਾਤਾਰ ਕੰਮ ਕਰ ਰਹੀ ਹੈ। ਆਪਣੇ ਸੰਬੋਧਨ ਦੌਰਾਨ ਐਡਵੋਕੇਟ ਧਾਮੀ ਨੇ ਧਰਮ ਪ੍ਰਚਾਰ ਨੂੰ ਸਮੇਂ ਦੀ ਸਭ ਤੋਂ ਵੱਡੀ ਲੋੜ ਦੱਸਦਿਆਂ ਕਿਹਾ ਕਿ ਪੰਜਾਬ ਦੇ ਹਰ ਵਿਧਾਨ ਸਭਾ ਹਲਕੇ ਵਿੱਚ ਕਥਾ-ਕੀਰਤਨ, ਗੁਰਮਤਿ ਸਮਾਗਮ ਅਤੇ ਧਾਰਮਿਕ ਪ੍ਰੋਗਰਾਮ ਕਰਵਾਏ ਜਾਣਗੇ, ਤਾਂ ਜੋ ਨੌਜਵਾਨ ਪੀੜ੍ਹੀ ਨੂੰ ਗੁਰਬਾਣੀ, ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਅਤੇ ਸਿੱਖ ਇਤਿਹਾਸ ਨਾਲ ਹੋਰ ਮਜ਼ਬੂਤੀ ਨਾਲ ਜੋੜਿਆ ਜਾ ਸਕੇ। ਉਨ੍ਹਾਂ ਕਿਹਾ ਕਿ ਧਰਮ ਪ੍ਰਚਾਰ ਦਾ ਮਕਸਦ ਸਿਰਫ਼ ਧਾਰਮਿਕ ਸਮਾਗਮ ਕਰਵਾਉਣਾ ਨਹੀਂ, ਸਗੋਂ ਸਮਾਜ ਵਿੱਚ ਨੈਤਿਕ ਕਦਰਾਂ-ਕੀਮਤਾਂ, ਆਪਸੀ ਭਾਈਚਾਰੇ ਅਤੇ ਸੇਵਾ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਵੀ ਹੈ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਜੇਕਰ ਨਵੀਂ ਪੀੜ੍ਹੀ ਗੁਰੂ ਸਾਹਿਬਾਨ ਵੱਲੋਂ ਦਰਸਾਏ ਮਾਰਗ ‘ਤੇ ਚੱਲੇਗੀ ਤਾਂ ਸਮਾਜ ਵਿੱਚ ਫੈਲ ਰਹੀਆਂ ਕਈ ਸਮਾਜਿਕ ਬੁਰਾਈਆਂ ਨੂੰ ਘੱਟ ਕਰਨ ਵਿੱਚ ਵੀ ਮਦਦ ਮਿਲੇਗੀ। ਇਸ ਮੌਕੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਪ੍ਰਬੰਧਕਾਂ ਅਤੇ ਐਸਜੀਪੀਸੀ ਅਧਿਕਾਰੀਆਂ ਵੱਲੋਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਸਨਮਾਨ ਵੀ ਕੀਤਾ ਗਿਆ।