ਪਠਾਨਕੋਟ ‘ਚ ਈਡੀ ਦੀ ਵੱਡੀ ਕਾਰਵਾਈ: ਕਈ ਕਾਰੋਬਾਰੀਆਂ ਅਤੇ ਕੈਬਨਿਟ ਮੰਤਰੀ ਨਾਲ ਜੁੜੇ ਵਿਅਕਤੀਆਂ ਦੇ ਟਿਕਾਣਿਆਂ ਦੀ ਜਾਂਚ
ਪਠਾਨਕੋਟ: ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਪਠਾਨਕੋਟ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਲੰਬੇ ਸਮੇਂ ਤੱਕ ਚੱਲੀ ਤਲਾਸ਼ੀ ਮੁਹਿੰਮ ਦੌਰਾਨ ਕਈ ਥਾਵਾਂ ‘ਤੇ ਜਾਂਚ ਕੀਤੀ। ਕਰੀਬ 16 ਘੰਟਿਆਂ ਤੱਕ ਚੱਲੀ ਇਸ ਕਾਰਵਾਈ ਦੌਰਾਨ ਵਪਾਰਕ ਅਦਾਰਿਆਂ, ਰਿਹਾਇਸ਼ੀ ਥਾਵਾਂ ਅਤੇ ਕੁਝ ਹੋਰ ਸਬੰਧਤ ਸਥਾਨਾਂ ਦੇ ਦਸਤਾਵੇਜ਼ਾਂ ਦੀ ਪੜਤਾਲ ਕੀਤੀ ਗਈ। ਜਾਂਚ ਏਜੰਸੀ ਦੀਆਂ ਟੀਮਾਂ ਨੇ ਪਠਾਨਕੋਟ ਦੇ ਦੋ ਪ੍ਰਮੁੱਖ ਪੱਥਰ ਕਰੱਸ਼ਰ ਕਾਰੋਬਾਰੀਆਂ ਦੇ ਘਰਾਂ, ਦਫਤਰਾਂ ਅਤੇ ਉਦਯੋਗਿਕ ਇਕਾਈਆਂ ਵਿੱਚ ਰਿਕਾਰਡ ਦੀ ਜਾਂਚ ਕੀਤੀ। ਇਸ ਦੇ ਨਾਲ ਹੀ ਜ਼ਮੀਨੀ ਸੌਦਿਆਂ, ਵਿੱਤੀ ਲੈਣ-ਦੇਣ ਅਤੇ ਹੋਰ ਵਪਾਰਕ ਗਤੀਵਿਧੀਆਂ ਨਾਲ ਜੁੜੇ ਦਸਤਾਵੇਜ਼ਾਂ ਦੀ ਵੀ ਪੜਤਾਲ ਕੀਤੀ ਗਈ। ਤਾਰਾਗੜ੍ਹ ਖੇਤਰ ਵਿੱਚ ਇੱਕ ਪ੍ਰਾਪਰਟੀ ਡੀਲਰ ਅਤੇ ਸਾਬਕਾ ਸਰਪੰਚ ਨਾਲ ਸੰਬੰਧਿਤ ਥਾਂ ‘ਤੇ ਵੀ ਈਡੀ ਦੀ ਟੀਮ ਪਹੁੰਚੀ, ਜਿੱਥੇ ਲੋੜੀਂਦੇ ਰਿਕਾਰਡਾਂ ਦੀ ਜਾਂਚ ਕੀਤੀ ਗਈ।

ਦੇਰ ਸ਼ਾਮ ਈਡੀ ਦੀ ਇੱਕ ਟੀਮ ਪੰਜਾਬ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦੇ ਗ੍ਰਹਿ ਪਿੰਡ ਕਟਾਰੂਚੱਕ ਵੀ ਪਹੁੰਚੀ। ਇੱਥੇ ਮੰਤਰੀ ਦੇ ਕਰੀਬੀ ਮੰਨੇ ਜਾਂਦੇ ਇੱਕ ਵਿਅਕਤੀ ਦੇ ਘਰ ਰਿਕਾਰਡਾਂ ਦੀ ਜਾਂਚ ਕੀਤੀ ਗਈ। ਸੂਤਰਾਂ ਮੁਤਾਬਕ ਟੀਮ ਨੇ ਦਸਤਾਵੇਜ਼ਾਂ ਦੀ ਪੜਤਾਲ ਅਤੇ ਪੁੱਛਗਿੱਛ ਲਈ ਕੁਝ ਸਮਾਂ ਉੱਥੇ ਬਿਤਾਇਆ। ਹਾਲਾਂਕਿ, ਜਾਂਚ ਏਜੰਸੀ ਵੱਲੋਂ ਇਸ ਕਾਰਵਾਈ ਦੇ ਸਬੰਧ ਵਿੱਚ ਕਿਸੇ ਖਾਸ ਮਾਮਲੇ ਜਾਂ ਦੋਸ਼ ਬਾਰੇ ਕੋਈ ਅਧਿਕਾਰਤ ਜਾਣਕਾਰੀ ਜਾਰੀ ਨਹੀਂ ਕੀਤੀ ਗਈ।
ਸਖ਼ਤ ਸੁਰੱਖਿਆ ਵਿਚਕਾਰ ਚੱਲੀ ਜਾਂਚ
ਕਾਰਵਾਈ ਦੌਰਾਨ ਸੁਰੱਖਿਆ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ। ਸਬੰਧਤ ਥਾਵਾਂ ਦੇ ਬਾਹਰ ਸੁਰੱਖਿਆ ਬਲਾਂ ਦੇ ਜਵਾਨ ਤਾਇਨਾਤ ਰਹੇ ਅਤੇ ਆਉਣ-ਜਾਣ ‘ਤੇ ਨਿਗਰਾਨੀ ਰੱਖੀ ਗਈ। ਜਾਂਚ ਦੌਰਾਨ ਬਾਹਰੀ ਵਿਅਕਤੀਆਂ ਦੀ ਐਂਟਰੀ ਸੀਮਿਤ ਰੱਖੀ ਗਈ। ਈਡੀ ਦੀਆਂ ਟੀਮਾਂ ਨੇ ਲੰਬੇ ਸਮੇਂ ਤੱਕ ਸਥਾਨਾਂ ‘ਤੇ ਰਹਿ ਕੇ ਰਿਕਾਰਡਾਂ ਦੀ ਜਾਂਚ ਜਾਰੀ ਰੱਖੀ। ਜਾਂਚ ਦੌਰਾਨ ਮਹਿਲਾ ਅਧਿਕਾਰੀਆਂ ਦੀ ਵੀ ਮੌਜੂਦਗੀ ਰਹੀ। ਜਾਂਚ ਦੌਰਾਨ ਮੀਡੀਆ ਵੱਲੋਂ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਗਈ, ਪਰ ਈਡੀ ਅਧਿਕਾਰੀਆਂ ਨੇ ਕਿਸੇ ਵੀ ਤਰ੍ਹਾਂ ਦੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਏਜੰਸੀ ਨੇ ਪੂਰੀ ਕਾਰਵਾਈ ਨੂੰ ਗੁਪਤਤਾ ਨਾਲ ਅੰਜਾਮ ਦਿੱਤਾ। ਇਸ ਮਾਮਲੇ ‘ਤੇ ਜਦੋਂ ਪਠਾਨਕੋਟ ਦੇ ਸੀਨੀਅਰ ਪੁਲਿਸ ਅਧਿਕਾਰੀਆਂ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਈਡੀ ਇੱਕ ਕੇਂਦਰੀ ਜਾਂਚ ਏਜੰਸੀ ਹੈ ਅਤੇ ਉਨ੍ਹਾਂ ਨੂੰ ਕਾਰਵਾਈ ਦੇ ਵੇਰਵਿਆਂ ਬਾਰੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਗਈ। ਫਿਲਹਾਲ ਜਾਂਚ ਜਾਰੀ ਹੈ ਅਤੇ ਏਜੰਸੀ ਵੱਲੋਂ ਅਗਲੇ ਪੜਾਅ ਜਾਂ ਕਾਰਵਾਈ ਸਬੰਧੀ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ।