ਪੰਜਾਬ ਵਿੱਚ 2 ਦਿਨ ਭਾਰੀ ਮੀਂਹ ਦਾ ਅਲਰਟ, 15 ਜ਼ਿਲ੍ਹਿਆਂ ਲਈ ਚੇਤਾਵਨੀ; ਹਿਮਾਚਲ ਦੇ ਪਹਾੜੀ ਇਲਾਕਿਆਂ ਵਿੱਚ ਵੀ ਮੀਂਹ ਦਾ ਕਹਿਰ
ਚੰਡੀਗੜ੍ਹ: ਪੰਜਾਬ ਵਿੱਚ ਮਾਨਸੂਨ ਇੱਕ ਵਾਰ ਫਿਰ ਸਰਗਰਮ ਹੋ ਗਿਆ ਹੈ। ਭਾਰਤੀ ਮੌਸਮ ਵਿਭਾਗ (IMD) ਨੇ ਅਗਲੇ ਦੋ ਦਿਨਾਂ ਦੌਰਾਨ ਸੂਬੇ ਦੇ ਕਈ ਹਿੱਸਿਆਂ ਵਿੱਚ ਭਾਰੀ ਮੀਂਹ ਦੀ ਸੰਭਾਵਨਾ ਜਤਾਉਂਦਿਆਂ ਅਲਰਟ ਜਾਰੀ ਕੀਤਾ ਹੈ। ਇਸੇ ਦੌਰਾਨ ਹਿਮਾਚਲ ਪ੍ਰਦੇਸ਼ ਦੇ ਕਈ ਪਹਾੜੀ ਜ਼ਿਲ੍ਹਿਆਂ ਵਿੱਚ ਲਗਾਤਾਰ ਮੀਂਹ ਕਾਰਨ ਜਨਜੀਵਨ ਪ੍ਰਭਾਵਿਤ ਹੋ ਰਿਹਾ ਹੈ ਅਤੇ ਕਈ ਥਾਵਾਂ ‘ਤੇ ਜ਼ਮੀਨ ਖਿਸਕਣ ਤੇ ਦਰੱਖਤ ਡਿੱਗਣ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਹਨ।

ਇਨ੍ਹਾਂ 15 ਜ਼ਿਲ੍ਹਿਆਂ ਵਿੱਚ ਮੀਂਹ ਦਾ ਅਲਰਟ
ਮੌਸਮ ਵਿਭਾਗ ਅਨੁਸਾਰ ਅੱਜ ਪੰਜਾਬ ਦੇ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਕਪੂਰਥਲਾ, ਹੁਸ਼ਿਆਰਪੁਰ, ਜਲੰਧਰ, ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ), ਰੂਪਨਗਰ, ਐਸ.ਏ.ਐਸ. ਨਗਰ (ਮੋਹਾਲੀ), ਫਤਿਹਗੜ੍ਹ ਸਾਹਿਬ, ਤਰਨ ਤਾਰਨ, ਮੋਗਾ, ਫਿਰੋਜ਼ਪੁਰ, ਲੁਧਿਆਣਾ ਅਤੇ ਪਟਿਆਲਾ ਵਿੱਚ ਹਲਕੇ ਤੋਂ ਦਰਮਿਆਨੇ ਅਤੇ ਕੁਝ ਥਾਵਾਂ ‘ਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਬਾਕੀ ਜ਼ਿਲ੍ਹਿਆਂ ਵਿੱਚ ਵੀ ਬੱਦਲ ਛਾਏ ਰਹਿਣ ਅਤੇ ਹਲਕੀ ਬੂੰਦਾਬਾਂਦੀ ਹੋਣ ਦੀ ਉਮੀਦ ਹੈ।
ਅਗਲੇ ਤਿੰਨ ਦਿਨ ਵੀ ਰਹੇਗਾ ਮਾਨਸੂਨ ਦਾ ਅਸਰ
ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ 23, 24 ਅਤੇ 25 ਜੁਲਾਈ ਨੂੰ ਵੀ ਪੰਜਾਬ ਦੇ ਕਈ ਇਲਾਕਿਆਂ ਵਿੱਚ ਮੀਂਹ ਪੈਣ ਦੇ ਆਸਾਰ ਹਨ। ਕੁਝ ਥਾਵਾਂ ‘ਤੇ ਦਰਮਿਆਨੇ ਤੋਂ ਭਾਰੀ ਮੀਂਹ ਦੀ ਸੰਭਾਵਨਾ ਜਤਾਈ ਗਈ ਹੈ।

ਤਾਪਮਾਨ ਵਿੱਚ ਆਈ ਗਿਰਾਵਟ
ਲਗਾਤਾਰ ਮੀਂਹ ਕਾਰਨ ਸੂਬੇ ਦੇ ਵੱਧ ਤੋਂ ਵੱਧ ਤਾਪਮਾਨ ਵਿੱਚ 0.6 ਡਿਗਰੀ ਸੈਲਸੀਅਸ ਦੀ ਕਮੀ ਦਰਜ ਕੀਤੀ ਗਈ ਹੈ, ਜੋ ਆਮ ਨਾਲੋਂ 2.6 ਡਿਗਰੀ ਸੈਲਸੀਅਸ ਘੱਟ ਹੈ।
- ਸਭ ਤੋਂ ਵੱਧ ਤਾਪਮਾਨ ਬਠਿੰਡਾ ਵਿੱਚ 35.6°C ਦਰਜ ਕੀਤਾ ਗਿਆ।
- ਘੱਟੋ-ਘੱਟ ਤਾਪਮਾਨ ਵਿੱਚ ਵੀ 2.2 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਹੋਈ।
- ਸੂਬੇ ਦਾ ਸਭ ਤੋਂ ਘੱਟ ਤਾਪਮਾਨ ਥੀਣ ਡੈਮ ਵਿੱਚ 23.4°C ਰਿਕਾਰਡ ਕੀਤਾ ਗਿਆ।
ਹਿਮਾਚਲ ਵਿੱਚ ਮੀਂਹ ਨੇ ਵਿਗਾੜੇ ਹਾਲਾਤ
ਹਿਮਾਚਲ ਪ੍ਰਦੇਸ਼ ਵਿੱਚ ਵੀ ਮੌਸਮ ਖਰਾਬ ਬਣਿਆ ਹੋਇਆ ਹੈ। ਮੌਸਮ ਵਿਭਾਗ ਨੇ ਊਨਾ, ਚੰਬਾ, ਕਾਂਗੜਾ, ਹਮੀਰਪੁਰ ਅਤੇ ਸਿਰਮੌਰ ਜ਼ਿਲ੍ਹਿਆਂ ਵਿੱਚ ਕਈ ਥਾਵਾਂ ‘ਤੇ ਭਾਰੀ ਤੋਂ ਬਹੁਤ ਭਾਰੀ ਮੀਂਹ ਦੀ ਸੰਭਾਵਨਾ ਜਤਾਈ ਹੈ।ਇਸ ਤੋਂ ਇਲਾਵਾ ਸੋਲਨ, ਮੰਡੀ, ਕੁੱਲੂ ਅਤੇ ਸ਼ਿਮਲਾ ਸਮੇਤ ਕਈ ਜ਼ਿਲ੍ਹਿਆਂ ਵਿੱਚ ਵੀ ਹਲਕੇ ਤੋਂ ਦਰਮਿਆਨੇ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ। ਲਗਾਤਾਰ ਬਾਰਿਸ਼ ਕਾਰਨ ਕਈ ਥਾਵਾਂ ‘ਤੇ ਜ਼ਮੀਨ ਖਿਸਕਣ, ਦਰੱਖਤ ਡਿੱਗਣ ਅਤੇ ਆਵਾਜਾਈ ਪ੍ਰਭਾਵਿਤ ਹੋਣ ਦੀਆਂ ਖ਼ਬਰਾਂ ਮਿਲ ਰਹੀਆਂ ਹਨ।

ਔਰੇਂਜ ਅਤੇ ਯੈਲੋ ਅਲਰਟ ਜਾਰੀ
ਮੌਸਮ ਵਿਭਾਗ ਨੇ ਹਿਮਾਚਲ ਪ੍ਰਦੇਸ਼ ਦੇ ਛੇ ਜ਼ਿਲ੍ਹਿਆਂ ਲਈ ਔਰੇਂਜ ਅਤੇ ਯੈਲੋ ਅਲਰਟ ਜਾਰੀ ਕੀਤਾ ਹੈ। ਲੋਕਾਂ ਨੂੰ ਦਰਿਆਵਾਂ, ਨਦੀਆਂ ਅਤੇ ਪਹਾੜੀ ਨਾਲਿਆਂ ਦੇ ਨੇੜੇ ਜਾਣ ਤੋਂ ਬਚਣ, ਗੈਰ-ਜ਼ਰੂਰੀ ਯਾਤਰਾ ਟਾਲਣ ਅਤੇ ਪ੍ਰਸ਼ਾਸਨ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਗਈ ਹੈ।