ਡਿਊਟੀ ਤੋਂ ਬਾਅਦ ASI ਨੇ ਨਹਿਰ ‘ਚ ਮਾਰੀ ਛਾਲ, ਵੀਡੀਓ ਰਾਹੀਂ ਲਗਾਏ ਗੰਭੀਰ ਦੋਸ਼; 7 ਵਿਅਕਤੀਆਂ ਖ਼ਿਲਾਫ਼ ਕੇਸ ਦਰਜ
ਫਿਰੋਜ਼ਪੁਰ: ਫਿਰੋਜ਼ਪੁਰ ਦੇ ਕਸਬਾ ਮੱਖੂ ਤੋਂ ਪੰਜਾਬ ਪੁਲਿਸ ਦੇ ਇੱਕ ਏਐਸਆਈ (ਸਹਾਇਕ ਸਬ-ਇੰਸਪੈਕਟਰ) ਨਾਲ ਜੁੜੀ ਦੁਖਦਾਈ ਘਟਨਾ ਸਾਹਮਣੇ ਆਈ ਹੈ। ਪੰਜਾਬ ਪੁਲਿਸ ਦੀ 112 ਐਮਰਜੈਂਸੀ ਰਿਸਪਾਂਸ ਟੀਮ ਵਿੱਚ ਤਾਇਨਾਤ ਏਐਸਆਈ ਗੁਰਦਿਆਲ ਸਿੰਘ ਨੇ ਕਥਿਤ ਤੌਰ ‘ਤੇ ਨਹਿਰ ਵਿੱਚ ਛਾਲ ਮਾਰ ਕੇ ਆਪਣੀ ਜੀਵਨਲੀਲਾ ਸਮਾਪਤ ਕਰ ਲਈ। ਘਟਨਾ ਤੋਂ ਪਹਿਲਾਂ ਉਨ੍ਹਾਂ ਵੱਲੋਂ ਰਿਕਾਰਡ ਕੀਤੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਦੀ ਪੁਲਿਸ ਜਾਂਚ ਕਰ ਰਹੀ ਹੈ।

ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ ਵਿੱਚ ਗੁਰਦਿਆਲ ਸਿੰਘ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਪਤਨੀ ਨੇ ਭਾਜਪਾ ਦੀ ਟਿਕਟ ‘ਤੇ ਚੋਣ ਲੜੀ ਸੀ, ਜਿਸ ਤੋਂ ਬਾਅਦ ਕੁਝ ਲੋਕ ਉਨ੍ਹਾਂ ਨੂੰ ਲਗਾਤਾਰ ਪਰੇਸ਼ਾਨ ਕਰ ਰਹੇ ਸਨ। ਵੀਡੀਓ ਵਿੱਚ ਉਨ੍ਹਾਂ ਨੇ ਇਹ ਵੀ ਦੋਸ਼ ਲਗਾਇਆ ਕਿ ਚੋਣਾਂ ਦੌਰਾਨ ਉਨ੍ਹਾਂ ਦੀ ਕਥਿਤ ਜਾਅਲੀ ਵੀਡੀਓ ਬਣਾ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਹੁਣ ਉਨ੍ਹਾਂ ਖ਼ਿਲਾਫ਼ ਝੂਠਾ ਕੇਸ ਦਰਜ ਕਰਵਾਉਣ ਦੇ ਨਾਲ ਪੈਸਿਆਂ ਦੀ ਮੰਗ ਵੀ ਕੀਤੀ ਜਾ ਰਹੀ ਸੀ। ਵੀਡੀਓ ਵਿੱਚ ਉਨ੍ਹਾਂ ਨੇ ਕੁਝ ਵਿਅਕਤੀਆਂ ਨੂੰ ਆਪਣੀ ਇਸ ਸਥਿਤੀ ਲਈ ਜ਼ਿੰਮੇਵਾਰ ਦੱਸਿਆ ਹੈ। ਹਾਲਾਂਕਿ, ਇਨ੍ਹਾਂ ਦਾਵਿਆਂ ਦੀ ਅਜੇ ਅਧਿਕਾਰਕ ਪੁਸ਼ਟੀ ਨਹੀਂ ਹੋਈ ਹੈ ਅਤੇ ਇਹ ਪੁਲਿਸ ਜਾਂਚ ਦਾ ਹਿੱਸਾ ਹਨ।
ਡਿਊਟੀ ਤੋਂ ਘਰ ਗਏ, ਫਿਰ ਮੁੜੇ ਨਹਿਰ ਕੋਲ
ਐਸਪੀ (ਡੀ) ਮਨਜੀਤ ਸਿੰਘ ਨੇ ਦੱਸਿਆ ਕਿ ਗੁਰਦਿਆਲ ਸਿੰਘ ਮੱਖੂ ਵਿਖੇ 112 ਐਮਰਜੈਂਸੀ ਰਿਸਪਾਂਸ ਵਾਹਨ ‘ਤੇ ਤਾਇਨਾਤ ਸਨ ਅਤੇ ਮੂਲ ਰੂਪ ਵਿੱਚ ਬਟਾਲਾ ਜ਼ਿਲ੍ਹੇ ਦੇ ਰਹਿਣ ਵਾਲੇ ਸਨ। ਡਿਊਟੀ ਖ਼ਤਮ ਕਰਨ ਤੋਂ ਬਾਅਦ ਉਹ ਘਰ ਗਏ, ਪਰ ਕੁਝ ਸਮੇਂ ਬਾਅਦ ਆਪਣੇ ਇੱਕ ਗੁਆਂਢੀ ਨਾਲ ਮੁੜ ਬਾਹਰ ਨਿਕਲੇ। ਨਹਿਰ ਕੋਲ ਚਾਹ ਪੀਣ ਤੋਂ ਬਾਅਦ ਉਨ੍ਹਾਂ ਨੇ ਕਥਿਤ ਤੌਰ ‘ਤੇ ਨਹਿਰ ਵਿੱਚ ਛਾਲ ਮਾਰ ਦਿੱਤੀ।
ਪਤਨੀ ਦੇ ਬਿਆਨਾਂ ‘ਤੇ 7 ਵਿਅਕਤੀਆਂ ਖ਼ਿਲਾਫ਼ ਕੇਸ
ਪੁਲਿਸ ਅਧਿਕਾਰੀ ਮੁਤਾਬਕ ਮ੍ਰਿਤਕ ਦੇ ਮੋਬਾਈਲ ਫੋਨ ਵਿੱਚੋਂ ਇੱਕ ਵੀਡੀਓ ਮਿਲੀ ਹੈ, ਜਿਸ ਦੇ ਆਧਾਰ ‘ਤੇ ਜਾਂਚ ਅੱਗੇ ਵਧਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਪਤਨੀ ਸਰਬਜੀਤ ਕੌਰ ਦੇ ਬਿਆਨਾਂ ਦੇ ਆਧਾਰ ‘ਤੇ ਸੱਤ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਐਸਪੀ (ਡੀ) ਨੇ ਕਿਹਾ ਕਿ ਐਫਆਈਆਰ ਦਰਜ ਕਰਨ ਤੋਂ ਬਾਅਦ ਪੁਲਿਸ ਵੱਲੋਂ ਸਾਰੇ ਪੱਖਾਂ ਨੂੰ ਧਿਆਨ ਵਿੱਚ ਰੱਖਦਿਆਂ ਤਫ਼ਤੀਸ਼ ਕੀਤੀ ਜਾ ਰਹੀ ਹੈ ਅਤੇ ਤੱਥਾਂ ਦੇ ਆਧਾਰ ‘ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪੁਲਿਸ ਦਾ ਕਹਿਣਾ ਹੈ ਕਿ ਵਾਇਰਲ ਵੀਡੀਓ, ਮੋਬਾਈਲ ਫੋਨ ਤੋਂ ਮਿਲੇ ਡਿਜ਼ਿਟਲ ਸਬੂਤ, ਗਵਾਹਾਂ ਦੇ ਬਿਆਨ ਅਤੇ ਹੋਰ ਉਪਲਬਧ ਜਾਣਕਾਰੀ ਦੀ ਵਿਸਥਾਰ ਨਾਲ ਜਾਂਚ ਕੀਤੀ ਜਾ ਰਹੀ ਹੈ। ਜਾਂਚ ਪੂਰੀ ਹੋਣ ਤੋਂ ਬਾਅਦ ਹੀ ਘਟਨਾ ਦੇ ਅਸਲ ਕਾਰਨਾਂ ਬਾਰੇ ਸਪੱਸ਼ਟ ਤਸਵੀਰ ਸਾਹਮਣੇ ਆਵੇਗੀ।
ਇਲਾਕੇ ਅਤੇ ਪੁਲਿਸ ਮਹਿਕਮੇ ਵਿੱਚ ਸੋਗ
ਏਐਸਆਈ ਗੁਰਦਿਆਲ ਸਿੰਘ ਦੀ ਮੌਤ ਤੋਂ ਬਾਅਦ ਪੁਲਿਸ ਮਹਿਕਮੇ ਅਤੇ ਇਲਾਕੇ ਵਿੱਚ ਸੋਗ ਦਾ ਮਾਹੌਲ ਹੈ। ਅਧਿਕਾਰੀਆਂ ਨੇ ਕਿਹਾ ਹੈ ਕਿ ਮਾਮਲੇ ਦੀ ਨਿਰਪੱਖ ਅਤੇ ਕਾਨੂੰਨ ਅਨੁਸਾਰ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਵਿੱਚ ਸਾਹਮਣੇ ਆਉਣ ਵਾਲੇ ਤੱਥਾਂ ਦੇ ਆਧਾਰ ‘ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।