ਗੁਰਦਾਸਪੁਰ ‘ਚ ਸਮਾਰਟ ਬਿਜਲੀ ਮੀਟਰਾਂ ਦਾ ਵਿਰੋਧ ਤੇਜ਼, ਕਿਸਾਨਾਂ ਨੇ ਘਰਾਂ ‘ਚੋਂ ਉਤਾਰ ਕੇ PSPCL ਦਫ਼ਤਰ ਪਹੁੰਚਾਏ
ਗੁਰਦਾਸਪੁਰ: ਪੰਜਾਬ ਵਿੱਚ ਸਮਾਰਟ (ਚਿੱਪ ਵਾਲੇ) ਅਤੇ ਪ੍ਰੀ-ਪੇਡ ਬਿਜਲੀ ਮੀਟਰਾਂ ਨੂੰ ਲੈ ਕੇ ਵਿਵਾਦ ਇੱਕ ਵਾਰ ਫਿਰ ਭਖ ਗਿਆ ਹੈ। ਕਿਸਾਨ ਜਥੇਬੰਦੀਆਂ ਨੇ ਇਨ੍ਹਾਂ ਮੀਟਰਾਂ ਦੇ ਵਿਰੋਧ ਵਿੱਚ ਮੁਹਿੰਮ ਤੇਜ਼ ਕਰਦਿਆਂ ਕਈ ਪਿੰਡਾਂ ਵਿੱਚ ਲੋਕਾਂ ਦੇ ਘਰਾਂ ਤੋਂ ਸਮਾਰਟ ਮੀਟਰ ਉਤਾਰ ਕੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਦੇ ਦਫ਼ਤਰਾਂ ਵਿੱਚ ਜਮ੍ਹਾਂ ਕਰਵਾਏ। ਕਿਸਾਨ ਆਗੂਆਂ ਦਾ ਦੋਸ਼ ਹੈ ਕਿ ਸਮਾਰਟ ਮੀਟਰਾਂ ਰਾਹੀਂ ਖਪਤਕਾਰਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ ਅਤੇ ਬਿਜਲੀ ਦੇ ਵੱਧ ਬਿੱਲ ਭੇਜ ਕੇ ਲੋਕਾਂ ‘ਤੇ ਵਾਧੂ ਆਰਥਿਕ ਬੋਝ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦ ਤੱਕ ਲੋਕਾਂ ਦੀਆਂ ਸ਼ੰਕਾਵਾਂ ਦੂਰ ਨਹੀਂ ਹੁੰਦੀਆਂ, ਉਦੋਂ ਤੱਕ ਉਹ ਇਸ ਮੁਹਿੰਮ ਨੂੰ ਜਾਰੀ ਰੱਖਣਗੇ।
“ਲੋਕਾਂ ਨਾਲ ਧੱਕਾ ਬਰਦਾਸ਼ਤ ਨਹੀਂ ਕਰਾਂਗੇ” – ਕਿਸਾਨ ਆਗੂ
ਭਾਰਤੀ ਕਿਸਾਨ ਯੂਨੀਅਨ (ਚੜੂਨੀ) ਦੇ ਸੂਬਾ ਯੂਥ ਪ੍ਰਧਾਨ ਇੰਦਰਪਾਲ ਸਿੰਘ ਬੈਂਸ ਦੀ ਅਗਵਾਈ ਹੇਠ ਕੀਤੀ ਗਈ ਕਾਰਵਾਈ ਦੌਰਾਨ ਕਿਸਾਨਾਂ ਨੇ ਕਿਹਾ ਕਿ ਜੇਕਰ ਕਿਸੇ ਵੀ ਉਪਭੋਗਤਾ ਨੂੰ ਸਮਾਰਟ ਮੀਟਰ ਸਬੰਧੀ ਸਮੱਸਿਆ ਆ ਰਹੀ ਹੈ ਤਾਂ ਉਹ ਕਿਸਾਨ ਜਥੇਬੰਦੀਆਂ ਨਾਲ ਸੰਪਰਕ ਕਰ ਸਕਦਾ ਹੈ।

ਉਨ੍ਹਾਂ ਦਾ ਦਾਅਵਾ ਹੈ ਕਿ ਚਿੱਪ ਵਾਲੇ ਮੀਟਰ ਤਕਨੀਕੀ ਤੌਰ ‘ਤੇ ਅਜਿਹੇ ਹਨ, ਜਿਨ੍ਹਾਂ ਕਾਰਨ ਖਪਤਕਾਰਾਂ ਨੂੰ ਉਮੀਦ ਨਾਲੋਂ ਵੱਧ ਬਿਜਲੀ ਬਿੱਲ ਆ ਰਹੇ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਉਹ ਕਿਸੇ ਵੀ ਬਿਜਲੀ ਉਪਭੋਗਤਾ ਨਾਲ ਹੋਣ ਵਾਲੀ ਬੇਇਨਸਾਫ਼ੀ ਬਰਦਾਸ਼ਤ ਨਹੀਂ ਕਰਨਗੇ।
ਬਿੱਲਾਂ ਨੂੰ ਲੈ ਕੇ ਲਗਾਏ ਗੰਭੀਰ ਦੋਸ਼
ਕਿਸਾਨਾਂ ਨੇ ਦਾਅਵਾ ਕੀਤਾ ਕਿ ਇੱਕ ਘਰ ਵਿੱਚ ਪਹਿਲਾਂ ਹੀ ਇੱਕ ਮਹੀਨੇ ਦਾ ਬਿਜਲੀ ਬਿੱਲ ਅਦਾ ਕੀਤਾ ਜਾ ਚੁੱਕਾ ਸੀ, ਪਰ ਨਵਾਂ ਸਮਾਰਟ ਮੀਟਰ ਲੱਗਣ ਤੋਂ ਬਾਅਦ ਉਹੀ ਬਕਾਇਆ ਰਕਮ ਦੁਬਾਰਾ ਦਰਸਾਈ ਗਈ। ਉਨ੍ਹਾਂ ਇਸ ਨੂੰ ਗੰਭੀਰ ਗੜਬੜ ਕਰਾਰ ਦਿੰਦਿਆਂ ਮਾਮਲੇ ਦੀ ਜਾਂਚ ਦੀ ਮੰਗ ਕੀਤੀ।

ਸਰਕਾਰ ‘ਤੇ ਵੀ ਨਿਸ਼ਾਨਾ
ਕਿਸਾਨ ਆਗੂਆਂ ਨੇ ਦੋਸ਼ ਲਗਾਇਆ ਕਿ ਸਰਕਾਰ ਵੱਲੋਂ ਵੱਡੇ ਪੱਧਰ ‘ਤੇ ਸਮਾਰਟ ਮੀਟਰ ਲਗਾਏ ਜਾ ਰਹੇ ਹਨ ਅਤੇ ਕਰਮਚਾਰੀਆਂ ਦੇ ਘਰਾਂ ਵਿੱਚ ਵੀ ਇਹ ਮੀਟਰ ਲਗਾ ਕੇ ਆਮ ਲੋਕਾਂ ਨੂੰ ਇਹ ਸੰਦੇਸ਼ ਦਿੱਤਾ ਜਾ ਰਿਹਾ ਹੈ ਕਿ ਇਹ ਪ੍ਰਣਾਲੀ ਸਭ ਲਈ ਇੱਕੋ ਜਿਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਉਪਭੋਗਤਾ ਨਾਲ ਬਿਜਲੀ ਮੀਟਰਾਂ ਦੇ ਨਾਂ ‘ਤੇ ਧੱਕਾ ਕੀਤਾ ਗਿਆ ਤਾਂ ਕਿਸਾਨ ਜਥੇਬੰਦੀਆਂ ਉਸਦੇ ਹੱਕ ਵਿੱਚ ਡਟ ਕੇ ਖੜ੍ਹੀਆਂ ਹੋਣਗੀਆਂ। ਹਾਲਾਂਕਿ, ਇਸ ਮਾਮਲੇ ‘ਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਵੱਲੋਂ ਅਜੇ ਤੱਕ ਕੋਈ ਅਧਿਕਾਰਕ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ।