ਪੰਜਾਬ ‘ਚ ਕਾਂਗਰਸ ਰਾਹੁਲ ਗਾਂਧੀ ਦੀ ਅਗਵਾਈ ਹੇਠ ਲੜੇਗੀ ਚੋਣਾਂ, ਭੂਪੇਸ਼ ਬਘੇਲ ਨੇ CM ਚਿਹਰੇ ‘ਤੇ ਦਿੱਤਾ ਸਪੱਸ਼ਟ ਜਵਾਬ
ਸ੍ਰੀ ਫਤਿਹਗੜ੍ਹ ਸਾਹਿਬ: ਪੰਜਾਬ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਕਾਂਗਰਸ ਨੇ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਇਸੇ ਕੜੀ ਤਹਿਤ ਪੰਜਾਬ ਕਾਂਗਰਸ ਦੇ ਇੰਚਾਰਜ ਭੂਪੇਸ਼ ਬਘੇਲ ਨੇ ਆਪਣੇ 9 ਦਿਨਾਂ ਦੇ ਪੰਜਾਬ ਦੌਰੇ ਦੀ ਸ਼ੁਰੂਆਤ ਸ਼ੁੱਕਰਵਾਰ ਨੂੰ ਸਰਹਿੰਦ ਤੋਂ ਕੀਤੀ। ਦੌਰੇ ਦੇ ਪਹਿਲੇ ਹੀ ਦਿਨ ਉਨ੍ਹਾਂ ਨੇ ਸੰਗਠਨ ਨੂੰ ਬੂਥ ਪੱਧਰ ਤੱਕ ਮਜ਼ਬੂਤ ਕਰਨ ਦਾ ਸੰਦੇਸ਼ ਦਿੱਤਾ ਅਤੇ ਪਾਰਟੀ ਦੀ ਚੋਣੀ ਰਣਨੀਤੀ ਬਾਰੇ ਅਹਿਮ ਗੱਲਾਂ ਸਾਂਝੀਆਂ ਕੀਤੀਆਂ।
CM ਚਿਹਰੇ ‘ਤੇ ਭੂਪੇਸ਼ ਬਘੇਲ ਦਾ ਸਪੱਸ਼ਟ ਬਿਆਨ
ਪੱਤਰਕਾਰਾਂ ਵੱਲੋਂ ਜਦੋਂ ਪੁੱਛਿਆ ਗਿਆ ਕਿ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਦਾ ਮੁੱਖ ਮੰਤਰੀ ਚਿਹਰਾ ਕੌਣ ਹੋਵੇਗਾ ਤਾਂ ਭੂਪੇਸ਼ ਬਘੇਲ ਨੇ ਕਿਹਾ ਕਿ ਕਾਂਗਰਸ ਕਿਸੇ ਇੱਕ ਸੂਬਾਈ ਚਿਹਰੇ ਦੀ ਬਜਾਏ ਸੰਗਠਨ ਵਜੋਂ ਚੋਣ ਲੜੇਗੀ।
ਉਨ੍ਹਾਂ ਕਿਹਾ,
“ਪੰਜਾਬ ਹੀ ਨਹੀਂ, ਸਗੋਂ ਪੂਰੇ ਦੇਸ਼ ਵਿੱਚ ਕਾਂਗਰਸ ਦਾ ਚਿਹਰਾ ਰਾਹੁਲ ਗਾਂਧੀ ਹਨ। ਪਾਰਟੀ ਰਾਹੁਲ ਗਾਂਧੀ ਦੀ ਅਗਵਾਈ ਹੇਠ ਹੀ ਚੋਣ ਮੈਦਾਨ ਵਿੱਚ ਉਤਰੇਗੀ।”

ਮੀਟਿੰਗ ਤੋਂ ਕੁਝ ਆਗੂਆਂ ਦੀ ਗੈਰਹਾਜ਼ਰੀ ਬਣੀ ਚਰਚਾ
ਦੌਰੇ ਦੀ ਪਹਿਲੀ ਮੀਟਿੰਗ ਦੌਰਾਨ ਕੁਝ ਆਗੂਆਂ ਦੀ ਗੈਰਹਾਜ਼ਰੀ ਨੇ ਵੀ ਸਿਆਸੀ ਚਰਚਾ ਛੇੜ ਦਿੱਤੀ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪ੍ਰੋਗਰਾਮ ਵਿੱਚ ਨਹੀਂ ਪਹੁੰਚੇ। ਇਸ ਤੋਂ ਇਲਾਵਾ ਉਨ੍ਹਾਂ ਦੇ ਭਰਾ ਡਾ. ਮਨੋਹਰ ਸਿੰਘ ਅਤੇ ਐਨਐੱਸਯੂਆਈ ਪੰਜਾਬ ਦੇ ਪ੍ਰਧਾਨ ਈਸ਼ਰਪ੍ਰੀਤ ਸਿੰਘ ਸਿੱਧੂ ਨੂੰ ਵੀ ਮੀਟਿੰਗ ਲਈ ਸੱਦਾ ਨਾ ਮਿਲਣ ਦੀ ਗੱਲ ਸਾਹਮਣੇ ਆਈ।

ਇਸ ਸਬੰਧੀ ਪੁੱਛੇ ਸਵਾਲ ‘ਤੇ ਭੂਪੇਸ਼ ਬਘੇਲ ਨੇ ਕਿਹਾ ਕਿ ਜਿਹੜੇ ਆਗੂ ਸੰਗਠਨ ਦਾ ਹਿੱਸਾ ਨਹੀਂ ਹਨ, ਉਨ੍ਹਾਂ ਨੂੰ ਸੰਗਠਨਾਤਮਕ ਮੀਟਿੰਗਾਂ ਵਿੱਚ ਨਹੀਂ ਬੁਲਾਇਆ ਜਾ ਸਕਦਾ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਕਾਂਗਰਸ ਵਿੱਚ ਗੁੱਟਬਾਜ਼ੀ ਦੀਆਂ ਗੱਲਾਂ ਨੂੰ ਬੇਲੋੜਾ ਵਧਾ-ਚੜ੍ਹਾ ਕੇ ਪੇਸ਼ ਕੀਤਾ ਜਾ ਰਿਹਾ ਹੈ ਅਤੇ ਪਾਰਟੀ ਪੂਰੀ ਤਰ੍ਹਾਂ ਇਕਜੁੱਟ ਹੈ।
‘ਹਰ ਬੂਥ ਕਾਂਗਰਸ ਮਜ਼ਬੂਤ’ ਮੁਹਿੰਮ ਨੂੰ ਮਿਲੇਗੀ ਰਫ਼ਤਾਰ
ਭੂਪੇਸ਼ ਬਘੇਲ ਨੇ ਦੱਸਿਆ ਕਿ “ਹਰ ਬੂਥ ਕਾਂਗਰਸ ਮਜ਼ਬੂਤ” ਮੁਹਿੰਮ ਤਹਿਤ ਪੂਰੇ ਪੰਜਾਬ ਦਾ ਦੌਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਕਤੂਬਰ ਤੱਕ ਸੰਗਠਨਕ ਤਿਆਰੀਆਂ ਨੂੰ ਮੁਕੰਮਲ ਕਰਨ ਲਈ ਰੋਡਮੈਪ ਤਿਆਰ ਕੀਤਾ ਗਿਆ ਹੈ ਤਾਂ ਜੋ ਚੋਣਾਂ ਲਈ ਪਾਰਟੀ ਪੂਰੀ ਤਰ੍ਹਾਂ ਤਿਆਰ ਹੋਵੇ। ਭੂਪੇਸ਼ ਬਘੇਲ ਨੇ ਦਾਅਵਾ ਕੀਤਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਹਰ ਵਰਗ ਨਿਰਾਸ਼ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪੇਪਰ ਲੀਕ, ਨਸ਼ਾਖੋਰੀ, ਰੇਤ ਮਾਫੀਆ, ਕਾਨੂੰਨ-ਵਿਵਸਥਾ, ਕਿਸਾਨਾਂ, ਵਪਾਰੀਆਂ ਅਤੇ ਨੌਜਵਾਨਾਂ ਨਾਲ ਜੁੜੇ ਮੁੱਦਿਆਂ ਨੂੰ ਲੈ ਕੇ ਲੋਕਾਂ ਵਿਚ ਜਾਵੇਗੀ।

ਰਾਜਾ ਵੜਿੰਗ ਨੇ ਵੀ ਦਿੱਤਾ ਇਕਜੁੱਟਤਾ ਦਾ ਸੰਦੇਸ਼
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਉਨ੍ਹਾਂ ਲਈ ਅਹੁਦਾ ਨਹੀਂ, ਸਗੋਂ ਪਾਰਟੀ ਅਤੇ ਸੰਗਠਨ ਸਭ ਤੋਂ ਵੱਧ ਮਹੱਤਵ ਰੱਖਦੇ ਹਨ। ਉਨ੍ਹਾਂ ਕਿਹਾ ਕਿ ਜੇ ਪਾਰਟੀ ਉਨ੍ਹਾਂ ਨੂੰ ਪ੍ਰਧਾਨਗੀ ਤੋਂ ਹਟਾ ਦੇਵੇ ਜਾਂ ਟਿਕਟ ਨਾ ਦੇਵੇ, ਫਿਰ ਵੀ ਉਹ ਕਾਂਗਰਸ ਨਾਲ ਡਟੇ ਰਹਿਣਗੇ। ਰਾਜਾ ਵੜਿੰਗ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਚੋਣਾਂ ਦਾ ਤਰੀਕਾ ਬਦਲ ਗਿਆ ਹੈ ਅਤੇ ਹੁਣ ਸੋਸ਼ਲ ਮੀਡੀਆ ਤੇ ਡਿਜ਼ੀਟਲ ਮਾਧਿਅਮ ਵੀ ਚੋਣੀ ਰਣਨੀਤੀ ਦਾ ਅਹਿਮ ਹਿੱਸਾ ਬਣ ਚੁੱਕੇ ਹਨ। ਉਨ੍ਹਾਂ ਨੇ ਪ੍ਰਤਾਪ ਸਿੰਘ ਬਾਜਵਾ ਅਤੇ ਚਰਨਜੀਤ ਸਿੰਘ ਚੰਨੀ ਵਰਗੇ ਸੀਨੀਅਰ ਆਗੂਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਾਰੇ ਆਗੂਆਂ ਨੂੰ ਮਿਲ ਕੇ ਕਾਂਗਰਸ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ।