ਦਰਬਾਰ ਸਾਹਿਬ ਦੇ ਸੇਵਾਦਾਰਾਂ ਨੇ ਨਿਭਾਈ ਇਮਾਨਦਾਰੀ, ਲੱਖਾਂ ਦੇ ਗਹਿਣੇ ਤੇ ₹25 ਹਜ਼ਾਰ ਨਗਦ ਸਮੇਤ ਬੈਗ ਮਾਲਕ ਨੂੰ ਕੀਤਾ ਵਾਪਸ
ਅੰਮ੍ਰਿਤਸਰ: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (ਦਰਬਾਰ ਸਾਹਿਬ) ਵਿਖੇ ਸੇਵਾ ਨਿਭਾ ਰਹੇ ਸੇਵਾਦਾਰਾਂ ਨੇ ਇੱਕ ਵਾਰ ਫਿਰ ਇਮਾਨਦਾਰੀ ਅਤੇ ਨਿਸ਼ਕਾਮ ਸੇਵਾ ਦੀ ਮਿਸਾਲ ਕਾਇਮ ਕਰਦਿਆਂ ਹਿਮਾਚਲ ਪ੍ਰਦੇਸ਼ ਤੋਂ ਦਰਸ਼ਨਾਂ ਲਈ ਆਏ ਇੱਕ ਸ਼ਰਧਾਲੂ ਪਰਿਵਾਰ ਦਾ ਖੋਇਆ ਹੋਇਆ ਬੈਗ, ਜਿਸ ਵਿੱਚ ਲੱਖਾਂ ਰੁਪਏ ਦੇ ਸੋਨੇ ਦੇ ਗਹਿਣੇ ਅਤੇ ₹25,000 ਨਗਦ ਸਨ, ਸੁਰੱਖਿਅਤ ਢੰਗ ਨਾਲ ਅਸਲ ਮਾਲਕ ਨੂੰ ਵਾਪਸ ਕਰ ਦਿੱਤਾ। ਜਾਣਕਾਰੀ ਅਨੁਸਾਰ, ਹਿਮਾਚਲ ਪ੍ਰਦੇਸ਼ ਤੋਂ ਆਇਆ ਇੱਕ ਪਰਿਵਾਰ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਆਇਆ ਸੀ। ਪਰਿਕਰਮਾ ਦੌਰਾਨ ਉਨ੍ਹਾਂ ਦਾ ਕੀਮਤੀ ਸਮਾਨ ਵਾਲਾ ਬੈਗ ਗੁੰਮ ਹੋ ਗਿਆ, ਜਿਸ ਕਾਰਨ ਪਰਿਵਾਰ ਕਾਫ਼ੀ ਪਰੇਸ਼ਾਨ ਹੋ ਗਿਆ।

ਇਸ ਦੌਰਾਨ ਬੈਗ ਪਰਿਕਰਮਾ ਵਿੱਚ ਲਾਵਾਰਿਸ ਹਾਲਤ ਵਿੱਚ ਮਿਲਿਆ, ਜਿਸ ਨੂੰ ਸੇਵਾਦਾਰਾਂ ਨੇ ਤੁਰੰਤ ਸੁਰੱਖਿਆ ਪ੍ਰਬੰਧਾਂ ਅਧੀਨ ਸੀਸੀਟੀਵੀ ਕੰਟਰੋਲ ਰੂਮ ਵਿੱਚ ਪਹੁੰਚਾ ਦਿੱਤਾ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ ਨੇ ਦੱਸਿਆ ਕਿ ਬੈਗ ਵਿੱਚ ਮੌਜੂਦ ਜਾਣਕਾਰੀ ਦੇ ਆਧਾਰ ‘ਤੇ ਸ਼ਰਧਾਲੂ ਪਰਿਵਾਰ ਨਾਲ ਸੰਪਰਕ ਕੀਤਾ ਗਿਆ। ਲੋੜੀਂਦੀ ਪਛਾਣ ਅਤੇ ਜਾਂਚ ਤੋਂ ਬਾਅਦ ਬੈਗ ਅਤੇ ਉਸ ਵਿੱਚ ਪਿਆ ਸਾਰਾ ਕੀਮਤੀ ਸਮਾਨ ਪਰਿਵਾਰ ਨੂੰ ਸੁਰੱਖਿਅਤ ਵਾਪਸ ਸੌਂਪ ਦਿੱਤਾ ਗਿਆ। ਕਾਹਲਵਾਂ ਨੇ ਕਿਹਾ ਕਿ ਦਰਬਾਰ ਸਾਹਿਬ ਵਿਖੇ ਸੇਵਾਦਾਰ ਦਿਨ-ਰਾਤ ਪੂਰੀ ਇਮਾਨਦਾਰੀ, ਜ਼ਿੰਮੇਵਾਰੀ ਅਤੇ ਸੇਵਾ ਭਾਵਨਾ ਨਾਲ ਆਪਣੀ ਡਿਊਟੀ ਨਿਭਾਉਂਦੇ ਹਨ। ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਗਹਿਣੇ, ਨਗਦੀ ਅਤੇ ਹੋਰ ਕੀਮਤੀ ਸਮਾਨ ਆਪਣੇ ਨਾਲ ਲਿਜਾਣ ਦੀ ਬਜਾਏ ਗੁਰੂ ਘਰ ਵੱਲੋਂ ਬਣਾਏ ਗਏ ਸੁਰੱਖਿਅਤ ਜਮ੍ਹਾਂ ਕਾਊਂਟਰਾਂ ‘ਤੇ ਰੱਖਵਾਉਣ, ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ।

ਬੈਗ ਦੇ ਮਾਲਕ ਰਮੇਸ਼ ਕੁਮਾਰ ਨੇ ਸੇਵਾਦਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਪਤਨੀ ਬੱਚਿਆਂ ਦਾ ਧਿਆਨ ਰੱਖਦੇ ਹੋਏ ਬੈਗ ਭੁੱਲ ਗਈ ਸੀ, ਪਰ ਦਰਬਾਰ ਸਾਹਿਬ ਦੇ ਸੇਵਾਦਾਰਾਂ ਨੇ ਪੂਰੀ ਇਮਾਨਦਾਰੀ ਨਾਲ ਉਨ੍ਹਾਂ ਦਾ ਕੀਮਤੀ ਸਮਾਨ ਵਾਪਸ ਕਰਕੇ ਮਨੁੱਖਤਾ ਅਤੇ ਸੇਵਾ ਦੀ ਮਿਸਾਲ ਪੇਸ਼ ਕੀਤੀ।