ਗਿੱਦੜਬਾਹਾ ’ਚ 3 ਸਾਲਾ ਬੱਚੀ ਨਾਲ ਹੈਵਾਨੀਅਤ ਦਾ ਸ਼ੱਕ, ਰੇਲਵੇ ਸਟੇਸ਼ਨ ਨੇੜੇ ਜ਼ਖ਼ਮੀ ਹਾਲਤ ’ਚ ਮਿਲੀ
ਗਿੱਦੜਬਾਹਾ: ਗਿੱਦੜਬਾਹਾ ਤੋਂ ਇੱਕ ਬੇਹੱਦ ਦਰਦਨਾਕ ਅਤੇ ਚਿੰਤਾਜਨਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਕਰੀਬ 3 ਸਾਲ ਦੀ ਬੱਚੀ ਰੇਲਵੇ ਲਾਈਨਾਂ ਨੇੜੇ ਲਵਾਰਿਸ ਅਤੇ ਜ਼ਖ਼ਮੀ ਹਾਲਤ ਵਿੱਚ ਮਿਲੀ। ਬੱਚੀ ਨੂੰ ਦੇਖਣ ਤੋਂ ਬਾਅਦ ਸਥਾਨਕ ਲੋਕਾਂ ਨੇ ਤੁਰੰਤ ਸਮਾਜ ਸੇਵੀਆਂ ਅਤੇ NGO ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ ਬੱਚੀ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ।
ਬੱਚੀ ਦੇ ਸਰੀਰ ’ਤੇ ਸੱਟਾਂ ਦੇ ਨਿਸ਼ਾਨ
ਹਸਪਤਾਲ ਦੇ ਡਾਕਟਰਾਂ ਮੁਤਾਬਕ ਬੱਚੀ ਦੇ ਸਰੀਰ ’ਤੇ ਸੱਟਾਂ ਦੇ ਨਿਸ਼ਾਨ ਪਾਏ ਗਏ ਹਨ। ਮੈਡੀਕਲ ਜਾਂਚ ਦੌਰਾਨ ਬੱਚੀ ਦੇ ਮੂੰਹ ਅਤੇ ਗੁਪਤ ਅੰਗਾਂ ਦੇ ਆਲੇ-ਦੁਆਲੇ ਵੀ ਸੱਟਾਂ ਦੇ ਨਿਸ਼ਾਨ ਮਿਲੇ ਹਨ। ਇਸ ਕਾਰਨ ਡਾਕਟਰਾਂ ਵੱਲੋਂ ਬੱਚੀ ਨਾਲ ਜਿਨਸੀ ਸ਼ੋਸ਼ਣ ਹੋਣ ਦਾ ਸ਼ੱਕ ਜਤਾਇਆ ਗਿਆ ਹੈ।ਹਾਲਾਂਕਿ ਅਧਿਕਾਰੀਆਂ ਅਤੇ ਡਾਕਟਰਾਂ ਨੇ ਸਪੱਸ਼ਟ ਕੀਤਾ ਹੈ ਕਿ ਮਾਮਲੇ ਦੀ ਪੂਰੀ ਸੱਚਾਈ ਮੈਡੀਕਲ ਜਾਂਚ ਅਤੇ ਪੁਲਿਸ ਤਫਤੀਸ਼ ਤੋਂ ਬਾਅਦ ਹੀ ਸਾਹਮਣੇ ਆਵੇਗੀ।

ਤਿੰਨ ਡਾਕਟਰਾਂ ਦਾ ਬੋਰਡ ਬਣਾਇਆ
ਬੱਚੀ ਦੀ ਹਾਲਤ ਨੂੰ ਦੇਖਦਿਆਂ ਡਾਕਟਰਾਂ ਦੀ ਤਿੰਨ ਮੈਂਬਰੀ ਟੀਮ ਬਣਾਈ ਗਈ ਹੈ, ਜੋ ਮਾਮਲੇ ਦੀ ਬਰੀਕੀ ਨਾਲ ਜਾਂਚ ਕਰ ਰਹੀ ਹੈ। ਹਸਪਤਾਲ ਪ੍ਰਬੰਧਨ ਮੁਤਾਬਕ ਇਸ ਸਮੇਂ ਬੱਚੀ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ ਅਤੇ ਉਸਦਾ ਇਲਾਜ ਜਾਰੀ ਹੈ।
ਪਰਿਵਾਰ ਨਾਲ ਜੁੜੀ ਜਾਣਕਾਰੀ ਵੀ ਸਾਹਮਣੇ ਆਈ
ਰਿਪੋਰਟ ਮੁਤਾਬਕ ਬੱਚੀ ਦਾ ਪਰਿਵਾਰ ਮਲੋਟ ਨਾਲ ਸਬੰਧਤ ਹੈ ਅਤੇ ਆਰਥਿਕ ਤੌਰ ’ਤੇ ਕਾਫ਼ੀ ਕਮਜ਼ੋਰ ਹੈ। ਬੱਚੀ ਆਪਣੇ ਪਿਤਾ ਤੋਂ ਵੱਖ ਆਪਣੀ ਮਾਂ ਨਾਲ ਰਹਿ ਰਹੀ ਸੀ। ਬੱਚੀ ਦੇ ਪਿਤਾ ਮੁਤਾਬਕ ਉਸਦੇ ਪੰਜ ਬੱਚੇ ਹਨ ਅਤੇ ਲਗਭਗ ਡੇਢ ਮਹੀਨਾ ਪਹਿਲਾਂ ਉਸਦੀ ਪਤਨੀ 3 ਸਾਲਾ ਬੱਚੀ ਨੂੰ ਆਪਣੇ ਨਾਲ ਮਲੋਟ ਲੈ ਗਈ ਸੀ।
ਪੁਲਿਸ ਨੇ ਸ਼ੁਰੂ ਕੀਤੀ ਜਾਂਚ
ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਸਥਾਨਕ ਪੁਲਿਸ ਨੇ ਮਾਮਲੇ ਦਾ ਨੋਟਿਸ ਲੈਂਦਿਆਂ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਘਟਨਾ ਨਾਲ ਜੁੜੇ ਹਾਲਾਤਾਂ ਅਤੇ ਬੱਚੀ ਦੇ ਰੇਲਵੇ ਸਟੇਸ਼ਨ ਨੇੜੇ ਪਹੁੰਚਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।ਪੁਲਿਸ ਦਾ ਕਹਿਣਾ ਹੈ ਕਿ ਮੈਡੀਕਲ ਰਿਪੋਰਟ ਅਤੇ ਜਾਂਚ ਤੋਂ ਬਾਅਦ ਹੀ ਮਾਮਲੇ ਦੀ ਪੂਰੀ ਤਸਵੀਰ ਸਪੱਸ਼ਟ ਹੋਵੇਗੀ। ਜੇਕਰ ਜਾਂਚ ਵਿੱਚ ਕਿਸੇ ਵਿਅਕਤੀ ਦੀ ਸ਼ਮੂਲੀਅਤ ਸਾਹਮਣੇ ਆਉਂਦੀ ਹੈ ਤਾਂ ਉਸ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।ਇਸ ਘਟਨਾ ਨੇ ਇਲਾਕੇ ਵਿੱਚ ਚਿੰਤਾ ਪੈਦਾ ਕਰ ਦਿੱਤੀ ਹੈ ਅਤੇ ਲੋਕਾਂ ਵੱਲੋਂ ਬੱਚੀ ਲਈ ਇਨਸਾਫ਼ ਅਤੇ ਦੋਸ਼ੀ ਦੀ ਪਛਾਣ ਹੋਣ ’ਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।