ਪੰਜਾਬ ‘ਚ ਸਕੂਲ ਬੱਸਾਂ ਦਾ ਅੱਜ ਚੱਕਾ ਜਾਮ, ਜਾਣੋ ਕੀ ਹਨ ਆਪਰੇਟਰਾਂ ਦੀਆਂ ਵੱਡੀਆਂ ਮੰਗਾਂ
ਪੰਜਾਬ ‘ਚ ਸਕੂਲ ਬੱਸਾਂ ਦਾ ਅੱਜ ਚੱਕਾ ਜਾਮ, ਜਾਣੋ ਕੀ ਹਨ ਆਪਰੇਟਰਾਂ ਦੀਆਂ ਵੱਡੀਆਂ ਮੰਗਾਂ
ਪਿਛਲੇ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਸਕੂਲ ਅਤੇ ਕਾਲਜ ਵੈਨ ਐਸੋਸੀਏਸ਼ਨ ਦੀਆਂ ਮੰਗਾਂ ਨੂੰ ਲੈ ਕੇ ਅੱਜ ਤਿੰਨ ਸਤੰਬਰ ਨੂੰ ਪੰਜਾਬ ਵਿੱਚ ਕਈ ਜਗ੍ਹਾ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਗਿਆ। ਸਕੂਲ-ਕਾਲਜ ਬੱਸ ਆਪਰੇਟਰਜ਼ ਐਸੋਸੀਏਸ਼ਨ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਪਰਮਿਟ ਰੋਡ ਟੈਕਸ ਸਣੇ ਹੋਰਨਾਂ ਮੰਗਾਂ ਨੂੰ ਲੈ ਕੇ ਲਗਾਤਾਰ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਸਨ ਪਰ ਸੁਣਵਾਈ ਨਾ ਹੁੰਦੀ ਦੇਖ ਕੇ ਇਨ੍ਹਾਂ ਵੱਲੋਂ 3 ਸਤੰਬਰ ਨੂੰ ਆਪਣੀਆਂ ਸਕੂਲ ਅਤੇ ਕਾਲਜ ਦੀਆਂ ਵੈਨਾਂ ਦਾ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਗਿਆ ਹੈ।
ਬਠਿੰਡਾ ਦੀ ਦਾਣਾ ਮੰਡੀ ਵਿੱਚ ਮਹਾਂ ਰੈਲੀ
ਸਕੂਲ ਅਤੇ ਕਾਲਜ ਬੱਸ ਚਾਲਕਾਂ ਅਤੇ ਟਰਾਂਸਪੋਰਟਰਾਂ ਵੱਲੋਂ ਹੜਤਾਲ ਕਰਕੇ ਬਠਿੰਡਾ ਦੀ ਦਾਣਾ ਮੰਡੀ ਵਿੱਚ ਮਹਾਂ-ਪੰਚਾਇਤ ਕੀਤੀ ਗਈ। ਇਸ ਦੌਰਾਨ ਆਪਰੇਟਰਾਂ ਨੇ ਸਰਕਾਰ ਖ਼ਿਲਾਫ਼ ਆਪਣਾ ਰੋਸ ਜ਼ਾਹਰ ਕੀਤਾ ਅਤੇ ਕਿਹਾ ਕਿ ਉਨ੍ਹਾਂ ਦੀਆਂ ਮੰਗਾਂ ਨੂੰ ਲੰਮੇ ਸਮੇਂ ਤੋਂ ਅਣਗੌਲਿਆ ਕੀਤਾ ਜਾ ਰਿਹਾ ਹੈ।ਜਥੇਬੰਦੀ ਦਾ ਕਹਿਣਾ ਹੈ ਕਿ ਸਕੂਲ ਅਤੇ ਕਾਲਜ ਬੱਸਾਂ ਚਲਾਉਣ ਵਾਲੇ ਆਪਰੇਟਰਾਂ ’ਤੇ ਲਗਾਤਾਰ ਨਵੇਂ ਨਿਯਮਾਂ ਅਤੇ ਵਾਧੂ ਖਰਚਿਆਂ ਦਾ ਬੋਝ ਪਾਇਆ ਜਾ ਰਿਹਾ ਹੈ। ਉਨ੍ਹਾਂ ਮੁਤਾਬਕ ਜੇਕਰ ਸਰਕਾਰ ਵੱਲੋਂ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਵੱਡਾ ਕੀਤਾ ਜਾ ਸਕਦਾ ਹੈ।

ਪਰਮਿਟ ਅਤੇ ਟੈਕਸ ਦੀਆਂ ਦਰਾਂ ’ਤੇ ਵੱਡਾ ਇਤਰਾਜ਼
‘ਸਕੂਲ-ਕਾਲਜ ਬੱਸ ਆਪਰੇਟਰਜ਼ ਐਸੋਸੀਏਸ਼ਨ ਪੰਜਾਬ’ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਗੋਪੀ ਨੇ ਕਿਹਾ ਕਿ ਪੰਜਾਬ ਵਿੱਚ ਸਕੂਲ ਅਤੇ ਵੈਨਾਂ ਦੇ ਟੈਕਸ ਅਤੇ ਪਰਮਿਟ ਦਾ ਮਸਲਾ ਗੰਭੀਰ ਬਣਿਆ ਹੋਇਆ ਹੈ।ਉਨ੍ਹਾਂ ਦਾ ਦਾਅਵਾ ਹੈ ਕਿ ਦਿੱਲੀ, ਹਰਿਆਣਾ, ਰਾਜਸਥਾਨ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਵਰਗੇ ਗੁਆਂਢੀ ਸੂਬਿਆਂ ਵਿੱਚ ਪਰਮਿਟ ਅਤੇ ਟੈਕਸ ਦੀਆਂ ਦਰਾਂ ਪੰਜਾਬ ਦੇ ਮੁਕਾਬਲੇ ਕਾਫ਼ੀ ਘੱਟ ਹਨ। ਇਸ ਦੇ ਉਲਟ ਪੰਜਾਬ ਵਿੱਚ ਸਕੂਲ ਅਤੇ ਕਾਲਜ ਵੈਨ ਆਪਰੇਟਰਾਂ ਨੂੰ ਕਈ ਗੁਣਾ ਵੱਧ ਟੈਕਸ ਅਦਾ ਕਰਨਾ ਪੈ ਰਿਹਾ ਹੈ।ਆਪਰੇਟਰਾਂ ਦਾ ਕਹਿਣਾ ਹੈ ਕਿ ਵਧਦੇ ਟੈਕਸ, ਪਰਮਿਟ ਫੀਸ ਅਤੇ ਹੋਰ ਖਰਚਿਆਂ ਕਾਰਨ ਉਨ੍ਹਾਂ ਲਈ ਬੱਸਾਂ ਅਤੇ ਵੈਨਾਂ ਚਲਾਉਣਾ ਮੁਸ਼ਕਲ ਹੁੰਦਾ ਜਾ ਰਿਹਾ ਹੈ।
GPS ਅਤੇ ਫਾਇਰ ਸੇਫਟੀ ਦੇ ਨਿਯਮਾਂ ਨੂੰ ਲੈ ਕੇ ਵੀ ਨਾਰਾਜ਼ਗੀ
ਆਪਰੇਟਰਾਂ ਨੇ ਵਾਹਨਾਂ ਵਿੱਚ ਆਟੋਮੈਟਿਕ GPS ਅਤੇ ਅੱਗ ਬੁਝਾਊ ਪ੍ਰਬੰਧਾਂ ਨਾਲ ਸਬੰਧਤ ਨਿਯਮਾਂ ਨੂੰ ਲੈ ਕੇ ਵੀ ਆਪਣਾ ਪੱਖ ਰੱਖਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਸਕੂਲੀ ਬੱਚਿਆਂ ਦੀ ਸੁਰੱਖਿਆ ਲਈ ਲੋੜੀਂਦੇ ਪ੍ਰਬੰਧਾਂ ਦੇ ਵਿਰੋਧੀ ਨਹੀਂ ਹਨ, ਪਰ ਨਵੇਂ ਨਿਯਮ ਲਾਗੂ ਕਰਨ ਸਮੇਂ ਆਪਰੇਟਰਾਂ ’ਤੇ ਪੈਣ ਵਾਲੇ ਵਾਧੂ ਵਿੱਤੀ ਬੋਝ ਨੂੰ ਵੀ ਧਿਆਨ ਵਿੱਚ ਰੱਖਿਆ ਜਾਣਾ ਚਾਹੀਦਾ ਹੈ।ਜਥੇਬੰਦੀ ਮੁਤਾਬਕ ਨਵੀਆਂ ਬੱਸਾਂ ਦੇ ਆਪਰੇਟਰਾਂ ਨੂੰ ਵੀ ਵੱਖ-ਵੱਖ ਸੁਰੱਖਿਆ ਅਤੇ ਤਕਨੀਕੀ ਪ੍ਰਬੰਧਾਂ ਕਾਰਨ ਹਰ ਮਹੀਨੇ ਵਾਧੂ ਖਰਚਾ ਝੱਲਣਾ ਪੈ ਰਿਹਾ ਹੈ। ਆਪਰੇਟਰਾਂ ਦਾ ਦਾਅਵਾ ਹੈ ਕਿ ਇਹ ਵਾਧੂ ਖਰਚਾ ਕਰੀਬ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਤੱਕ ਪਹੁੰਚ ਰਿਹਾ ਹੈ।
ਤਿੰਨ ਜ਼ਿਲ੍ਹਿਆਂ ਵਿੱਚ ਸਾਰੇ ਪ੍ਰਾਈਵੇਟ ਸਕੂਲ ਬੰਦ
ਸਕੂਲ ਬੱਸ ਅਤੇ ਵੈਨ ਆਪਰੇਟਰਾਂ ਦੀ ਮਹਾਂ-ਪੰਚਾਇਤ ਦੇ ਮੱਦੇਨਜ਼ਰ ਪੰਜਾਬ ਦੇ ਬਠਿੰਡਾ, ਮਾਨਸਾ ਅਤੇ ਬਰਨਾਲਾ ਜ਼ਿਲ੍ਹਿਆਂ ਵਿੱਚ ਅੱਜ ਸਾਰੇ ਪ੍ਰਾਈਵੇਟ ਸਕੂਲ ਬੰਦ ਰੱਖੇ ਗਏ ਹਨ। ਇਹ ਫੈਸਲਾ ਫੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨਜ਼ ਆਫ ਪੰਜਾਬ (FAP) ਵੱਲੋਂ ਲਿਆ ਗਿਆ ਹੈ।ਸਕੂਲ ਬੰਦ ਰਹਿਣ ਕਾਰਨ ਇਨ੍ਹਾਂ ਜ਼ਿਲ੍ਹਿਆਂ ਵਿੱਚ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਵੀ ਅੱਜ ਸਕੂਲਾਂ ਨਾਲ ਜੁੜੀ ਆਪਣੀ ਰੁਟੀਨ ਵਿੱਚ ਬਦਲਾਅ ਕਰਨਾ ਪਿਆ।
ਸਰਕਾਰ ਨੂੰ ਦਿੱਤੀ ਸੰਘਰਸ਼ ਹੋਰ ਤਿੱਖਾ ਕਰਨ ਦੀ ਚਿਤਾਵਨੀ
ਸਕੂਲ-ਕਾਲਜ ਬੱਸ ਆਪਰੇਟਰਾਂ ਦਾ ਕਹਿਣਾ ਹੈ ਕਿ 3 ਸਤੰਬਰ ਦਾ ਚੱਕਾ ਜਾਮ ਅਤੇ ਬਠਿੰਡਾ ਵਿੱਚ ਮਹਾਂ-ਪੰਚਾਇਤ ਸਰਕਾਰ ਤੱਕ ਆਪਣੀ ਆਵਾਜ਼ ਪਹੁੰਚਾਉਣ ਲਈ ਕੀਤੀ ਗਈ ਹੈ। ਉਨ੍ਹਾਂ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ’ਤੇ ਸਰਕਾਰ ਵੱਲੋਂ ਗੰਭੀਰਤਾ ਨਾਲ ਵਿਚਾਰ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾ ਸਕਦਾ ਹੈ।ਹੁਣ ਦੇਖਣਾ ਹੋਵੇਗਾ ਕਿ ਸਕੂਲ ਅਤੇ ਕਾਲਜ ਬੱਸ ਆਪਰੇਟਰਾਂ ਦੇ ਇਸ ਵੱਡੇ ਰੋਸ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਕੀ ਕਦਮ ਚੁੱਕਿਆ ਜਾਂਦਾ ਹੈ ਅਤੇ ਪਰਮਿਟ, ਟੈਕਸ ਅਤੇ ਹੋਰ ਮੰਗਾਂ ਨੂੰ ਲੈ ਕੇ ਕੋਈ ਹੱਲ ਕੱਢਿਆ ਜਾਂਦਾ ਹੈ ਜਾਂ ਨਹੀਂ।





