ਮੋਹਨਜੀਤ ਸਿੰਘ ਦੀ ਵਿਗੜੀ ਸਿਹਤ, ਰਜਿੰਦਰਾ ਹਸਪਤਾਲ ਬਣਿਆ ਪੁਲਿਸ ਛਾਉਣੀ, ਭੜਕਿਆ ਪਰਿਵਾਰ !
ਮੋਹਨਜੀਤ ਸਿੰਘ ਦੀ ਵਿਗੜੀ ਸਿਹਤ, ਰਜਿੰਦਰਾ ਹਸਪਤਾਲ ਬਣਿਆ ਪੁਲਿਸ ਛਾਉਣੀ, ਭੜਕਿਆ ਪਰਿਵਾਰ !
ਪਟਿਆਲਾ: ਹਲਕਾ ਸੁਨਾਮ ਦੇ ਪਿੰਡ ਸ਼ੇਰੋਂ ਵਿਖੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਫੇਰੀ ਦੌਰਾਨ ਕਾਲੀਆਂ ਝੰਡੀਆਂ ਦਿਖਾਉਣ ਵਾਲੇ ਮੋਹਨਜੀਤ ਸਿੰਘ ਨੂੰ ਐਤਵਾਰ ਨੂੰ ਸਰਕਾਰੀ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਦਾਖ਼ਲ ਕਰਵਾਇਆ ਗਿਆ। ਮੋਹਨਜੀਤ ਸਿੰਘ ਪਹਿਲਾਂ ਸਿਵਲ ਹਸਪਤਾਲ ਵਿੱਚ ਜੇਰੇ ਇਲਾਜ ਸਨ।
ਪੁਲਿਸ ਛਾਉਣੀ ‘ਚ ਤਬਦੀਲ ਰਜਿੰਦਰਾ ਹਸਪਤਾਲ
ਮੋਹਨਜੀਤ ਸਿੰਘ ਨੂੰ ਰਜਿੰਦਰਾ ਹਸਪਤਾਲ ਲਿਆਂਦੇ ਜਾਣ ਮੌਕੇ ਹਸਪਤਾਲ ਦੇ ਬਾਹਰ ਅਤੇ ਐਮਰਜੈਂਸੀ ਵਾਰਡ ਦੇ ਆਸ-ਪਾਸ ਵੱਡੀ ਗਿਣਤੀ ਵਿੱਚ ਪੁਲਿਸ ਬਲ ਤਾਇਨਾਤ ਕੀਤਾ ਗਿਆ ਸੀ। ਐਸਪੀ ਸਿਟੀ ਮੋਹਿਤ ਅਗਰਵਾਲ ਦੀ ਅਗਵਾਈ ਹੇਠ ਪੁਲਿਸ ਦੀ ਤਾਇਨਾਤੀ ਕਾਰਨ ਹਸਪਤਾਲ ਦਾ ਮਾਹੌਲ ਕਾਫ਼ੀ ਸਖ਼ਤ ਨਜ਼ਰ ਆਇਆ।
ਪਰਿਵਾਰਕ ਮੈਂਬਰਾਂ ਦੀ ਪੁਲਿਸ ਨਾਲ ਬਹਿਸ
ਪੁਲਿਸ ਵੱਲੋਂ ਮਰੀਜ਼ ਤੋਂ ਇਲਾਵਾ ਹੋਰ ਵਿਅਕਤੀਆਂ ਨੂੰ ਐਮਰਜੈਂਸੀ ਵਾਰਡ ਵਿੱਚ ਜਾਣ ਦੀ ਇਜਾਜ਼ਤ ਨਾ ਦਿੱਤੇ ਜਾਣ ਕਾਰਨ ਪਰਿਵਾਰਕ ਮੈਂਬਰਾਂ ਅਤੇ ਭਾਜਪਾ ਆਗੂਆਂ ਦੀ ਪੁਲਿਸ ਅਧਿਕਾਰੀਆਂ ਨਾਲ ਬਹਿਸ ਵੀ ਹੋਈ।ਪਿਛਲੇ 3 ਕੁ ਦਿਨਾਂ ਤੋਂ ਮੋਹਨਜੀਤ ਠੀਕ ਠਾਕ ਸੀ।ਅੱਜ ਸਵੇਰੇ ਜਦੋਂ ਅਸੀਂ ਧਰਨੇ ਵਿੱਚ ਸੀ। ਸਾਨੂੰ ਉੱਥੇ ਪਤਾ ਲੱਗਿਆ ਕਿ ਉਸਦੀ ਸਿਹਤ ਵਿਗੜ ਗਈ ਅਤੇ ਜਦੋਂ ਅਸੀਂ ਹਸਪਤਾਲ ਆ ਕੇ ਦੇਖਿਆ ਤਾਂ ਉਸਦ ਸਿਹਤ ਕਾਫੀ ਵਿਗੜੀ ਦਿਖਾਈ ਦਿੱਤੀ। ਇਸ ਸਬੰਧੀ ਅਸੀਂ ਡਾਕਟਰਾਂ ਤੋਂ ਜਾਣਕਾਰੀ ਵੀ ਲਈ ਕਿ ਕੀ ਮੋਹਨਜੀਤ ਨੂੰ ਟੀਕਾ ਲਗਾਇਆ ਗਿਆ ਹੈ ਜਾਂ ਕੋਈ ਹੋਰ ਦਵਾਈ ਦਿੱਤੀ ਗਈ ਹੈ ਜਿਸ ਕਰਕੇ ਇਸ ਦੀ ਸਿਹਤ ਵਿੱਚ ਇਨਾਂ ਵਿਗਾੜ ਆਇਆ ਹੈ। ਪਰ ਉਨ੍ਹਾਂ ਨੇ ਸਾਫ ਮਨਾ ਕਰ ਦਿੱਤਾ ਅਤੇ ਇਸ ਦੌਰਾਨ ਡਾਕਟਰਾਂ ਵੱਲੋਂ ਮੋਹਨਜੀਤ ਨੂੰ ਪਟਿਆਲਾ ਰੈਫਰ ਕਰਨ ਦੀ ਗੱਲ ਕਹੀ ਗਈ। ਇਹ ਸਾਰਾ ਸਰਕਾਰ ਵੱਲੋਂ ਪੈਂਤੜਾ ਖੇਡਿਆ ਗਿਆ ਹੈ। ਜੇਕਰ ਸਿਰ ਵਿੱਚ ਸੱਟ ਸੀ ਤਾਂ ਪਹਿਲਾਂ ਕਿਉਂ ਨਹੀਂ ਦੱਸਿਆ ਗਿਆ ਜਾਂ ਫਿਰ ਪਤਾ ਨਹੀਂ ਲੱਗਿਆ? ਅਸੀਂ ਮੋਹਨਜੀਤ ਨੂੰ ਪੀਜੀਆਈ ਲਿਜਾਣਾ ਚਾਹੁੰਦੇ ਹਾਂ ਪਰ ਜਾਣ ਬੁੱਝ ਰੈਫਰਲ ਰਜਿੰਦਰਾ ਦਾ ਪਾਇਆ ਗਿਆ ਹੈ ਅਤੇ ਇੱਥੇ ਲਿਆਂਦਾ ਗਿਆ ਹੈ।”–ਪਰਿਵਾਰਕ ਮੈਂਬਰ

ਪਰਿਵਾਰ ਨੇ ਚੁੱਕੇ ਸਵਾਲ
ਸੰਗਰੂਰ ਤੋਂ ਜਾਣਬੁੱਝ ਕੇ ਪਟਿਆਲਾ ਲਿਆਂਦਾ?
ਰਜਿੰਦਰਾ ਹਸਪਤਾਲ ਪਹੁੰਚੇ ਭਾਜਪਾ ਆਗੂ ਦਮਨ ਬਾਜਵਾ ਨੇ ਇਲਜ਼ਾਮ ਲਗਾਇਆ ਕਿ “ਪੰਜਾਬ ਸਰਕਾਰ ਦੇ ਇਸ਼ਾਰਿਆਂ ’ਤੇ ਮੋਹਨਜੀਤ ਸਿੰਘ ਨੂੰ ਸੰਗਰੂਰ ਤੋਂ ਜਾਣਬੁੱਝ ਕੇ ਪਟਿਆਲਾ ਦੇ ਰਜਿੰਦਰਾ ਹਸਪਤਾਲ ਭੇਜਿਆ ਗਿਆ ਹੈ। ਸੰਗਰੂਰ ਵਿੱਚ ਸੰਘਰਸ਼ ਕਮੇਟੀ ਦੇ ਧਰਨੇ ਕਾਰਨ ਸਰਕਾਰ ਅਤੇ ਪੁਲਿਸ ’ਤੇ ਦਬਾਅ ਬਣਿਆ ਹੋਇਆ ਹੈ ਅਤੇ ਇਸੇ ਕਾਰਨ ਇਹ ਕਦਮ ਚੁੱਕਿਆ ਗਿਆ ਹੈ।
ਮਾਮਲੇ ਨੂੰ ਦਬਾਉਣ ਦੇ ਇਲਜ਼ਾਮ
ਦਮਨ ਬਾਜਵਾ ਨੇ ਇਲਜ਼ਾਮ ਲਗਾਇਆ ਕਿ “ਪੁਲਿਸ ਨੇ ਪਹਿਲਾਂ ਮੋਹਨਜੀਤ ਸਿੰਘ ਨਾਲ ਮੁਲਾਕਾਤ ਨਹੀਂ ਕਰਨ ਦਿੱਤੀ ਅਤੇ ਬਾਅਦ ਵਿੱਚ ਜਦੋਂ ਚਾਰ ਵਿਅਕਤੀਆਂ ਨੂੰ ਅੰਦਰ ਜਾਣ ਦੀ ਇਜਾਜ਼ਤ ਦਿੱਤੀ ਗਈ ਤਾਂ ਉਨ੍ਹਾਂ ਨੂੰ ਵੀ ਰਸਤੇ ਵਿੱਚ ਰੋਕਿਆ ਗਿਆ। ਸਰਕਾਰ ਵੱਲੋਂ ਮਾਮਲੇ ਨੂੰ ਦਬਾਉਣ ਲਈ ਕਥਿਤ ਤੌਰ ’ਤੇ ਅਜਿਹੇ ਹਥਕੰਡੇ ਅਪਣਾਏ ਜਾ ਰਹੇ ਹਨ।”
ਪੁਲਿਸ ਨੇ ਕਿਹਾ-ਕਾਨੂੰਨ-ਵਿਵਸਥਾ ਲਈ ਕੀਤੀ ਤਾਇਨਾਤੀ
ਐਸਪੀ ਸਿਟੀ ਮੋਹਿਤ ਅਗਰਵਾਲ ਨੇ ਕਿਹਾ ਕਿ “ਹਸਪਤਾਲ ਵਿੱਚ ਕਾਨੂੰਨ-ਵਿਵਸਥਾ ਦੀ ਸਥਿਤੀ ਕਾਬੂ ਹੇਠ ਰੱਖਣ ਲਈ ਐਮਰਜੈਂਸੀ ਵਾਰਡ ਵਿੱਚ ਜ਼ਿਆਦਾ ਵਿਅਕਤੀਆਂ ਨੂੰ ਦਾਖ਼ਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਹਸਪਤਾਲ ਵਿੱਚ ਹੋਰ ਵੀ ਮਰੀਜ਼ ਦਾਖ਼ਲ ਹਨ, ਇਸ ਲਈ ਭੀੜ ਨੂੰ ਕਾਬੂ ਵਿੱਚ ਰੱਖਣਾ ਜ਼ਰੂਰੀ ਸੀ।”
ਮੋਹਨਜੀਤ ਸਿੰਘ ਨੇ ਪੁਲਿਸ ‘ਤੇ ਲਗਾਏ ਸੀ ਗੰਭੀਰ ਇਲਜ਼ਾਮ
ਦਰਅਸਲ 2 ਸਤੰਬਰ ਨੂੰ ਸੰਗਰੂਰ ਦੇ ਪਿੰਡ ਸ਼ੇਰੋਂ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਲੋਕ ਮਿਲਣੀ ਦਾ ਪ੍ਰੋਗਰਾਮ ਸੀ। ਜਦੋਂ ਮੁੱਖ ਮੰਤਰੀ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ ਤਾਂ ਮੋਹਨਜੀਤ ਸਿੰਘ ਵੱਲੋਂ ਪ੍ਰੋਗਰਾਮ ਵਾਲੀ ਥਾਂ ਤੋਂ ਕਰੀਬ 200 ਮੀਟਰ ਦੂਰ ਇੱਕ ਘਰ ਦੀ ਛੱਤ ਤੋਂ ਕਾਲਾ ਝੰਡਾ ਦਿਖਾ ਕੇ ਮੁੱਖ ਮੰਤਰੀ ਦਾ ਵਿਰੋਧ ਕੀਤਾ ਗਿਆ ਸੀ। ਨੌਜਵਾਨ ਵੱਲੋਂ ਨਾਅਰੇਬਾਜ਼ੀ ਵੀ ਕੀਤੀ ਗਈ। ਇਸ ਤੋਂ ਬਾਅਦ ਪੁਲਿਸ ਵੱਲੋਂ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਸੀ। ਇਸ ਤੋਂ ਬਾਅਦ ਮੋਹਨਜੀਤ ਵੱਲੋਂ ਪੁਲਿਸ ਹਿਰਾਸਤ ਵਿੱਚ ਉਸ ਨਾਲ ਬੇਰਹਿਮ ਤਰੀਕੇ ਨਾਲ ਕੁੱਟਮਾਰ ਦੇ ਇਲਜ਼ਾਮ ਲਗਾਏ ਗਏ ਸਨ ਜਿਸ ਤੋਂ ਬਾਅਦ ਇਹ ਮਾਮਲਾ ਲਗਾਤਾਰ ਭਖਦਾ ਜਾ ਰਿਹਾ ਹੈ।





