BBMB ’ਚ 2500 ਅਹੁਦੇ ਖਾਲੀ, ਭਾਜਪਾ ਨੇ ਪੰਜਾਬ ਸਰਕਾਰ ’ਤੇ ਚੁੱਕੇ ਸਵਾਲ
ਅੰਮ੍ਰਿਤਸਰ : ਭਾਜਪਾ ਦਫ਼ਤਰ ਅੰਮ੍ਰਿਤਸਰ ਵਿਖੇ ਸਾਬਕਾ ਰਾਜ ਸਭਾ ਮੈਂਬਰ ਅਤੇ ਭਾਜਪਾ ਆਗੂ ਸ਼ਵੇਤ ਮਲਿਕ ਨੇ ਪ੍ਰੈੱਸ ਕਾਨਫਰੰਸ ਕਰਦਿਆਂ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ’ਤੇ ਤਿੱਖੇ ਸਿਆਸੀ ਹਮਲੇ ਕੀਤੇ। ਸ਼ਵੇਤ ਮਲਿਕ ਨੇ ਆਪਣੀ ਪ੍ਰੈੱਸ ਵਾਰਤਾ ਦਾ ਮੁੱਖ ਮੁੱਦਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ (BBMB) ਵਿੱਚ ਪੰਜਾਬ ਦੇ ਹਿੱਸੇ ਦੇ ਅਹੁਦਿਆਂ ਦੀ ਕਥਿਤ ਖਾਲੀ ਪਈ ਗਿਣਤੀ ਨੂੰ ਬਣਾਇਆ।ਸ਼ਵੇਤ ਮਲਿਕ ਨੇ ਕਿਹਾ ਕਿ “ਪੰਜਾਬ ਸੜ ਰਿਹਾ ਹੈ ਅਤੇ ਭਗਵੰਤ ਮਾਨ ਬਾਂਸੁਰੀ ਵਜਾ ਰਹੇ ਹਨ।” ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਪੰਜਾਬ ਵਿੱਚ ਕੀ ਕੁਝ ਚੱਲ ਰਿਹਾ ਹੈ, ਇਸ ਦਾ ਸਰਕਾਰ ’ਤੇ ਕੋਈ ਅਸਰ ਨਹੀਂ ਪੈ ਰਿਹਾ। ਉਨ੍ਹਾਂ ਕਿਹਾ ਕਿ ਕਿਸੇ ਵੀ ਵੱਡੀ ਸਮੱਸਿਆ ਤੋਂ ਬਾਅਦ ਪਛਤਾਉਣ ਦੀ ਬਜਾਏ ਪਹਿਲਾਂ ਹੀ ਤਿਆਰੀ ਕਰਨੀ ਚਾਹੀਦੀ ਹੈ।
BBMB ਦਾ ਮੁੱਦਾ
ਸ਼ਵੇਤ ਮਲਿਕ ਨੇ ਕਿਹਾ ਕਿ “BBMB ਪੰਜਾਬ ਲਈ ਬੇਹੱਦ ਮਹੱਤਵਪੂਰਨ ਬੋਰਡ ਹੈ, ਜੋ ਡੈਮ ਪ੍ਰਬੰਧਨ, ਪਾਣੀ ਦੀ ਵੰਡ ਅਤੇ ਹੜ੍ਹਾਂ ਨਾਲ ਜੁੜੇ ਪ੍ਰਬੰਧਾਂ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਪੰਜਾਬ ਦੇ ਹਿੱਸੇ ਦੇ ਕਰੀਬ 2500 ਅਹੁਦੇ ਖਾਲੀ ਪਏ ਹਨ ਅਤੇ ਸਰਕਾਰ ਵੱਲੋਂ ਇਨ੍ਹਾਂ ਨੂੰ ਭਰਨ ਵਿੱਚ ਲਾਪਰਵਾਹੀ ਕੀਤੀ ਗਈ। ਸਰਕਾਰ ਵੱਲੋਂ ਪਹਿਲਾਂ ਅਹੁਦੇ ਭਰਨ ਦੇ ਦਾਅਵੇ ਕੀਤੇ ਗਏ ਸਨ, ਪਰ ਹਾਲੇ ਤੱਕ ਇਹ ਅਹੁਦੇ ਨਹੀਂ ਭਰੇ ਗਏ।” ਸ਼ਵੇਤ ਮਲਿਕ ਨੇ ਇਸ ਨੂੰ ਪੰਜਾਬ ਸਰਕਾਰ ਦੀ ‘ਕਥਨੀ ਅਤੇ ਕਰਨੀ ਦੇ ਫਰਕ’ ਦੀ ਮਿਸਾਲ ਕਰਾਰ ਦਿੱਤਾ।”
ਭਾਖੜਾ ਬੋਰਡ ਨੂੰ ਲੈ ਕੇ ਪੰਜਾਬ ਸਰਕਾਰ ’ਤੇ ਨਿਸ਼ਾਨਾ
ਭਾਜਪਾ ਆਗੂ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ (BBMB) ਨੂੰ ਬੇਹੱਦ ਮਹੱਤਵਪੂਰਨ ਦੱਸਦਿਆਂ ਸਟਾਫ ਨਾਲ ਜੁੜੇ ਮੁੱਦੇ ਨੂੰ ਚੁੱਕਿਆ। ਉਨ੍ਹਾਂ ਕਿਹਾ ਕਿ ਬੋਰਡ ਵਿੱਚ ਸਟਾਫ ਦੀ ਹਿੱਸੇਦਾਰੀ ਤਹਿਤ ਪੰਜਾਬ ਦਾ 52 ਫੀਸਦੀ ਅਤੇ ਹਰਿਆਣਾ ਦਾ 48 ਫੀਸਦੀ ਹਿੱਸਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਹਰਿਆਣਾ ਸਰਕਾਰ ਨੇ ਆਪਣੇ ਹਿੱਸੇ ਦਾ ਸਟਾਫ 2021 ਵਿੱਚ ਹੀ ਰੱਖ ਲਿਆ ਅਤੇ ਉਨ੍ਹਾਂ ਨੂੰ ਤਨਖਾਹਾਂ ਦਿੱਤੀਆਂ ਜਾ ਰਹੀਆਂ ਹਨ, ਜਦਕਿ ਪੰਜਾਬ ਸਰਕਾਰ ਨੇ ਆਪਣੀ ਜ਼ਿੰਮੇਵਾਰੀ ਢੰਗ ਨਾਲ ਨਹੀਂ ਨਿਭਾਈ।
‘ਭਾਖੜਾ ਬੋਰਡ ’ਚ 2500 ਅਸਾਮੀਆਂ ਖਾਲੀ’ਸ਼ਵੇਤ ਮਲਿਕ ਨੇ ਦਾਅਵਾ ਕੀਤਾ ਕਿ ਭਾਖੜਾ ਬੋਰਡ ਵਿੱਚ ਕਰੀਬ 2500 ਅਸਾਮੀਆਂ ਖਾਲੀ ਹਨ ਅਤੇ ਸਰਕਾਰੀ ਨੌਕਰੀਆਂ ਲਈ ਕੇਂਦਰ ਸਰਕਾਰ ਵੱਲੋਂ ਮਨਜ਼ੂਰੀ ਹੋਣ ਦੇ ਬਾਵਜੂਦ ਇਨ੍ਹਾਂ ਨੂੰ ਭਰਿਆ ਨਹੀਂ ਗਿਆ। ਉਨ੍ਹਾਂ ਪੰਜਾਬ ਸਰਕਾਰ ’ਤੇ ਸੂਬੇ ਨੂੰ ਆਰਥਿਕ ਤੌਰ ’ਤੇ ਕਮਜ਼ੋਰ ਕਰਨ ਦੇ ਦੋਸ਼ ਲਗਾਉਂਦਿਆਂ ਕਿਹਾ ਕਿ ਸਰਕਾਰ ਵੱਲੋਂ ਕੀਤੇ ਗਏ ‘ਬਦਲਾਅ’ ਦਾ ਲੋਕਾਂ ਨੂੰ ਲਾਭ ਨਹੀਂ ਮਿਲਿਆ।