ਨਾਭਾ ’ਚ 19 ਸਾਲਾ ਨੌਜਵਾਨ ਦੀ ਰਹੱਸਮਈ ਹਾਲਾਤਾਂ ’ਚ ਮੌਤ, ਦੋਸਤਾਂ ’ਤੇ ਪਰਿਵਾਰ ਨੇ ਜਤਾਇਆ ਸ਼ੱਕ
ਨਾਭਾ ਦੇ ਪਿੰਡ ਰੋਹਟਾ ਦੇ ਰਹਿਣ ਵਾਲੇ 19 ਸਾਲਾ ਨੌਜਵਾਨ ਅਨਮੋਲ ਸਿੰਘ ਦੀ ਰਹੱਸਮਈ ਹਾਲਾਤਾਂ ਵਿੱਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਅਨਮੋਲ ਸਿੰਘ ਪਟਿਆਲਾ ਦੇ ਮੋਦੀ ਕਾਲਜ ਵਿੱਚ BA ਫਸਟ ਈਅਰ ਦਾ ਵਿਦਿਆਰਥੀ ਸੀ।
ਪਰਿਵਾਰ ਮੁਤਾਬਕ, ਅਨਮੋਲ 10 ਸਤੰਬਰ ਨੂੰ ਆਪਣੇ ਦੋਸਤਾਂ ਨਾਲ ਇਹ ਕਹਿ ਕੇ ਘਰੋਂ ਗਿਆ ਸੀ ਕਿ ਉਹ ਜਨਮਦਿਨ ਦੀ ਪਾਰਟੀ ਵਿੱਚ ਜਾ ਰਿਹਾ ਹੈ ਅਤੇ ਜੇਕਰ ਦੇਰ ਹੋ ਗਈ ਤਾਂ ਉੱਥੇ ਹੀ ਰੁਕ ਜਾਵੇਗਾ। ਦੇਰ ਰਾਤ ਪਰਿਵਾਰ ਨਾਲ ਉਸ ਦੀ ਫੋਨ ’ਤੇ ਗੱਲ ਵੀ ਹੋਈ, ਪਰ ਇਸ ਤੋਂ ਬਾਅਦ ਉਸ ਦਾ ਫੋਨ ਬੰਦ ਹੋ ਗਿਆ।
11 ਸਤੰਬਰ ਨੂੰ ਥਾਣਾ ਸਦਰ ਪੁਲਿਸ ਵੱਲੋਂ ਪਰਿਵਾਰ ਨੂੰ ਸੂਚਿਤ ਕੀਤਾ ਗਿਆ ਕਿ ਅਨਮੋਲ ਸਿੰਘ ਦੀ ਲਾਸ਼ ਪਿੰਡ ਅਗੇਤੀ ਦੇ ਇੱਕ ਘਰ ਵਿੱਚੋਂ ਮਿਲੀ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਨਾਭਾ ਵਿਖੇ ਰਖਵਾਇਆ ਹੈ।ਪਰਿਵਾਰ ਵੱਲੋਂ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਅਨਮੋਲ ਨੂੰ ਉਸ ਦੇ ਦੋਸਤਾਂ ਵੱਲੋਂ ਘਰ ਵਿੱਚ ਛੱਡ ਕੇ ਚਲੇ ਜਾਣਾ ਕਈ ਸਵਾਲ ਖੜ੍ਹੇ ਕਰਦਾ ਹੈ। ਪਰਿਵਾਰ ਨੇ ਨਸ਼ੇ ਦੀ ਓਵਰਡੋਜ਼ ਦੀ ਸੰਭਾਵਨਾ ’ਤੇ ਵੀ ਚਿੰਤਾ ਜਤਾਈ ਹੈ, ਹਾਲਾਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਜਾਣਕਾਰੀ ਮੁਤਾਬਕ ਅਨਮੋਲ ਨਸ਼ਾ ਨਹੀਂ ਕਰਦਾ ਸੀ।
ਮ੍ਰਿਤਕ ਦੇ ਪਿਤਾ ਦਰਸ਼ਨ ਸਿੰਘ ਅਤੇ ਪਿੰਡ ਦੇ ਸਰਪੰਚ ਲਖਵਿੰਦਰ ਸਿੰਘ ਨੇ ਪੁਲਿਸ ਤੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਕੇ ਜੇਕਰ ਕੋਈ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਮੁਤਾਬਕ ਅਨਮੋਲ ਦੀ ਲਾਸ਼ ਉਸ ਦੇ ਦੋਸਤ ਦੇ ਘਰ ਵਿੱਚੋਂ ਮਿਲੀ, ਜਦਕਿ ਉਸ ਦਾ ਦੋਸਤ ਅਤੇ ਉਸ ਦੀ ਮਾਂ ਉੱਥੋਂ ਚਲੇ ਗਏ ਸਨ।
ਉੱਥੇ ਹੀ ਮਾਮਲੇ ਦੀ ਜਾਂਚ ਕਰ ਰਹੇ ਜਾਂਚ ਅਧਿਕਾਰੀ ਸਰਬਜੀਤ ਸਿੰਘ ਨੇ ਦੱਸਿਆ ਕਿ 19 ਸਾਲਾ ਅਨਮੋਲ ਸਿੰਘ ਦੀ ਲਾਸ਼ ਪਿੰਡ ਅਗੇਤੀ ਦੇ ਇੱਕ ਘਰ ਵਿੱਚੋਂ ਮਿਲੀ ਹੈ। ਪੁਲਿਸ ਪਰਿਵਾਰ ਵੱਲੋਂ ਦਿੱਤੇ ਬਿਆਨਾਂ ਦੇ ਆਧਾਰ ’ਤੇ ਕਾਰਵਾਈ ਕਰ ਰਹੀ ਹੈ।
ਨਸ਼ੇ ਦੀ ਓਵਰਡੋਜ਼ ਬਾਰੇ ਪੁੱਛੇ ਜਾਣ ’ਤੇ ਜਾਂਚ ਅਧਿਕਾਰੀ ਨੇ ਕਿਹਾ ਕਿ ਮੌਤ ਦੇ ਅਸਲ ਕਾਰਨਾਂ ਦਾ ਪਤਾ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਲੱਗੇਗਾ।