ਹਰਮਨ ਬਰਾੜ ਨੇ ਤੋੜੀ ਚੁੱਪੀ, ਪਰਮੀਸ਼ ਵਰਮਾ ਨਾਲ ਰਿਸ਼ਤੇ ’ਤੇ ਦਿੱਤਾ ਸਪੱਸ਼ਟੀਕਰਨ
ਪੰਜਾਬੀ ਮਾਡਲ ਅਤੇ ਅਦਾਕਾਰਾ ਹਰਮਨ ਬਰਾੜ ਇਨ੍ਹੀਂ ਦਿਨੀਂ ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਲਗਾਤਾਰ ਚਰਚਾ ਵਿੱਚ ਹੈ। ਦੋਹਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਉਨ੍ਹਾਂ ਦੇ ਰਿਸ਼ਤੇ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਰਚਾਵਾਂ ਛਿੜ ਗਈਆਂ ਸਨ। ਹੁਣ ਇਨ੍ਹਾਂ ਚਰਚਾਵਾਂ ਅਤੇ ਟਰੋਲਿੰਗ ਵਿਚਕਾਰ ਹਰਮਨ ਬਰਾੜ ਨੇ ਖ਼ੁਦ ਅੱਗੇ ਆ ਕੇ ਆਪਣੀ ਚੁੱਪੀ ਤੋੜੀ ਹੈ ਅਤੇ ਆਪਣੇ ਰਿਸ਼ਤੇ ਬਾਰੇ ਸਪੱਸ਼ਟੀਕਰਨ ਦਿੱਤਾ ਹੈ।

ਦੱਸਿਆ ਜਾ ਰਿਹਾ ਹੈ ਕਿ ਹਰਮਨ ਅਤੇ ਪਰਮੀਸ਼ ਵਰਮਾ ਦੀ ਨੇੜਤਾ ਉਸ ਸਮੇਂ ਜ਼ਿਆਦਾ ਚਰਚਾ ਵਿੱਚ ਆਈ, ਜਦੋਂ ਦੋਹਾਂ ਨੇ ਗੀਤ ‘ਦੇਖੀ ਜਾ’ ਵਿੱਚ ਇਕੱਠੇ ਕੰਮ ਕੀਤਾ। ਇਸ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਦੋਹਾਂ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਸਾਹਮਣੇ ਆਈਆਂ, ਜਿਨ੍ਹਾਂ ਨੂੰ ਲੈ ਕੇ ਫੈਨਜ਼ ਵੱਲੋਂ ਵੱਖ-ਵੱਖ ਕਿਆਸ ਲਗਾਏ ਜਾਣ ਲੱਗੇ।
ਮਾਮਲਾ ਉਸ ਵੇਲੇ ਹੋਰ ਵੀ ਚਰਚਾ ਵਿੱਚ ਆ ਗਿਆ, ਜਦੋਂ ਅਗਸਤ ਦੇ ਆਖਰੀ ਦਿਨਾਂ ਵਿੱਚ ਪਰਮੀਸ਼ ਵਰਮਾ ਨੇ ਹਰਮਨ ਬਰਾੜ ਨਾਲ ਇੱਕ ਰੋਮਾਂਟਿਕ ਤਸਵੀਰ ਸਾਂਝੀ ਕਰਦਿਆਂ ਉਸ ਨੂੰ ਜਨਮਦਿਨ ਦੀ ਵਧਾਈ ਦਿੱਤੀ। ਇਸ ਪੋਸਟ ਤੋਂ ਬਾਅਦ ਦੋਹਾਂ ਦੇ ਰਿਸ਼ਤੇ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਕਮੈਂਟਸ ਦੀ ਬੌਛਾਰ ਆ ਗਈ। ਕੁਝ ਲੋਕਾਂ ਨੇ ਦੋਹਾਂ ਨੂੰ ਸਮਰਥਨ ਦਿੱਤਾ, ਜਦਕਿ ਕੁਝ ਯੂਜ਼ਰਜ਼ ਵੱਲੋਂ ਹਰਮਨ ਨੂੰ ‘ਹੋਮਬ੍ਰੇਕਰ’ ਕਹਿ ਕੇ ਟਰੋਲ ਵੀ ਕੀਤਾ ਗਿਆ।ਲਗਾਤਾਰ ਹੋ ਰਹੀ ਇਸ ਟਰੋਲਿੰਗ ਤੋਂ ਬਾਅਦ ਹੁਣ ਹਰਮਨ ਬਰਾੜ ਨੇ ਇੰਸਟਾਗ੍ਰਾਮ ’ਤੇ ਇੱਕ ਪੋਸਟ ਰਾਹੀਂ ਆਪਣਾ ਪੱਖ ਰੱਖਿਆ ਹੈ। ਹਰਮਨ ਨੇ ਆਪਣੇ ਜਵਾਬ ਵਿੱਚ ਕਿਹਾ ਕਿ ਉਸ ਨੂੰ ਆਪਣੇ ਆਪ ’ਤੇ ਅਤੇ ਉਸ ਵਿਅਕਤੀ ’ਤੇ ਮਾਣ ਹੈ ਜਿਸ ਨੂੰ ਉਸ ਨੇ ਆਪਣੀ ਜ਼ਿੰਦਗੀ ਲਈ ਚੁਣਿਆ ਹੈ। ਉਸ ਨੇ ਇਹ ਵੀ ਸਪੱਸ਼ਟ ਕਰਨ ਦੀ ਕੋਸ਼ਿਸ਼ ਕੀਤੀ ਕਿ ਉਹ ਕਦੇ ਕਿਸੇ ਦੇ ਪਰਛਾਵੇਂ ਹੇਠ ਨਹੀਂ ਰਹੀ ਅਤੇ ਨਾ ਹੀ ਉਸ ਦਾ ਰਿਸ਼ਤਾ ਕਿਸੇ ਤਰ੍ਹਾਂ ਦਾ ਗੁਪਤ ਰਿਸ਼ਤਾ ਸੀ।
Edited by: KULDEEP SINGH SIDHU
ਹਰਮਨ ਦੇ ਮੁਤਾਬਕ, ਦੋਹਾਂ ਨੇ ਆਪਣੇ ਰਿਸ਼ਤੇ ਨੂੰ ਲੁਕਾਉਣ ਦੀ ਬਜਾਏ ਖੁੱਲ੍ਹੇ ਤੌਰ ’ਤੇ ਸਵੀਕਾਰ ਕੀਤਾ ਹੈ। ਉਸ ਨੇ ਟਰੋਲ ਕਰਨ ਵਾਲਿਆਂ ਨੂੰ ਜਵਾਬ ਦਿੰਦਿਆਂ ਕਿਹਾ ਕਿ ਕਿਸੇ ਨੂੰ ‘ਹੋਮਬ੍ਰੇਕਰ’ ਕਹਿ ਦੇਣ ਨਾਲ ਹਕੀਕਤ ਨਹੀਂ ਬਦਲ ਜਾਂਦੀ। ਹਰਮਨ ਨੇ ਦਾਅਵਾ ਕੀਤਾ ਕਿ ਜਿਸ ਵਿਅਕਤੀ ਨਾਲ ਉਹ ਰਿਸ਼ਤੇ ਵਿੱਚ ਆਈ, ਉਹ ਉਸ ਦੀ ਜ਼ਿੰਦਗੀ ਵਿੱਚ ਆਉਣ ਤੋਂ ਪਹਿਲਾਂ ਹੀ ਕਾਨੂੰਨੀ ਤੌਰ ’ਤੇ ਵੱਖ ਹੋ ਚੁੱਕਾ ਸੀ।ਇੱਥੇ ਇਹ ਵੀ ਜ਼ਿਕਰ ਕਰਨਾ ਬਣਦਾ ਹੈ ਕਿ ਪਰਮੀਸ਼ ਵਰਮਾ ਨੇ 6 ਸਤੰਬਰ 2026 ਨੂੰ ਆਪਣੀ ਪਤਨੀ ਗੀਤ ਨਾਲ ਤਲਾਕ ਦੀ ਪੁਸ਼ਟੀ ਕੀਤੀ ਸੀ। ਪਰਮੀਸ਼ ਨੇ ਉਸ ਸਮੇਂ ਵੀ ਆਪਣੀ ਨਿੱਜੀ ਜ਼ਿੰਦਗੀ ਨਾਲ ਜੁੜੀਆਂ ਚਰਚਾਵਾਂ ਅਤੇ ਦੋਸ਼ਾਂ ’ਤੇ ਪ੍ਰਤੀਕਿਰਿਆ ਦਿੰਦਿਆਂ ਆਪਣੀ ਜ਼ਿੰਦਗੀ ਵਿੱਚ ਅੱਗੇ ਵਧਣ ਦੀ ਗੱਲ ਆਖੀ ਸੀ।
ਹੁਣ ਹਰਮਨ ਬਰਾੜ ਦੇ ਇਸ ਬਿਆਨ ਤੋਂ ਬਾਅਦ ਇੱਕ ਵਾਰ ਫਿਰ ਪਰਮੀਸ਼ ਵਰਮਾ ਅਤੇ ਹਰਮਨ ਬਰਾੜ ਦਾ ਰਿਸ਼ਤਾ ਸੋਸ਼ਲ ਮੀਡੀਆ ’ਤੇ ਚਰਚਾ ਦਾ ਵਿਸ਼ਾ ਬਣ ਗਿਆ ਹੈ। ਹਾਲਾਂਕਿ ਦੋਹਾਂ ਦੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਕਈ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ, ਪਰ ਹਰਮਨ ਨੇ ਆਪਣੇ ਬਿਆਨ ਰਾਹੀਂ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਉਸ ਦੇ ਮੁਤਾਬਕ ਇਸ ਰਿਸ਼ਤੇ ਨੂੰ ਲੈ ਕੇ ਕੀਤੀ ਜਾ ਰਹੀ ‘ਹੋਮਬ੍ਰੇਕਰ’ ਵਾਲੀ ਟਿੱਪਣੀ ਤੱਥਾਂ ’ਤੇ ਆਧਾਰਿਤ ਨਹੀਂ ਹੈ।ਹੁਣ ਦੇਖਣਾ ਇਹ ਹੋਵੇਗਾ ਕਿ ਹਰਮਨ ਦੇ ਇਸ ਸਪੱਸ਼ਟੀਕਰਨ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਚੱਲ ਰਹੀ ਇਹ ਚਰਚਾ ਰੁਕਦੀ ਹੈ ਜਾਂ ਫਿਰ ਪਰਮੀਸ਼ ਵਰਮਾ ਅਤੇ ਹਰਮਨ ਬਰਾੜ ਦੀ ਜੋੜੀ ਨੂੰ ਲੈ ਕੇ ਨਵੀਂ ਚਰਚਾ ਛਿੜਦੀ ਹੈ।
Edited by: KULDEEP SINGH SIDHU — September 13th 2026