ਪੰਜਾਬ ਬਿਜਲੀ ਸੰਕਟ ਤੋਂ ਬਾਹਰ, ਆਉਣ ਵਾਲੇ ਦਿਨਾਂ ’ਚ ਨਹੀਂ ਹੋਵੇਗੀ ਕਟੌਤੀ: ਕੁਲਦੀਪ ਧਾਲੀਵਾਲ
ਆਮ ਆਦਮੀ ਪਾਰਟੀ ਦੇ ਆਗੂ ਕੁਲਦੀਪ ਸਿੰਘ ਧਾਲੀਵਾਲ ਨੇ ਪੰਜਾਬ ਵਿੱਚ ਪਿਛਲੇ ਕੁਝ ਦਿਨਾਂ ਤੋਂ ਚੱਲ ਰਹੇ ਬਿਜਲੀ ਸੰਕਟ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਧਾਲੀਵਾਲ ਨੇ ਕਿਹਾ ਕਿ ਪੰਜਾਬ ਹੁਣ ਬਿਜਲੀ ਸੰਕਟ ਤੋਂ ਬਾਹਰ ਆ ਗਿਆ ਹੈ ਅਤੇ ਅੱਜ ਸਵੇਰੇ 6 ਵਜੇ ਤੋਂ ਲਗਾਤਾਰ ਬਿਜਲੀ ਸਪਲਾਈ ਜਾਰੀ ਹੈ।
ਉਨ੍ਹਾਂ ਦਾਅਵਾ ਕੀਤਾ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਬਿਜਲੀ ਕਟੌਤੀ ਨਹੀਂ ਹੋਵੇਗੀ।
ਧਾਲੀਵਾਲ ਨੇ ਦੱਸਿਆ ਕਿ ਤਲਵੰਡੀ ਸਾਬੋ ਅਤੇ ਨਾਭਾ ਸਥਿਤ ਦੋ ਪ੍ਰਾਈਵੇਟ ਥਰਮਲ ਪਲਾਂਟਾਂ ਦੀ ਇੱਕ-ਇੱਕ ਯੂਨਿਟ ਪਿਛਲੇ 3-4 ਦਿਨਾਂ ਤੋਂ ਖ਼ਰਾਬ ਸੀ, ਜੋ ਹੁਣ ਚਾਲੂ ਹੋ ਗਈ ਹੈ। ਇਸ ਤੋਂ ਇਲਾਵਾ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਵਿੱਚ ਆਈ ਤਕਨੀਕੀ ਖ਼ਰਾਬੀ ਨੂੰ ਵੀ ਠੀਕ ਕਰ ਦਿੱਤਾ ਗਿਆ ਹੈ।
ਉਨ੍ਹਾਂ ਮੁਤਾਬਕ ਇਸ ਸਮੇਂ ਪੰਜਾਬ ਵਿੱਚ ਬਿਜਲੀ ਦੀ ਮੰਗ ਕਰੀਬ 15,700 ਮੈਗਾਵਾਟ ਹੈ, ਜਿਸ ਨੂੰ ਪੂਰਾ ਕੀਤਾ ਜਾ ਰਿਹਾ ਹੈ। ਪੰਜਾਬ ਦਾ ਆਪਣਾ ਬਿਜਲੀ ਉਤਪਾਦਨ ਕਰੀਬ 5,000 ਮੈਗਾਵਾਟ ਹੈ, ਜੋ ਆਉਣ ਵਾਲੇ ਸਮੇਂ ਵਿੱਚ ਵਧ ਕੇ 5,300 ਤੋਂ 5,400 ਮੈਗਾਵਾਟ ਤੱਕ ਪਹੁੰਚਣ ਦੀ ਉਮੀਦ ਹੈ।
ਕੁਲਦੀਪ ਧਾਲੀਵਾਲ ਨੇ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਨੇ ਸੈਂਟਰਲ ਪੂਲ ਵਿੱਚੋਂ ਪੰਜਾਬ ਨੂੰ ਮਿਲਣ ਵਾਲੀ 1,051 ਮੈਗਾਵਾਟ ਬਿਜਲੀ ਦਾ ਹਿੱਸਾ ਘਟਾ ਦਿੱਤਾ, ਜਿਸ ਕਾਰਨ ਪੰਜਾਬ ਨੂੰ ਬਿਜਲੀ ਸੰਕਟ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਕਿਹਾ ਕਿ ਪੰਜਾਬ ਦੇ ਅਧਿਕਾਰੀ ਲਗਾਤਾਰ ਕੇਂਦਰ ਦੇ ਸੰਪਰਕ ਵਿੱਚ ਸਨ, ਪਰ ਕੇਂਦਰ ਨੇ ਪੰਜਾਬ ਦਾ ਸਾਥ ਨਹੀਂ ਦਿੱਤਾ।

ਧਾਲੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਖੁਦ ਲਗਾਤਾਰ ਤਿੰਨ ਦਿਨ ਪੰਜਾਬ ਸਟੇਟ ਇਲੈਕਟ੍ਰਿਸਿਟੀ ਬੋਰਡ ਦੇ ਅਧਿਕਾਰੀਆਂ ਨਾਲ ਮਿਲ ਕੇ ਬਿਜਲੀ ਸੰਕਟ ਨੂੰ ਦੂਰ ਕਰਨ ਲਈ ਕੰਮ ਕੀਤਾ।ਉਨ੍ਹਾਂ ਥਰਮਲ ਪਲਾਂਟਾਂ ਵਿੱਚ ਕੋਲੇ ਦੀ ਕਮੀ ਸਬੰਧੀ ਕੀਤੇ ਜਾ ਰਹੇ ਦਾਅਵਿਆਂ ਨੂੰ ਵੀ ਖਾਰਜ ਕੀਤਾ। ਧਾਲੀਵਾਲ ਮੁਤਾਬਕ ਰੋਪੜ ਥਰਮਲ ਪਲਾਂਟ ਕੋਲ 30 ਦਿਨ, ਲਹਿਰਾ ਮੁਹੱਬਤ ਕੋਲ 11 ਦਿਨ, ਗੋਇੰਦਵਾਲ ਸਾਹਿਬ ਕੋਲ 16 ਦਿਨ, ਨਾਭਾ ਪਲਾਂਟ ਕੋਲ 8 ਦਿਨ ਅਤੇ ਤਲਵੰਡੀ ਸਾਬੋ ਕੋਲ 4 ਦਿਨ ਦਾ ਕੋਲਾ ਮੌਜੂਦ ਹੈ।