ਪੁਲਿਸ ਦਾ ਬਦਮਾਸ਼ ਨਾਲ ਮੁਕਾਬਲਾ
ਖ਼ਾਸ ਸੂਚਨਾ ਦੇ ਅਧਾਰ ’ਤੇ ਪੁਲਿਸ ਟੀਮਾਂ ਵੱਲੋਂ ਸਾਜਣਪ੍ਰੀਤ ਸਿੰਘ ਉਰਫ਼ ਸੱਜਣ, ਪੁੱਤਰ ਸਰਵਣ ਸਿੰਘ, ਵਾਸੀ ਕੋਟ ਮੁਹੰਮਦ ਖਾਂ, ਥਾਣਾ ਗੋਇੰਦਵਾਲ ਸਾਹਿਬ, ਨੂੰ ਕਾਬੂ ਕਰਨ ਲਈ ਕਾਰਵਾਈ ਕੀਤੀ ਗਈ। ਉਕਤ ਮੁਲਜ਼ਮ ਮੁਕੱਦਮਾ ਨੰਬਰ 163 ਮਿਤੀ 12.09.2026, ਧਾਰਾ 103 ਅਤੇ 3(5) ਬੀ.ਐੱਨ.ਐੱਸ. ਅਤੇ ਧਾਰਾ 25 ਅਸਲਾ ਐਕਟ, ਥਾਣਾ ਸਰਹਾਲੀ ਵਿੱਚ ਲੋੜੀਂਦਾ ਸੀ।

ਇਸ ਕਾਰਵਾਈ ਸਬੰਧੀ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ “ਕਾਰਵਾਈ ਦੌਰਾਨ ਪੁਲਿਸ ਟੀਮ ਵੱਲੋਂ ਮੁਲਜ਼ਮ ਦਾ ਨੌਸ਼ਹਿਰਾ ਪੰਨੂਆਂ ਇਲਾਕੇ ਵਿੱਚ ਪਿੱਛਾ ਕੀਤਾ ਗਿਆ। ਮੁਲਜ਼ਮ ਨੇ ਮੋਟਰਸਾਈਕਲ ਤੋਂ ਉਤਰ ਕੇ ਪੁਲਿਸ ਪਾਰਟੀ ’ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਪੁਲਿਸ ਟੀਮ ਵੱਲੋਂ ਪਹਿਲਾਂ ਸੰਜਮ ਵਰਤਦਿਆਂ ਚਿਤਾਵਨੀ ਵਜੋਂ ਹਵਾਈ ਫਾਇਰ ਕੀਤਾ ਗਿਆ। ਪਰੰਤੂ ਮੁਲਜ਼ਮ ਵੱਲੋਂ ਫਾਇਰਿੰਗ ਜਾਰੀ ਰੱਖਣ ’ਤੇ ਪੁਲਿਸ ਪਾਰਟੀ ਨੇ ਸਵੈ-ਰੱਖਿਆ ਵਿੱਚ ਜਵਾਬੀ ਕਾਰਵਾਈ ਕੀਤੀ, ਜਿਸ ਦੌਰਾਨ ਮੁਲਜ਼ਮ ਦੀ ਲੱਤ ਵਿੱਚ ਗੋਲੀ ਲੱਗੀ। ਉਸ ਨੂੰ ਤੁਰੰਤ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ।”
“ਮੁਲਜ਼ਮ ਦੇ ਕਬਜ਼ੇ ਵਿੱਚੋਂ ਇੱਕ .30 ਬੋਰ ਪਿਸਤੌਲ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ। ਇਸ ਘਟਨਾ ਸਬੰਧੀ ਨਵਾਂ ਮੁਕੱਦਮਾ ਦਰਜ ਕਰਕੇ ਅਗਲੇਰੀ ਜਾਂਚ ਜਾਰੀ ਹੈ।ਮੁੱਢਲੀ ਜਾਂਚ ਦੌਰਾਨ ਇਸ ਮਾਮਲੇ ਵਿੱਚ ਸ਼ਾਮਲ ਹੋਰ ਵਿਅਕਤੀਆਂ ਦੀ ਪਛਾਣ ਕੀਤੀ ਗਈ ਹੈ। ਉਨ੍ਹਾਂ ਨੂੰ ਕਾਬੂ ਕਰਨ ਲਈ ਕਾਨੂੰਨ ਅਨੁਸਾਰ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।”-ਪੁਲਿਸ ਅਧਿਕਾਰੀ
ਤਰਨਤਾਰਨ ਪੁਲਿਸ ਦੀ ਮਾੜੇ ਅਨਸਰਾਂ ਨੂੰ ਚਿਤਾਵਨੀ
ਇਸ ਮੌਕੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਤਰਨ ਤਾਰਨ ਪੁਲਿਸ ਵੱਲੋਂ ਅਮਨ-ਕਾਨੂੰਨ ਨੂੰ ਕਾਇਮ ਰੱਖਣ ਅਤੇ ਗੰਭੀਰ ਅਪਰਾਧਿਕ ਗਤੀਵਿਧੀਆਂ ਅਤੇ ਨਜਾਇਜ਼ ਹਥਿਆਰਾਂ ਨਾਲ ਜੁੜੇ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਲਗਾਤਾਰ ਜਾਰੀ ਰਹੇਗੀ।