ASI ਕਤਲ ਦੇ ਮੁੱਖ ਮੁਲਜ਼ਮ ਦਾ ਐਨਕਾਊਂਟਰ, ਜਾਂਚ ’ਚ ਪਾਕਿਸਤਾਨੀ ਹੈਂਡਲਰ ਦਾ ਐਂਗਲ
ASI ਕਤਲ ਦੇ ਮੁੱਖ ਮੁਲਜ਼ਮ ਦਾ ਐਨਕਾਊਂਟਰ, ਜਾਂਚ ’ਚ ਪਾਕਿਸਤਾਨੀ ਹੈਂਡਲਰ ਦਾ ਐਂਗਲ
ਹਰਜੀਤ ਸਿੰਘ ਕਤਲਕਾਂਡ :- 18 ਸਤੰਬਰ ਨੂੰ ਡਿਊਟੀ ਦੌਰਾਨ ਸ਼ਹੀਦ ਹੋਏ ਏਐਸਆਈ ਹਰਜੀਤ ਸਿੰਘ ਦੇ ਕਤਲ ਮਾਮਲੇ ਵਿੱਚ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ ਨੇ ਦੇਰ ਰਾਤ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ, ‘ਪੁਲਿਸ ਮੁਕਾਬਲੇ ਦੌਰਾਨ ਇੱਕ ਹਮਲਾਵਰ ਮਾਰਿਆ ਗਿਆ, ਜਦਕਿ ਉਸ ਦਾ ਦੂਜਾ ਸਾਥੀ ਹਨੇਰੇ ਦਾ ਫਾਇਦਾ ਚੁੱਕ ਕੇ ਫਰਾਰ ਹੋ ਗਿਆ। ਉਸ ਦੀ ਗ੍ਰਿਫ਼ਤਾਰੀ ਲਈ ਪੁਲਿਸ ਵੱਲੋਂ ਕਾਂਬਿੰਗ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ।’
ਨਾਕਾਬੰਦੀ ਦੌਰਾਨ ਹੋਇਆ ਮੁਕਾਬਲਾ
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ, ‘ਏਐਸਆਈ ਹਰਜੀਤ ਸਿੰਘ ਦੇ ਕਤਲ ਤੋਂ ਬਾਅਦ ਪੂਰਾ ਪੁਲਿਸ ਵਿਭਾਗ ਮਾਮਲੇ ਨੂੰ ਸੁਲਝਾਉਣ ਵਿੱਚ ਜੁਟਿਆ ਹੋਇਆ ਸੀ। ਸ਼ਨੀਵਾਰ ਦੁਪਹਿਰ ਤੋਂ ਹੀ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਰੈੱਡ ਅਲਰਟ ਜਾਰੀ ਕਰਦਿਆਂ ਸਖ਼ਤ ਨਾਕਾਬੰਦੀ ਕੀਤੀ ਗਈ ਸੀ। ਪੁਲਿਸ ਨੂੰ ਇਨਪੁਟ ਮਿਲੇ ਸਨ ਕਿ ਸ਼ੱਕੀ ਵਿਅਕਤੀ ਇਲਾਕੇ ਵਿੱਚ ਘੁੰਮ ਰਹੇ ਹਨ ਅਤੇ ਕਿਸੇ ਹੋਰ ਟਾਰਗੇਟ ਦੀ ਤਲਾਸ਼ ਵਿੱਚ ਹਨ।’

ਇਸ ਦੌਰਾਨ ਤਰਨਤਾਰਨ/ਥਾਂਦੇ ਰੋਡ ਨਾਕੇ ’ਤੇ ਪੁਲਿਸ ਟੀਮ ਨੇ ਸਕੂਟੀ ’ਤੇ ਸਵਾਰ ਦੋ ਸ਼ੱਕੀ ਨੌਜਵਾਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ। ਮੁਲਜ਼ਮਾਂ ਨੇ ਰੁਕਣ ਦੀ ਬਜਾਏ ਪੁਲਿਸ ਪਾਰਟੀ ’ਤੇ ਸਿੱਧੀ ਫਾਇਰਿੰਗ ਸ਼ੁਰੂ ਕਰ ਦਿੱਤੀ। ਪੁਲਿਸ ਨੇ ਆਤਮ-ਰੱਖਿਆ ਵਿੱਚ ਕੀਤੀ ਜਵਾਬੀ ਫਾਇਰਿੰਗ ਪੁਲਿਸ ਟੀਮ ਵੱਲੋਂ ਪਿੱਛਾ ਕਰਨ ’ਤੇ ਮੁਲਜ਼ਮਾਂ ਨੇ ਇੱਕ ਥਾਂ ਸਕੂਟੀ ਖੜ੍ਹੀ ਕਰਕੇ ਮੁੜ ਪੁਲਿਸ ’ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਹਮਲਾਵਰਾਂ ਵੱਲੋਂ ਚਲਾਈਆਂ ਗਈਆਂ ਚਾਰ ਗੋਲੀਆਂ ਵਿੱਚੋਂ ਦੋ ਪੁਲਿਸ ਦੀ ਗੱਡੀ ’ਤੇ ਲੱਗੀਆਂ, ਜਦਕਿ ਇੱਕ ਗੋਲੀ ਸੀ.ਆਈ.ਏ. ਦੇ ਜਵਾਨ ਦੀ ਛਾਤੀ ’ਤੇ ਲੱਗੀ। ਹਾਲਾਂਕਿ ਜਵਾਨ ਵੱਲੋਂ ਬੁਲੇਟਪਰੂਫ ਜੈਕਟ ਪਹਿਨੀ ਹੋਣ ਕਾਰਨ ਉਸ ਦੀ ਜਾਨ ਬਚ ਗਈ। –ਹਰਮਨਬੀਰ ਸਿੰਘ ਗਿੱਲ, ਪੁਲਿਸ ਕਮਿਸ਼ਨਰ
‘ਜਵਾਬੀ ਕਾਰਵਾਈ ਦੌਰਾਨ ਢੇਰ’
ਕਮਿਸ਼ਨਰ ਮੁਤਾਬਕ,‘ਪੁਲਿਸ ਨੇ ਆਤਮ-ਰੱਖਿਆ ਵਿੱਚ ਛੇ ਰਾਊਂਡ ਜਵਾਬੀ ਫਾਇਰ ਕੀਤੇ। ਇਸ ਦੌਰਾਨ ਇੱਕ ਗੋਲੀ ਹਮਲਾਵਰ ਨੂੰ ਲੱਗ ਗਈ। ਜ਼ਖ਼ਮੀ ਮੁਲਜ਼ਮ ਨੂੰ ਤੁਰੰਤ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਪਰ ਰਸਤੇ ਵਿੱਚ ਹੀ ਉਸ ਦੀ ਮੌਤ ਹੋ ਗਈ। ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮੁੱਢਲੀ ਜਾਂਚ ਅਤੇ ਅਧਾਰ ਕਾਰਡ ਮੁਤਾਬਕ ਮ੍ਰਿਤਕ ਮੁਲਜ਼ਮ ਦੀ ਉਮਰ ਕਰੀਬ 25 ਤੋਂ 28 ਸਾਲ ਦੇ ਵਿਚਕਾਰ ਦੱਸੀ ਜਾ ਰਹੀ ਹੈ।’
‘ਸਾਜ਼ਿਸ਼ ਦੇ ਤਾਰ ਪਾਕਿਸਤਾਨ ਨਾਲ ਜੁੜੇ’
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ, ‘ਜਾਂਚ ਵਿੱਚ ਇਸ ਸਾਜ਼ਿਸ਼ ਦੇ ਤਾਰ ਸਰਹੱਦ ਪਾਰ ਪਾਕਿਸਤਾਨ ਵਿੱਚ ਬੈਠੇ ਹੈਂਡਲਰਾਂ ਨਾਲ ਜੁੜੇ ਹੋਣ ਦੀ ਗੱਲ ਸਾਹਮਣੇ ਆਈ ਹੈ। ਪਾਕਿਸਤਾਨੀ ਹੈਂਡਲਰ ਪੰਜਾਬ ਦੇ ਨੌਜਵਾਨਾਂ ਨੂੰ ਪੈਸਿਆਂ ਅਤੇ ਨਸ਼ੇ ਦੇ ਕਾਰੋਬਾਰ ਵਿੱਚ ਹਿੱਸੇਦਾਰੀ ਦਾ ਲਾਲਚ ਦੇ ਕੇ ਆਪਣੇ ਜਾਲ ਵਿੱਚ ਫਸਾਉਂਦੇ ਹਨ। ਸਰਹੱਦ ਪਾਰ ਬੈਠੇ ਆਕਾਵਾਂ ਵੱਲੋਂ ਨੌਜਵਾਨਾਂ ਤੋਂ ਆਪਣੀ ‘ਵਫ਼ਾਦਾਰੀ’ ਦਾ ਸਬੂਤ ਮੰਗਿਆ ਜਾਂਦਾ ਹੈ ਅਤੇ ਇਸੇ ਤਹਿਤ ਪੁਲਿਸ ਮੁਲਾਜ਼ਮਾਂ ਨੂੰ ਟਾਰਗੇਟ ਕਰਨ ਲਈ ਕਿਹਾ ਜਾਂਦਾ ਹੈ।’
‘ਕਤਲ ਤੋਂ ਬਾਅਦ ਵੀਡੀਓ ਬਣਾਉਣ ਲਈ ਮੁੜ ਮੌਕੇ ’ਤੇ ਪਹੁੰਚੇ ਸਨ ਮੁਲਜ਼ਮ’
ਜਾਂਚ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਏਐਸਆਈ ਹਰਜੀਤ ਸਿੰਘ ਨੂੰ ਗੋਲੀ ਮਾਰਨ ਤੋਂ ਬਾਅਦ ਮੁਲਜ਼ਮ ਮੁੜ ਮੌਕੇ ’ਤੇ ਪਹੁੰਚੇ ਅਤੇ ਕਰੀਬ 30 ਤੋਂ 40 ਸਕਿੰਟ ਦੀ ਵੀਡੀਓ ਬਣਾਈ। ਪੁਲਿਸ ਮੁਤਾਬਕ ਇਹ ਵੀਡੀਓ ਸਰਹੱਦ ਪਾਰ ਬੈਠੇ ਆਪਣੇ ਆਕਾਵਾਂ ਨੂੰ ਵਾਰਦਾਤ ਨੂੰ ਅੰਜਾਮ ਦੇਣ ਦਾ ਸਬੂਤ ਭੇਜਣ ਲਈ ਬਣਾਈ ਗਈ ਸੀ। ਇਹ ਗਤੀਵਿਧੀ ਸੀਸੀਟੀਵੀ ਕੈਮਰਿਆਂ ਵਿੱਚ ਵੀ ਕੈਦ ਹੋਈ ਹੈ। ਪੁਲਿਸ ਵੱਲੋਂ ਮੁਲਜ਼ਮਾਂ ਦੇ ਮੋਬਾਈਲ ਫੋਨਾਂ ਦੀ ਫੋਰੈਂਸਿਕ ਜਾਂਚ ਕਰਵਾਈ ਜਾ ਰਹੀ ਹੈ, ਤਾਂ ਜੋ ਵਿਦੇਸ਼ੀ ਹੈਂਡਲਰਾਂ ਅਤੇ ਪੂਰੇ ਨੈੱਟਵਰਕ ਬਾਰੇ ਹੋਰ ਜਾਣਕਾਰੀ ਹਾਸਲ ਕੀਤੀ ਜਾ ਸਕੇ। ਅਜਿਹਾ ਪਾਕਿਸਤਾਨ ਵਿੱਚ ਬੈਠੇ ਬਦਮਾਸ਼ ਪੁਲਿਸ ਵਿੱਚ ਖੌਫ ਪੈਦਾ ਕਰਨ ਲਈ ਕਰ ਰਹੇ ਹਨ ਤਾਂ ਪੰਜਾਬ ਪੁਲਿਸ ਦਾ ਹੌਂਸਲਾ ਸੁੱਟਿਆ ਜਾ ਸਕੇ।ਏਐਸਆਈ ਹਰਜੀਤ ਸਿੰਘ ਨੂੰ ਕਤਲ ਕਰਨ ਦਾ ਕੋਈ ਖ਼ਾਸ ਮਕਸਦ ਸ਼ੂਟਰਾਂ ਦਾ ਨਹੀਂ ਸੀ ਸਗੋਂ ਉਨ੍ਹਾਂ ਨੂੰ ਜੋ ਵੀ ਪੁਲਿਸ ਵਰਦੀ ਵਿੱਚ ਮਿਲੇ ਉਸ ਨੂੰ ਨਿਸ਼ਾਨਾ ਬਣਾਉਣ ਦਾ ਹੁਕਮ ਪਾਕਿਸਤਾਨ ਬੈਠੇ ਬਦਮਾਸ਼ਾਂ ਤੋਂ ਮਿਲਿਆ ਸੀ। ਇਸ ਲਈ ਪੁਲਿਸ ਨੂੰ ਵੀ ਹੁਣ ਹੋਰ ਚੌਕੰਨਾ ਰਹਿਣ ਦੀ ਲੋੜ ਹੈ।– ਹਰਮਨਬੀਰ ਸਿੰਘ ਗਿੱਲ, ਪੁਲਿਸ ਕਮਿਸ਼ਨਰ
ਨੌਜਵਾਨਾਂ ਅਤੇ ਮਾਪਿਆਂ ਨੂੰ ਪੁਲਿਸ ਕਮਿਸ਼ਨਰ ਦੀ ਅਪੀਲ
ਪੁਲਿਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ ਨੇ ਘਟਨਾ ’ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਇਹ ਚਿੰਤਾ ਦਾ ਵਿਸ਼ਾ ਹੈ ਕਿ ਪੰਜਾਬ ਦੇ ਨੌਜਵਾਨ ਸਰਹੱਦ ਪਾਰ ਬੈਠੇ ਤਸਕਰਾਂ ਦੇ ਝਾਂਸੇ ਵਿੱਚ ਆਕੇ ਆਪਣੇ ਹੀ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਪੁਲਿਸ ਕਮਿਸ਼ਨਰ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦੀਆਂ ਗਤੀਵਿਧੀਆਂ ’ਤੇ ਨਜ਼ਰ ਰੱਖਣ ਅਤੇ ਉਨ੍ਹਾਂ ਨੂੰ ਸੋਸ਼ਲ ਮੀਡੀਆ ਰਾਹੀਂ ਗੁੰਮਰਾਹ ਕਰਨ ਵਾਲੇ ਅਸਮਾਜਿਕ ਤੱਤਾਂ ਅਤੇ ਨਸ਼ਿਆਂ ਦੇ ਜਾਲ ਤੋਂ ਬਚਾਉਣ।





