ਸੰਗਰੂਰ ’ਚ ਨਸ਼ਿਆਂ ਦਾ ਮੁੱਦਾ ਮੁੜ ਭਖਿਆ, AAP ਸਰਕਾਰ ’ਤੇ ਵਿਰੋਧੀਆਂ ਦੇ ਤਿੱਖੇ ਸਵਾਲ | ਜਗਸੀਰ ਸਿੰਘ ਦੇ ਦੋਸ਼ਾਂ ਮਗਰੋਂ ਸਿਆਸਤ ਗਰਮ
ਸੰਗਰੂਰ ’ਚ ਨਸ਼ਿਆਂ ਦਾ ਮੁੱਦਾ ਮੁੜ ਭਖਿਆ, AAP ਸਰਕਾਰ ’ਤੇ ਵਿਰੋਧੀਆਂ ਦੇ ਤਿੱਖੇ ਸਵਾਲ | ਜਗਸੀਰ ਸਿੰਘ ਦੇ ਦੋਸ਼ਾਂ ਮਗਰੋਂ ਸਿਆਸਤ ਗਰਮ
ਸੰਗਰੂਰ ਜ਼ਿਲ੍ਹੇ ਵਿੱਚ ਨਸ਼ਿਆਂ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਵਾਲੇ ਪਿੰਡ ਨਮੋਲ ਦੇ ਨਿਵਾਸੀ ਜਗਸੀਰ ਉਰਫ਼ ਜੱਗਾ ਸਿੰਘ ਵੱਲੋਂ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਜ਼ਹਿਰੀਲੀ ਵਸਤੂ ਨਿਗਲ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਹੈ।ਨਸ਼ਾ ਵਿਰੋਧੀ ਕਾਰਕੁੰਨ ਅਤੇ ਪੀੜਤ ਜੱਗਾ ਸਿੰਘ ਮੁਤਾਬਕ, ਉਸ ਨੇ ਨਸ਼ੇ ਨਾਲ ਸਬੰਧਤ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਪਾਈ ਸੀ। ਉਸ ਦਾ ਇਲਜ਼ਾਮ ਹੈ ਕਿ ਵੀਡੀਓ ਪਾਉਣ ਤੋਂ ਬਾਅਦ ਸਰਪੰਚ ਅਤੇ ਉਸ ਦੇ ਸਾਥੀਆਂ ਵੱਲੋਂ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾਣ ਲੱਗੀਆਂ।
“ਮੈਂ ਨਸ਼ਾ (ਚਿੱਟੇ) ਸਬੰਧੀ ਵੀਡੀਓ ਸੋਸ਼ਲ ਮੀਡੀਆ ਉੱਤੇ ਪਾਈ ਸੀ। ਮੈਂ ਵੀਡੀਓ ਡਿਲੀਟ ਵੀ ਕਰ ਦਿੱਤੀ ਸੀ, ਪਰ ਇਸ ਦੇ ਬਾਵਜੂਦ ਉਸ ਦੇ ਘਰ ਆ ਕੇ ਉਸ ਨਾਲ ਕੁੱਟਮਾਰ ਕੀਤੀ ਗਈ ਅਤੇ ਡਰਾਇਆ-ਧਮਕਾਇਆ ਗਿਆ। ਸਰਪੰਚ ਵਲੋਂ ਮੈਨੂੰ ਤੰਗ ਕੀਤਾ ਗਿਆ। ਪੁਲਿਸ ਉਸ ਦੇ ਘਰ ਲੱਗੇ CCTV ਕੈਮਰੇ ਅਤੇ DVR ਵੀ ਕੱਢ ਕੇ ਲੈ ਜਾਏ ਗਏ ਅਤੇ ਕਿਹਾ ਕਿ ਉਹ ਖਾਲੀ ਹੈ, ਜਦਕਿ ਉਸ ਵਿੱਚ ਸਾਰੇ ਸਬੂਤ ਸੀ। ਮੇਰੇ ਬੱਚਿਆਂ ਦੀ ਜਾਨ ਨੂੰ ਵੀ ਖ਼ਤਰਾ ਹੈ।”
-ਜੱਗਾ ਸਿੰਘ, ਪੀੜਤ
ਜੱਗਾ ਸਿੰਘ ਦਾ ਦਾਅਵਾ ਹੈ ਕਿ ਉਸ ਨੂੰ ਹਥਿਆਰ ਦਿਖਾ ਕੇ ਵੀ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ। ਉਸ ਮੁਤਾਬਕ ਇਸ ਸਬੰਧੀ ਪੁਲਿਸ ਕੋਲ ਸ਼ਿਕਾਇਤ ਵੀ ਦਿੱਤੀ ਗਈ ਸੀ, ਪਰ ਉਸ ਦੀ ਸੁਣਵਾਈ ਨਹੀਂ ਹੋਈ।
ਹਸਪਤਾਲ ਵਿੱਚ ਜ਼ੇਰੇ ਇਲਾਜ
ਘਟਨਾ ਤੋਂ ਬਾਅਦ ਜੱਗਾ ਸਿੰਘ ਨੂੰ ਸੰਗਰੂਰ ਦੇ ਸਿਵਲ ਹਸਪਤਾਲ ਲਿਜਾਇਆ ਗਿਆ। ਐਮਰਜੈਂਸੀ ਵਾਰਡ ਦੇ ਡਾਕਟਰ ਇਕਬਾਲ ਪ੍ਰੀਤ ਸਿੰਘ ਨੇ ਦੱਸਿਆ ਕਿ, “ਕਰੀਬ ਸਵਾ ਪੰਜ ਵਜੇ ਇੱਕ ਮਰੀਜ਼ ਗੰਭੀਰ ਹਾਲਤ ਵਿੱਚ ਹਸਪਤਾਲ ਪਹੁੰਚਿਆ ਸੀ, ਜਿਸ ਨੇ ਫਿਨਾਇਲ ਨਾਲ ਸਬੰਧਤ ਜ਼ਹਿਰੀਲਾ ਪਦਾਰਥ ਨਿਗਲਿਆ ਹੋਇਆ ਸੀ। ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਉਸ ਨੂੰ ਅੱਗੇ ਇਲਾਜ ਲਈ ਰੈਫਰ ਕਰ ਦਿੱਤਾ ਗਿਆ।”ਦੂਜੇ ਪਾਸੇ, ਸਰਪੰਚ ਸੁਖਬੀਰ ਸਿੰਘ ਨੇ ਕਿਹਾ ਕਿ, ਉਸ ਨੂੰ ਹਾਲੇ ਘਟਨਾ ਬਾਰੇ ਪੂਰੀ ਜਾਣਕਾਰੀ ਨਹੀਂ ਹੈ ਅਤੇ ਪਹਿਲਾਂ ਉਸ ਨੂੰ ਮਾਮਲੇ ਦੀ ਜਾਣਕਾਰੀ ਲੈਣ ਦਿੱਤੀ ਜਾਵੇ। ਇਲਜ਼ਾਮਾਂ ਬਾਰੇ ਪੁੱਛੇ ਜਾਣ ’ਤੇ ਉਸ ਨੇ ਫਿਲਹਾਲ ਕੋਈ ਵਿਸਥਾਰਤ ਜਵਾਬ ਨਹੀਂ ਦਿੱਤਾ।ਫਿਲਹਾਲ ਜੱਗਾ ਸਿੰਘ ਵੱਲੋਂ ਲਗਾਏ ਗਏ ਇਲਜ਼ਾਮਾਂ ਦੀ ਸੁਤੰਤਰ ਤੌਰ ’ਤੇ ਪੁਸ਼ਟੀ ਨਹੀਂ ਹੋਈ ਹੈ। ਪੁਲਿਸ ਜਾਂਚ ਅਤੇ ਅਗਲੀ ਕਾਨੂੰਨੀ ਕਾਰਵਾਈ ਤੋਂ ਬਾਅਦ ਹੀ ਪੂਰੇ ਮਾਮਲੇ ਦੀ ਸਥਿਤੀ ਸਪੱਸ਼ਟ ਹੋਵੇਗੀ। ਹਾਲਾਂਕਿ, ਪੁਲਿਸ ਘਟਨਾ ਵਾਲੀ ਥਾਂ ਉੱਤੇ ਜ਼ਰੂਰੀ ਪਹੁੰਚੀ, ਪਰ ਪੁਲਿਸ ਵਲੋਂ ਕੋਈ ਅਧਿਕਾਰਿਤ ਬਿਆਨ ਨਹੀਂ ਦਿੱਤਾ ਗਿਆ।
ਮੁੜ ਘਿਰੀ ‘ਆਪ’ ਦੀ ਮਾਨ ਸਰਕਾਰ
ਕਾਂਗਰਸ ਦੇ ਰਾਸ਼ਟਰੀ ਜਨਰਲ ਸਕੱਤਰ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਸਚਿਨ ਪਾਇਲਟ ਨੇ ਇਸ ਘਟਨਾ ‘ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਸੂਬਾ ਸਰਕਾਰ ਦੀ ਜਵਾਬਦੇਹੀ ਤੈਅ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਨਸ਼ਾ ਮੁਕਤੀ ਦੇ ਵੱਡੇ-ਵੱਡੇ ਦਾਅਵਿਆਂ ਦੇ ਉਲਟ ਜ਼ਮੀਨੀ ਹਕੀਕਤ ਬਹੁਤ ਭਿਆਨਕ ਬਣ ਚੁੱਕੀ ਹੈ।
ਸਰਕਾਰ ‘ਤੇ ਸਿੱਧਾ ਹਮਲਾ ਬੋਲਦਿਆਂ ਉਨ੍ਹਾਂ ਬਿਆਨ ਦਿੱਤਾ, “ਪੰਜਾਬ ਵਿੱਚ ਨਸ਼ੇ ਦੇ ਖ਼ਿਲਾਫ਼ ਆਵਾਜ਼ ਉਠਾਉਣ ਵਾਲਿਆਂ ਨਾਲ ਕਿਸ ਤਰ੍ਹਾਂ ਦਾ ਦਬਾਅ ਅਤੇ ਦੁਰਵਿਵਹਾਰ ਕੀਤਾ ਜਾ ਰਿਹਾ ਹੈ, ਸੰਗਰੂਰ ਦੀ ਇਹ ਘਟਨਾ ਸਾਫ਼ ਦਿਖਾ ਰਹੀ ਹੈ। ਜੇਕਰ ਨਸ਼ੇ ਦੇ ਖ਼ਿਲਾਫ਼ ਆਵਾਜ਼ ਉਠਾਉਣ ਵਾਲਾ ਵਿਅਕਤੀ ਹੀ ਸੁਰੱਖਿਅਤ ਨਹੀਂ ਹੈ, ਤਾਂ ਕਿਸ ਬਦਲਾਅ ਦੀ ਗੱਲ ਹੋ ਰਹੀ ਹੈ?”
ਚਰਨਜੀਤ ਚੰਨੀ ਵੱਲੋਂ ਅੱਤਿਆਚਾਰ ਦੇ ਇਲਜ਼ਾਮ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਇਸ ਘਟਨਾ ਨੂੰ ਸਰਕਾਰੀ ਤੰਤਰ ਦੀ ਨਾਕਾਮੀ ਦੱਸਿਆ ਹੈ। ਉਨ੍ਹਾਂ ਪੁਰਾਣੇ ਮਾਮਲਿਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਸੂਬੇ ਵਿੱਚ ਸੱਚ ਬੋਲਣ ਵਾਲਿਆਂ ਨੂੰ ਦਬਾਇਆ ਜਾ ਰਿਹਾ ਹੈ।
‘ਆਪ’ ਸਰਕਾਰ ਨੂੰ ਘੇਰਦਿਆਂ ਚੰਨੀ ਨੇ ਕਿਹਾ, “ਪਹਿਲਾਂ ਗੁਲਜ਼ਾਰ ਅਤੇ ਹੁਣ ਜੱਗਾ ਸਿੰਘ, ਆਖਿਰ ਆਪ ਸਰਕਾਰ ਵੱਲੋਂ ਪੰਜਾਬੀਆਂ ‘ਤੇ ਇਹ ਜ਼ੁਲਮ ਕਦੋਂ ਖ਼ਤਮ ਹੋਵੇਗਾ? ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਜ਼ਮੀਨ ‘ਤੇ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ। ਨਸ਼ਾ ਰੋਕਣ ਦੀ ਬਜਾਏ ਸਵਾਲ ਪੁੱਛਣ ਵਾਲਿਆਂ ਨੂੰ ਡਰਾਇਆ-ਧਮਕਾਇਆ ਜਾ ਰਿਹਾ ਹੈ।”
ਨਸ਼ਾ ਮਾਫ਼ੀਆ ਅਤੇ ਸਰਕਾਰ ਦੀ ਮਿਲੀਭੁਗਤ: ਰਵਨੀਤ ਬਿੱਟੂ
ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਇਲਜ਼ਾਮ ਲਾਇਆ ਕਿ ਮੌਜੂਦਾ ਸਰਕਾਰ ਨਸ਼ਾ ਵੇਚਣ ਵਾਲਿਆਂ ਦੀ ਪੁਸ਼ਤਪਨਾਹੀ ਕਰ ਰਹੀ ਹੈ। ਉਨ੍ਹਾਂ ਜਗਸੀਰ ਸਿੰਘ ਦੇ ਹੱਕ ਵਿੱਚ ਚੱਟਾਨ ਵਾਂਗ ਖੜ੍ਹੇ ਹੋਣ ਦਾ ਐਲਾਨ ਕੀਤਾ।
ਬਿੱਟੂ ਨੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕਿਹਾ, “ਇਹ ਸਰਕਾਰ ਨਸ਼ਾ ਵੇਚਣ ਵਾਲਿਆਂ ਨਾਲ ਇਸ ਹੱਦ ਤੱਕ ਮਿਲ ਚੁੱਕੀ ਹੈ ਕਿ ਹੁਣ ਸੱਚ ਬੋਲਣ ਵਾਲਾ ਹਰ ਸ਼ਖ਼ਸ ਇਹਨਾਂ ਨੂੰ ਆਪਣਾ ਦੁਸ਼ਮਣ ਨਜ਼ਰ ਆਉਂਦਾ ਹੈ। ਜੇਕਰ ਮੁੱਖ ਮੰਤਰੀ ਦੇ ਆਪਣੇ ਜ਼ਿਲ੍ਹੇ ਅੰਦਰ ਹੀ ਨਸ਼ਾ ਵਿਰੋਧੀ ਕਾਰਕੁਨ ਸੁਰੱਖਿਅਤ ਨਹੀਂ ਹਨ, ਤਾਂ ਸਰਕਾਰ ਦੀ ‘ਨਸ਼ਾ ਮੁਕਤ ਪੰਜਾਬ’ ਦੀ ਗੱਲ ਸਿਰਫ਼ ਇੱਕ ਖੋਖਲਾ ਡਰਾਮਾ ਸਾਬਤ ਹੁੰਦੀ ਹੈ।”
ਬਿਕਰਮ ਮਜੀਠੀਆ ਨੇ ਮੁੱਖ ਮੰਤਰੀ ਨੂੰ ਦੱਸਿਆ ਜ਼ਿੰਮੇਵਾਰ
ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਨੇ ਇਸ ਮਾਮਲੇ ਵਿੱਚ ਸਿੱਧੇ ਤੌਰ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰਿਆ ਹੈ। ਉਨ੍ਹਾਂ ਕਿਹਾ ਕਿ ਸੰਗਰੂਰ ਦੇ ਅਧਿਕਾਰੀਆਂ ਨੇ ਪੀੜਤ ਦੀ ਇੱਕ ਨਹੀਂ ਸੁਣੀ, ਜਿਸ ਕਾਰਨ ਉਸ ਨੂੰ ਇਹ ਕਦਮ ਚੁੱਕਣਾ ਪਿਆ।
ਮਜੀਠੀਆ ਨੇ ਸੋਸ਼ਲ ਮੀਡੀਆ ‘ਤੇ ਲਿਖਿਆ, “ਸੰਗਰੂਰ ਵਿੱਚ ਪਹਿਲਾਂ ਮੋਹਨਜੀਤ ਸ਼ੇਰੋਂ ਨੇ ਨਸ਼ੇ ਖਿਲਾਫ਼ ਅਵਾਜ਼ ਚੁੱਕੀ, ਫੇਰ ਗੁਲਜ਼ਾਰ ਨੂੰ ਜ਼ਹਿਰ ਨਿਗਲਣਾ ਪਿਆ ਤੇ ਹੁਣ ਜਗਸੀਰ ਨੇ ਜ਼ਹਿਰੀਲੀ ਵਸਤੂ ਖਾ ਕੇ ਮੌਤ ਨੂੰ ਗਲੇ ਲਾਉਣਾ ਚਾਹਿਆ, ਤਾਂ ਜੋ ਕੁੰਭਕਰਨ ਦੀ ਨੀਂਦ ਸੁੱਤੀ ਸਰਕਾਰ ਜਾਗ ਸਕੇ। ਜਗਸੀਰ ਨੇ ਸਭ ਦੇ ਅੱਗੇ ਹੱਥ ਜੋੜੇ ਪਰ ਕਿਸੇ ਅਧਿਕਾਰੀ ਨੇ ਸੁਣਵਾਈ ਨਹੀਂ ਕੀਤੀ।”
ਤਰੁਣ ਚੁੱਘ ਨੇ ਘੇਰੇ ਸੀਐਮ ਮਾਨ
ਭਾਜਪਾ ਨੇਤਾ ਤਰੁਣ ਚੁੱਘ ਨੇ ਜੱਗਾ ਸਿੰਘ ਵਲੋਂ ਖੁਦਕੁਸ਼ੀ ਕੀਤੇ ਜਾਣ ਦੀ ਕੋਸ਼ਿਸ਼ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਨੂੰ ਘੇਰਦਿਆ ਕਿਹਾ, ਮੁੱਖ ਮੰਤਰੀ ਭਗਵੰਤ, ਤੁਹਾਡੇ ਆਪਣੇ ਜ਼ਿਲ੍ਹੇ ਸੰਗਰੂਰ ਵਿੱਚ ਨਸ਼ਾ ਮਾਫੀਆ ਦਾ ਰਾਜ ਪੂਰੇ ਜ਼ੋਰਾਂ ‘ਤੇ ਹੈ।
ਉਨ੍ਹਾਂ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ- “ਭਾਰਤੀ ਜਨਤਾ ਪਾਰਟੀ ਇਸੇ ਗੁੰਡਾਗਰਦੀ, ਇਸੇ ਨਸ਼ਾ ਮਾਫੀਆ ਅਤੇ ਉਸਨੂੰ ਸੁਰੱਖਿਆ ਦੇਣ ਵਾਲੀ ਤੁਹਾਡੀ ਸਰਕਾਰ ਵਿਰੁੱਧ ਸੜਕਾਂ ‘ਤੇ ਉਤਰੀ ਹੈ। ਇਸੇ ਲਈ ਭਾਜਪਾ ਨੇ ‘ਨਸ਼ਾ-ਵਿਰੋਧੀ ਮੁਹਿੰਮ’ ਸ਼ੁਰੂ ਕੀਤੀ ਹੈ ਤਾਂ ਜੋ ਪੰਜਾਬ ਦੇ ਹਰ ਪਿੰਡ ਅਤੇ ਹਰ ਮੁਹੱਲੇ ਵਿੱਚੋਂ ਇਸ ਨਸ਼ਾ ਮਾਫੀਆ ਨੂੰ ਜੜ੍ਹੋਂ ਖਤਮ ਕੀਤਾ ਜਾ ਸਕੇ। ਮਾਨ ਸਾਹਿਬ, ਜੱਗਾ ਸਿੰਘ ਦੀ ਅੱਜ ਦੀ ਹਾਲਤ ਲਈ ਤੁਸੀਂ ਜ਼ਿੰਮੇਵਾਰ ਹੋ। ਜੇਕਰ ਤੁਸੀਂ ਨਸ਼ਿਆਂ ਅਤੇ ਮਾਫੀਆ ਨੂੰ ਨਹੀਂ ਰੋਕ ਸਕਦੇ, ਤਾਂ ਤੁਹਾਨੂੰ ਉਸ ਕੁਰਸੀ ‘ਤੇ ਬਣੇ ਰਹਿਣ ਦਾ ਕੋਈ ਹੱਕ ਨਹੀਂ ਹੈ। ਪੰਜਾਬ ਹੁਣ ਹੋਰ ਚੁੱਪ ਨਹੀਂ ਰਹੇਗਾ।”





