ਜੱਗਾ ਸਿੰਘ ਮਾਮਲੇ ’ਚ ਨਵਾਂ ਮੋੜ, ਪੁਲਿਸ ਨੇ ਖੋਲ੍ਹਿਆ 9 ਮਾਮਲਿਆਂ ਦਾ ਰਿਕਾਰਡ,ਕੀਤੇ ਖੁਲਾਸੇ
ਜੱਗਾ ਸਿੰਘ ਮਾਮਲੇ ’ਚ ਨਵਾਂ ਮੋੜ, ਪੁਲਿਸ ਨੇ ਖੋਲ੍ਹਿਆ 9 ਮਾਮਲਿਆਂ ਦਾ ਰਿਕਾਰਡ
ਸੰਗਰੂਰ/ਪਟਿਆਲਾ: ਸੰਗਰੂਰ ‘ਚ ਡੀਸੀ ਦਫ਼ਤਰ ਦੇ ਬਾਹਰ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰਨ ਵਾਲੇ ਜਗਸੀਰ ਸਿੰਘ ਜੱਗਾ ਦੇ ਮਾਮਲੇ ਵਿੱਚ ਨਵਾਂ ਮੋੜ ਆਇਆ ਹੈ। ਪੁਲਿਸ ਨੇ ਕਿਹਾ ਹੈ ਕਿ ਜ਼ਹਿਰ ਨਿਗਲਣ ਵਾਲੇ ਜੱਗਾ ਸਿੰਘ ‘ਤੇ ਪਹਿਲਾਂ ਹੀ ਐਨਡੀਪੀਐਸ ਅਤੇ ਬਲਾਤਕਾਰ ਵਰਗੇ 9 ਕੇਸ ਦਰਜ ਹਨ। ਇਸ ਦੇ ਨਾਲ ਹੀ ਇੱਕ ਕੇਸ ਇਸ ਸਾਲ ਵੀ ਦਰਜ ਹੋਇਆ ਸੀ। ਦੱਸ ਦਈਏ ਕਿ ਜੱਗਾ ਸਿੰਘ ਇਸ ਸਮੇਂ ਪਟਿਆਲਾ ਵਿਖੇ ਰਾਜਿੰਦਰਾ ਹਸਪਤਾਲ ਦਾਖਲ ਹੈ, ਜਿਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਐਸਐਸਪੀ ਰਵਜੋਤ ਗਰੇਵਾਲ ਨੇ ਦੱਸਿਆ ਕਿ “ਜ਼ਹਿਰੀਲੀ ਦਵਾਈ ਪੀਣ ਵਾਲੇ ਜੱਗਾ ਸਿੰਘ ਦੇ ਉੱਪਰ ਪਹਿਲਾਂ ਹੀ ਕੁੱਲ 9 ਮੁਕੱਦਮੇ ਦਰਜ ਹਨ, ਜਿਨ੍ਹਾਂ ਵਿਚ 7 ਐਕਸਾਈਜ ਐਕਟ, ਇੱਕ ਐਨਡੀਪੀਐਸ ਅਤੇ ਇੱਕ ਆਈਪੀਸੀ ਕੇਸ ਦਰਜ ਹੈ। ਇਸਦੇ ਨਾਲ ਹੀ ਇੱਕ ਸੰਗੀਨ ਧਾਰਾ ਬਲਾਤਾਕਰ ਦਾ ਮਾਮਲਾ ਵੀ ਉਸ ‘ਤੇ ਦਰਜ ਹੈ।”
![]()
“ਜੱਗਾ ਸਿੰਘ ਨੇ ਪੁਲਿਸ ਨੂੰ ਡਰਾਉਣ ਲਈ ਪਾਈ ਸੀ ਵੀਡੀਓ”
ਐਸਐਸਪੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਸਭ ਤੋਂ ਪਹਿਲਾ ਜੱਗਾ ਸਿੰਘ ਨੇ ਸ਼ੋਸ਼ਲ ਮੀਡੀਆ ‘ਤੇ ਇੱਕ ਵੀਡੀਓ ਪਾਈ ਸੀ, ਜਿਸ ਵਿੱਚ ਉਸਨੇ ਪੁਲਿਸ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਜੇਕਰ ਮੇਰੇ ਕੇਸ ‘ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਤਾਂ ਮੈਂ ਖੁਦਕੁਸ਼ੀ ਕਰ ਲਵਾਂਗਾ।
“ਕਿਸੇ ਨੂੰ ਮਜ਼ਬੂਰ ਕਰਕੇ ਕੰਮ ਕਰਵਾਉਣਾ ਜਾਂ ਬਲੈਕਮੇਲ ਕਰਨਾ ਕਾਨੂੰਨੀ ਜੁਰਮ”
ਐਸਐਸਪੀ ਨੇ ਕਿਹਾ ਕਿ “ਮੈਂ ਸਾਰਿਆਂ ਦੇ ਧਿਆਨ ਵਿੱਚ ਲਿਆਉਣਾ ਚਾਹੁੰਦੀ ਹਾਂ ਕਿ ਕਿਸੇ ਨੂੰ ਵੀ ਕੋਈ ਕੰਮ ਕਰਨ ਲਈ ਮਜ਼ਬੂਰ ਕਰਨਾ, ਜਾਂ ਬਲੈਕਮੇਲ ਕਰਨਾ, ਉਸੇ ਤਰ੍ਹਾਂ ਖੁਦਕੁਸ਼ੀ ਦੀ ਕੋਸ਼ਿਸ਼ ਕਰਨਾ ਕਾਨੂੰਨੀ ਜੁਰਮ ਹੈ। ਜੱਗਾ ਸਿੰਘ ਖਿਲਾਫ 12 ਤਰੀਕ ਤੋਂ ਹੀ ਇਸ ਮਾਮਲੇ ਵਿੱਚ ਕਾਨੂੰਨੀ ਪ੍ਰਕਿਰਿਆ ਚੱਲ ਰਹੀ ਸੀ। ਸੰਗਰੂਰ ਦੀ ਪੰਚਾਇਤ ਦਾ ਕਹਿਣਾ ਸੀ ਕਿ ਜੱਗਾ ਸਿੰਘ ਨੂੰ ਪਾਲਿਟੀਕਲ ਤੌਰ ‘ਤੇ ਉਕਸਾਇਆ ਜਾ ਰਿਹਾ ਹੈ। ਇਸਦੀ ਹੁਣ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।”
“7 ਸਤੰਬਰ ਨੂੰ ਹੋਇਆ ਸੀ ਵਿਵਾਦ”
ਮਨਪ੍ਰੀਤ ਕੌਰ ਨੇ ਦੱਸਿਆ ਕਿ “7 ਸਤੰਬਰ ਨੂੰ ਕੁਝ ਵਿਅਕਤੀਆਂ ਨਾਲ ਸਾਡਾ ਦਾ ਵਿਵਾਦ ਹੋਇਆ ਸੀ। ਇਸ ਦੌਰਾਨ ਉਨ੍ਹਾਂ ਨੇ ਸਾਡੇ ਘਰ ਵਿੱਚ ਦਾਖਲ ਹੋ ਕੇ ਕੁੱਟਮਾਰ ਅਤੇ ਭੰਨਤੋੜ ਕੀਤੀ ਅਤੇ ਪਰਿਵਾਰਕ ਮੈਂਬਰਾਂ ਨੂੰ ਗਾਲ੍ਹਾਂ ਕੱਢੀਆਂ। ਇਸ ਸਬੰਧੀ ਅਸੀਂ ਚੀਮਾ ਥਾਣੇ ਵਿੱਚ ਸ਼ਿਕਾਇਤ ਦਿੱਤੀ ਗਈ ਸੀ। ਇਸ ਤੋਂ ਬਾਅਦ ਆਮ ਆਦਮੀ ਪਾਰਟੀ ਨਾਲ ਸਬੰਧਿਤ ਇੱਕ ਸਰਪੰਚ ਅਤੇ ਹੋਰ ਪੰਚਾਇਤ ਮੈਂਬਰਾਂ ਦੀ ਮੌਜੂਦਗੀ ਵਿੱਚ ਸਾਡੇ ਘਰ ’ਤੇ ਮੁੜ ਹਮਲਾ ਕੀਤਾ। ਵੱਡੀ ਗਿਣਤੀ ਵਿੱਚ ਲੋਕ ਸਾਡੇ ਘਰ ਪਹੁੰਚੇ।”
“ਕੰਧ ਟੱਪ ਕੇ ਘਰ ‘ਚ ਦਾਖਲ ਹੋਏ ਸੀ ਹਮਲਾਵਰ”
ਮਨਪ੍ਰੀਤ ਕੌਰ ਨੇ ਕਿਹਾ ਕਿ ਅਸੀਂ ਘਰ ਦਾ ਦਰਵਾਜ਼ਾ ਬੰਦ ਕਰ ਲਿਆ, ਜਿਸ ਤੋਂ ਬਾਅਦ ਕਥਿਤ ਤੌਰ ’ਤੇ ਲੋਕ ਛੱਤ ’ਤੇ ਚੜ੍ਹ ਗਏ ਅਤੇ ਬਾਅਦ ਵਿੱਚ ਕੰਧ ਟੱਪ ਕੇ ਘਰ ਅੰਦਰ ਦਾਖਲ ਹੋ ਗਏ। ਅੰਦਰ ਦਾਖਲ ਹੋਣ ਤੋਂ ਬਾਅਦ ਮੇਰੀ ਦੀ ਸੱਸ ਅਤੇ ਮੇਰੇ ਪਤੀ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਘਰ ਵਿੱਚ ਪਏ ਪੱਖਿਆਂ, ਡਿੱਸ਼ ਅਤੇ ਹੋਰ ਸਮਾਨ ਦੀ ਡੰਡਿਆਂ ਨਾਲ ਭੰਨਤੋੜ ਕੀਤੀ ਗਈ। ਇਸ ਸਾਰੀ ਘਟਨਾ ਤੋਂ ਬਾਅਦ ਅਸੀਂ ਪੁਲਿਸ ਨੂੰ ਫੋਨ ਕੀਤਾ ਅਤੇ ਕਰੀਬ 20 ਮਿੰਟ ਬਾਅਦ ਪੁਲਿਸ ਮੌਕੇ ’ਤੇ ਪਹੁੰਚੀ। ਪੁਲਿਸ ਨੇ ਸਾਡੇ ਸਾਰੇ ਘਰ ਦੀ ਤਲਾਸ਼ੀ ਲਈ ਅਤੇ ਕਹਿੰਦੇ ਕੀ ਉਹ ਬੰਦਾ ਘਰ ਹੈ ਨਹੀਂ ਤਾਂ ਉਹ ਸਾਡੇ ਘਰੋਂ ਚਲੇ ਗਏ, ਨਾਲ ਹੀ ਜਾਂਦੇ-ਜਾਂਦੇ ਸਾਡਾ ਇੱਕ ਕਾਉਂਟਰ ਪਿਆ ਸੀ ਉਹ ਵੀ ਤੋੜ ਕੇ ਸੁੱਟ ਗਏ ਅਤੇ ਤੂੜੀ ਨੂੰ ਅੱਗ ਲਗਾ ਗਏ।
ਨਸ਼ਿਆਂ ਖ਼ਿਲਾਫ਼ ਵੀਡੀਓ ਬਣਾਉਣ ਨੂੰ ਲੈ ਕੇ ਵੀ ਦੋਸ਼
ਇਸ ਦੇ ਨਾਲ ਹੀ ਮਨਪ੍ਰੀਤ ਕੌਰ ਨੇ ਕਿਹਾ ਕਿ ਮੇਰੇ ਪਤੀ ਜਗਸੀਰ ਸਿੰਘ ਜੱਗਾ ਵੱਲੋਂ ਨਸ਼ਿਆਂ, ਖਾਸ ਕਰਕੇ ਚਿੱਟੇ ਦੀ ਵਿਕਰੀ ਖ਼ਿਲਾਫ਼ ਵੀਡੀਓ ਬਣਾਕੇ ਸੋਸ਼ਲ ਮੀਡੀਆ ’ਤੇ ਪਾਈਆਂ ਜਾਂਦੀਆਂ ਸਨ। ਇਸ ਕਾਰਨ ਉਨ੍ਹਾਂ ਨੂੰ ਧਮਕੀਆਂ ਵੀ ਦਿੱਤੀਆਂ ਗਈਆਂ ਸਨ। ਮੇਰੇ ਪਤੀ ਨੂੰ ਕਥਿਤ ਤੌਰ ’ਤੇ ਵੀਡੀਓ ਬਣਾਉਣ ਤੋਂ ਰੋਕਣ ਅਤੇ ਉਨ੍ਹਾਂ ਖ਼ਿਲਾਫ਼ ਪਰਚਾ ਦਰਜ ਕਰਵਾਉਣ ਦੀਆਂ ਧਮਕੀਆਂ ਦਿੱਤੀਆਂ ਗਈਆਂ। ਮੇਰੇ ਪਤੀ ਵੱਲੋਂ ਬਣਾਈਆਂ ਵੀਡੀਓਜ਼ ਵਿੱਚ ਇਲਾਕੇ ਵਿੱਚ ਚਿੱਟੇ ਦੀ ਵਿਕਰੀ ਦਾ ਮੁੱਦਾ ਉਠਾਇਆ ਗਿਆ ਸੀ।
ਸੀਸੀਟੀਵੀ ਦੀ ਡੀਵੀਆਰ ਲਿਜਾਣ ਦਾ ਵੀ ਦੋਸ਼
ਮਨਪ੍ਰੀਤ ਕੌਰ ਨੇ ਦੋਸ਼ ਲਗਾਇਆ ਕਿ ਘਟਨਾ ਤੋਂ ਬਾਅਦ ਘਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਡੀਵੀਆਰ ਵੀ ਕਥਿਤ ਤੌਰ ’ਤੇ ਪੰਚਾਇਤ ਨਾਲ ਜੁੜੇ ਲੋਕਾਂ ਵੱਲੋਂ ਲਿਜਾਈ ਗਈ। ਉਨ੍ਹਾਂ ਪੁਲਿਸ ਵੱਲੋਂ ਡੀਵੀਆਰ ਲਿਜਾਣ ਤੋਂ ਇਨਕਾਰ ਕਰਦਿਆਂ ਪੰਚਾਇਤ ’ਤੇ ਦੋਸ਼ ਲਗਾਏ। ਮਨਪ੍ਰੀਤ ਕੌਰ ਨੇ ਮੰਗ ਕੀਤੀ ਕਿ ਉਨ੍ਹਾਂ ਦੇ ਪਰਿਵਾਰ ਨਾਲ ਹੋਈ ਕਥਿਤ ਕੁੱਟਮਾਰ, ਘਰ ਵਿੱਚ ਭੰਨਤੋੜ ਅਤੇ ਡੀਵੀਆਰ ਲਿਜਾਣ ਦੇ ਮਾਮਲੇ ਵਿੱਚ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਉੱਥੇ ਹੀ ਜਗਸੀਰ ਸਿੰਘ ਜੱਗਾ ਦਾ ਫਿਲਹਾਲ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਮਨਪ੍ਰੀਤ ਕੌਰ ਮੁਤਾਬਕ ਉਨ੍ਹਾਂ ਦੀ ਹਾਲਤ ਵਿੱਚ ਕੁਝ ਸੁਧਾਰ ਹੋਇਆ ਹੈ, ਪਰ ਉਹ ਅਜੇ ਪੂਰੀ ਤਰ੍ਹਾਂ ਠੀਕ ਨਹੀਂ ਹੋਏ ਹਨ।





