ਡੋਪ ਟੈਸਟ ਦੌਰਾਨ ਹੰਗਾਮਾ: ਮੰਤਰੀ ਸੌਂਦ ਤੇ ਵਿਰੋਧੀ ਧਿਰਾਂ ਦੇ ਆਗੂ ਆਹਮੋ-ਸਾਹਮਣੇ!
ਡੋਪ ਟੈਸਟ ਦੌਰਾਨ ਹੰਗਾਮਾ: ਮੰਤਰੀ ਸੌਂਦ ਤੇ ਵਿਰੋਧੀ ਧਿਰਾਂ ਦੇ ਆਗੂ ਆਹਮੋ-ਸਾਹਮਣੇ!
ਖੰਨਾ: ਨਸ਼ੇ ਦੇ ਮੁੱਦੇ ‘ਤੇ ਖੰਨਾ ਵਿੱਚ ਸਿਆਸੀ ਘਮਸਾਣ ਮੱਚਦਾ ਦਿਖਾਈ ਦਿੱਤਾ ਹੈ। ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਸ਼ੁਰੂ ਹੋਈ ਡੋਪ ਟੈਸਟ ਦੀ ਚੁਣੌਤੀ ਅੱਜ ਸਰਕਾਰੀ ਹਸਪਤਾਲ ਵਿੱਚ ਉਸ ਸਮੇਂ ਵੱਡੇ ਵਿਵਾਦ ਵਿੱਚ ਬਦਲ ਗਈ, ਜਦੋਂ ਡੋਪ ਟੈਸਟ ਦੀ ਰਿਪੋਰਟ ਨਾਲੋਂ ਵੱਧ ਸਵਾਲ ਸੈਂਪਲ ਲੈਣ ਦੀ ਪ੍ਰਕਿਰਿਆ ਅਤੇ ਹਸਪਤਾਲ ਪ੍ਰਬੰਧਨ ਦੀ ਭੂਮਿਕਾ ਨੂੰ ਲੈ ਕੇ ਸਵਾਲ ਖੜ੍ਹੇ ਹੋ ਗਏ।ਪੰਜਾਬ ਦੇ ਕੈਬਨਿਟ ਮੰਤਰੀ ਅਤੇ ਖੰਨਾ ਤੋਂ ‘ਆਪ’ ਵਿਧਾਇਕ ਤਰੁਣਪ੍ਰੀਤ ਸਿੰਘ ਸੌਂਦ ਦੇ ਡੋਪ ਟੈਸਟ ਦੀ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਅਕਾਲੀ ਦਲ, ਕਾਂਗਰਸ ਅਤੇ ਭਾਜਪਾ ਆਗੂਆਂ ਨੇ ਸਰਕਾਰੀ ਹਸਪਤਾਲ ਦੇ ਐਸਐਮਓ ਡਾ. ਮਨਿੰਦਰ ਸਿੰਘ ਭਸੀਨ ਦੀ ਕਾਰਜਸ਼ੈਲੀ ’ਤੇ ਗੰਭੀਰ ਸਵਾਲ ਚੁੱਕ ਦਿੱਤੇ।

ਕਿਉਂ ਪਿਆ ਪੰਗਾ?
ਵਿਵਾਦ ਦੀ ਸ਼ੁਰੂਆਤ ਉਸ ਸਮੇਂ ਹੋਈ ਜਦੋਂ ਡੋਪ ਟੈਸਟ ਲਈ ਸਵੇਰੇ 11 ਵਜੇ ਦਾ ਸਮਾਂ ਤੈਅ ਕੀਤਾ ਗਿਆ ਸੀ। ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਕਰੀਬ 10 ਮਿੰਟ ਪਹਿਲਾਂ ਹੀ ਸਰਕਾਰੀ ਹਸਪਤਾਲ ਪਹੁੰਚ ਗਏ। ਉਹ ਸਿੱਧੇ ਐਸਐਮਓ ਦੇ ਕਮਰੇ ਵਿੱਚ ਗਏ ਅਤੇ ਉੱਥੇ ਯੂਰਿਨ ਸੈਂਪਲ ਦਿੱਤਾ ਗਿਆ। ਇਸ ਤੋਂ ਕੁਝ ਹੀ ਮਿੰਟਾਂ ਬਾਅਦ ਟੈਸਟ ਦਾ ਨਤੀਜਾ ਨੈਗੇਟਿਵ ਦੱਸਿਆ ਗਿਆ।
ਇਸ ਤੋਂ ਬਾਅਦ ਜਦੋਂ ਕਰੀਬ 11 ਵਜੇ ਅਕਾਲੀ ਦਲ ਦੇ ਹਲਕਾ ਇੰਚਾਰਜ ਯਾਦਵਿੰਦਰ ਸਿੰਘ ਯਾਦੂ ਅਤੇ ਕਾਂਗਰਸ ਦੇ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਸਮੇਤ ਹੋਰ ਆਗੂ ਹਸਪਤਾਲ ਪਹੁੰਚੇ ਤਾਂ ਮਾਹੌਲ ਗਰਮਾ ਗਿਆ। ਉਨ੍ਹਾਂ ਨੇ ਸਵਾਲ ਕੀਤਾ ਕਿ ਜਦੋਂ ਸਾਰਿਆਂ ਲਈ 11 ਵਜੇ ਦਾ ਸਮਾਂ ਤੈਅ ਕੀਤਾ ਗਿਆ ਸੀ ਤਾਂ ਮੰਤਰੀ ਦਾ ਸੈਂਪਲ ਇਸ ਤੋਂ ਪਹਿਲਾਂ ਹੀ ਕਿਉਂ ਲਿਆ ਗਿਆ?
ਸਭ ਤੋਂ ਵੱਡਾ ਸਵਾਲ ਸੈਂਪਲਿੰਗ ਦੀ ਪ੍ਰਕਿਰਿਆ ’ਤੇ
ਵਿਰੋਧੀ ਆਗੂਆਂ ਨੇ ਸਿਰਫ਼ ਟਾਈਮਿੰਗ ’ਤੇ ਹੀ ਸਵਾਲ ਨਹੀਂ ਚੁੱਕੇ, ਸਗੋਂ ਇਹ ਵੀ ਇਲਜ਼ਾਮ ਲਾਇਆ ਕਿ ਮੰਤਰੀ ਦਾ ਸੈਂਪਲ ਲੈਣ ਲਈ ਹਸਪਤਾਲ ਵਿੱਚ ਮੌਜੂਦ ਹੋਰ ਲੈਬ ਟੈਕਨੀਸ਼ਨਾਂ ਦੀ ਬਜਾਇ ਇੱਕ ਮਹਿਲਾ ਕਰਮਚਾਰੀ ਦੀ ਡਿਊਟੀ ਲਗਾਈ ਗਈ। ਆਗੂਆਂ ਨੇ ਇਸ ਨੂੰ ਜਾਂਚ ਦਾ ਵਿਸ਼ਾ ਦੱਸਦਿਆਂ ਸਵਾਲ ਕੀਤਾ ਕਿ ਜੇਕਰ ਹਸਪਤਾਲ ਵਿੱਚ ਹੋਰ ਪੁਰਸ਼ ਲੈਬ ਟੈਕਨੀਸ਼ਨ ਮੌਜੂਦ ਸਨ ਤਾਂ ਖਾਸ ਤੌਰ ’ਤੇ ਮਹਿਲਾ ਕਰਮਚਾਰੀ ਦੀ ਡਿਊਟੀ ਕਿਉਂ ਲਗਾਈ ਗਈ ?
ਵਿਰੋਧੀ ਧਿਰਾਂ ਦੇ ਵੱਡੇ ਸਵਾਲ
ਇਹ ਸਵਾਲ ਹੁਣ ਇਸ ਪੂਰੇ ਮਾਮਲੇ ਦਾ ਇੱਕ ਨਵਾਂ ਕੇਂਦਰ ਬਣ ਗਿਆ ਹੈ। ਵਿਰੋਧੀ ਧਿਰਾਂ ਦਾ ਇਲਜ਼ਾਮ ਹੈ ਕਿ ਸੈਂਪਲਿੰਗ ਦੀ ਪ੍ਰਕਿਰਿਆ ਪੂਰੀ ਤਰ੍ਹਾਂ ਪਾਰਦਰਸ਼ੀ ਹੋਣੀ ਚਾਹੀਦੀ ਸੀ ਅਤੇ ਜਿਸ ਤਰ੍ਹਾਂ ਸੈਂਪਲ ਲੈਣ ਦੀ ਕਾਰਵਾਈ ਹੋਈ, ਉਸ ਨਾਲ ਸ਼ੱਕ ਦੀ ਸਥਿਤੀ ਪੈਦਾ ਹੋਈ। ਅਕਾਲੀ ਦਲ, ਕਾਂਗਰਸ ਅਤੇ ਭਾਜਪਾ ਆਗੂਆਂ ਨੇ ਇਲਜ਼ਾਮ ਲਾਇਆ ਕਿ ਐਸਐਮਓ ਨੇ ਸਿਆਸੀ ਦਬਾਅ ਹੇਠ ਕੰਮ ਕਰਦਿਆਂ ਮੰਤਰੀ ਦਾ ਡੋਪ ਟੈਸਟ ਕਰਵਾਇਆ ਅਤੇ ਰਿਪੋਰਟ ਤਿਆਰ ਕਰਵਾਈ।
“ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਦੀ ਕੋਸ਼ਿਸ਼ ਮੰਤਰੀ ਤਰੁਨਪ੍ਰੀਤ ਸੌਂਦ ਵੱਲੋਂ ਕੀਤੀ ਗਈ ਹੈ। ਜਿਹੜੀ ਗੱਲ ਦਾ ਖਦਸ਼ਾ ਸੀ ਉਹ ਗੱਲ ਸਾਹਮਣੇ ਆਈ ਹੈ। ਅਸੀਂ ਸਾਰਿਆ ਦੇ ਸਾਹਮਣੇ 11 ਵਜੇ ਆ ਕੇ ਡੋਪ ਟੈਸਟ ਕਰਵਾਉਣ ਦੀ ਗੱਲ ਕਹੀ ਸੀ ਪਰ 11 ਵੱਜਣ ਤੋਂ ਪਹਿਲਾਂ ਹੀ ਮੰਤਰੀ ਸੌਂਦ ਆਪਣੇ ਸਮਰਥਕਾਂ ਸਮੇਤ ਪਹੁੰਚ ਕੇ ਆਪਣਾ ਡੋਪ ਟੈਸਟ ਨੈਗੇਟਿਵ ਕਰਵਾ ਕੇ ਮੌਕੇ ਤੋਂ ਚਲੇ ਗਏ। ਪਰ ਸਾਰਿਆਂ ਦੇ ਵੱਲੋਂ ਹਰ ਇੱਕ ਦੇ ਸਾਹਮਣੇ ਡੋਪ ਟੈਸਟ ਕਰਵਾਏ ਗਏ।”–ਗੁਰਕੀਰਤ ਕੋਟਲੀ, ਸਾਬਕਾ ਕਾਂਗਰਸ ਮੰਤਰੀ
ਵਿਰੋਧੀ ਆਗੂਆਂ ਨੇ ਸਵਾਲ ਕੀਤਾ ਕਿ ਜੇਕਰ ਡੋਪ ਟੈਸਟ ਨੂੰ ਲੈ ਕੇ ਸਾਰੀਆਂ ਸਿਆਸੀ ਧਿਰਾਂ ਇੱਕੋ ਥਾਂ ਅਤੇ ਇੱਕੋ ਸਮੇਂ ਟੈਸਟ ਕਰਵਾਉਣ ਲਈ ਪਹੁੰਚੀਆਂ ਸਨ ਤਾਂ ਪ੍ਰਕਿਰਿਆ ਸਾਰਿਆਂ ਲਈ ਇੱਕੋ ਜਿਹੀ ਕਿਉਂ ਨਹੀਂ ਰੱਖੀ ਗਈ? ਉਨ੍ਹਾਂ ਨੇ ਇਹ ਵੀ ਕਿਹਾ ਕਿ ਸੈਂਪਲ ਲੈਣ ਤੋਂ ਲੈ ਕੇ ਰਿਪੋਰਟ ਤਿਆਰ ਕਰਨ ਤੱਕ ਪੂਰੀ ਪ੍ਰਕਿਰਿਆ ਪਾਰਦਰਸ਼ੀ ਹੋਣੀ ਚਾਹੀਦੀ ਸੀ।
ਐਸਐਮਓ ਦੇ ਦਫਤਰ ਵਿੱਚ ਵਧਿਆ ਤਣਾਅ
ਇਨ੍ਹਾਂ ਸਵਾਲਾਂ ਤੋਂ ਬਾਅਦ ਐਸਐਮਓ ਦੇ ਦਫਤਰ ਵਿੱਚ ਆਮ ਆਦਮੀ ਪਾਰਟੀ, ਅਕਾਲੀ ਦਲ, ਕਾਂਗਰਸ ਅਤੇ ਭਾਜਪਾ ਦੇ ਆਗੂਆਂ ਵਿਚਾਲੇ ਤਿੱਖੀ ਬਹਿਸ ਸ਼ੁਰੂ ਹੋ ਗਈ। ਮਾਹੌਲ ਇੰਨਾ ਗਰਮ ਹੋ ਗਿਆ ਕਿ ਗੱਲ ਹੱਥੋਪਾਈ ਤੱਕ ਪਹੁੰਚਦੀ ਨਜ਼ਰ ਆਈ। ਮੌਕੇ ’ਤੇ ਮੌਜੂਦ ਪੁਲਿਸ ਅਫ਼ਸਰਾਂ ਨੇ ਦਖਲ ਦਿੰਦਿਆਂ ਮੰਤਰੀ ਸੌਂਦ ਨੂੰ ਉਨ੍ਹਾਂ ਦੇ ਸਮਰਥਕਾਂ ਸਮੇਤ ਕਮਰੇ ਤੋਂ ਬਾਹਰ ਕੱਢਿਆ।ਇਸ ਦੌਰਾਨ ਵੱਖ-ਵੱਖ ਸਿਆਸੀ ਧਿਰਾਂ ਦੇ ਆਗੂਆਂ ਅਤੇ ਵਰਕਰਾਂ ਨੇ ਇੱਕ-ਦੂਜੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪੁਲਿਸ ਨੇ ਸਥਿਤੀ ਨੂੰ ਕਾਬੂ ਵਿੱਚ ਕੀਤਾ।
“ਅਸੀਂ ਚੈਲੰਜ ਕੀਤਾ ਸੀ ਕਿ ਮੀਡੀਆ ਸਾਹਮਣੇ ਲਾਈਵ ਡੋਪ ਟੈਸਟ ਕਰਵਾਵਾਂਗੇ। ਪਰ ਸਾਡੇ ਆਉਣ ਤੋਂ ਪਹਿਲਾਂ ਹੀ ਮੰਤਰੀ ਵੱਲੋਂ ਡੋਪ ਟੈਸਟ ਕਰਵਾਇਆ ਗਿਆ। ਪਰ ਅਸੀਂ ਨੇ ਸਾਰਿਆਂ ਦੇ ਸਾਹਮਣੇ ਆਪਣਾ ਡੋਪ ਟੈਸਟ ਕਰਵਾਇਆ ਹੈ ਅਤੇ ਰਿਪੋਰਟ ਨੈਗੇਟਿਵ ਆਈ ਹੈ। ਅੰਬਾਲਾ ਅਤੇ ਪੀਜੀਆਈ ਵੀ ਡੋਪ ਟੈਸਟ ਦੀ ਗੱਲ ਕਹੀ ਗਈ ਸੀ ਪਰ ਉਨ੍ਹਾਂ ਵੱਲੋਂ ਟੈਸਟ ਨਹੀਂ ਕਰਵਾਇਆ।”-ਯਾਦਵਿੰਦਰ ਸਿੰਘ ਯਾਦੂ, ਅਕਾਲੀ ਆਗੂ
ਮੰਤਰੀ ਸੌਂਦ ਆਪਣਾ ਡੋਪ ਟੈਸਟ ਕਰਵਾਉਣ ਤੋਂ ਬਾਅਦ ਉਥੋਂ ਰਵਾਨਾ ਹੋ ਗਏ। ਇਸ ਤੋਂ ਬਾਅਦ ਯਾਦਵਿੰਦਰ ਸਿੰਘ ਯਾਦੂ ਅਤੇ ਗੁਰਕੀਰਤ ਸਿੰਘ ਕੋਟਲੀ ਨੇ ਵੀ ਆਪਣੇ ਡੋਪ ਟੈਸਟ ਕਰਵਾਏ, ਜਿਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ।
‘ਵਿਰੋਧੀਆਂ ਕੋਲ ਕੋਈ ਮੁੱਦਾ ਨਹੀਂ,ਜਾਣਬੁੱਝ ਕੇ ਲਗਾ ਰਹੇ ਇਲਜ਼ਾਮ’
ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ “ਵਿਰੋਧੀ ਧਿਰਾਂ ਕੋਲ ਕੋਈ ਮੁੱਦਾ ਨਹੀਂ ਹੈ, ਇਸ ਲਈ ਜਾਣਬੁੱਝ ਕੇ ਬੇਬੁਨਿਆਦ ਇਲਜ਼ਾਮ ਲਗਾਏ ਜਾ ਰਹੇ ਹਨ। ਵਿਰੋਧੀਆਂ ਕੋਲ ਨਾ ਤਾਂ ਵਿਕਾਸ ਦੇ ਮੁੱਦੇ ’ਤੇ ਬਹਿਸ ਕਰਨ ਦੀ ਤਾਕਤ ਹੈ ਅਤੇ ਨਾ ਹੀ ਹੁਣ ਡੋਪ ਟੈਸਟ ਦੇ ਚੈਲੰਜ ਦਾ ਸਾਹਮਣਾ ਕਰਨ ਤੋਂ ਬਾਅਦ ਕੋਈ ਮੁੱਦਾ ਬਚਿਆ ਹੈ। ਮੇਰੀ ਡੋਪ ਟੈਸਟ ਦੀ ਰਿਪੋਰਟ ਜਨਤਾ ਦੇ ਸਾਹਮਣੇ ਆ ਚੁੱਕੀ ਹੈ ਅਤੇ ਵਿਰੋਧੀ ਇਸ ਮਾਮਲੇ ਵਿੱਚ ਵੀ ਫੇਲ੍ਹ ਸਾਬਤ ਹੋਈ ਹੈ।”
‘ਗਲਤ ਤਰੀਕੇ ਨਾਲ ਸੈਂਪਲ ਲੈ ਕੇ ਗਲਤ ਰਿਪੋਰਟ ਬਣਾਈ’
ਅਕਾਲੀ ਦਲ ਦੇ ਹਲਕਾ ਇੰਚਾਰਜ ਯਾਦਵਿੰਦਰ ਸਿੰਘ ਯਾਦੂ ਨੇ ਇਲਜ਼ਾਮ ਲਗਾਇਆ ਕਿ “ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਦਾ ਸੈਂਪਲ ਸਹੀ ਤਰੀਕੇ ਨਾਲ ਨਹੀਂ ਲਿਆ ਗਿਆ ਅਤੇ ਇਸ ਅਧਾਰ ’ਤੇ ਗਲਤ ਰਿਪੋਰਟ ਤਿਆਰ ਕੀਤੀ ਗਈ। ਜੇਕਰ ਮੰਤਰੀ ਨੂੰ ਆਪਣੀ ਰਿਪੋਰਟ ’ਤੇ ਪੂਰਾ ਭਰੋਸਾ ਹੈ ਤਾਂ ਉਹ ਉਨ੍ਹਾਂ ਦੇ ਨਾਲ ਚੱਲ ਕੇ ਪੀਜੀਆਈ ਅਤੇ ਅੰਬਾਲਾ ਤੋਂ ਵੀ ਡੋਪ ਟੈਸਟ ਕਰਵਾਉਣ।” ਯਾਦੂ ਨੇ ਕਿਹਾ ਕਿ ਉਹ ਖੰਨਾ ਤੋਂ ਇਲਾਵਾ ਪੀਜੀਆਈ ਅਤੇ ਅੰਬਾਲਾ ਵਿੱਚ ਵੀ ਲਾਈਵ ਹੋ ਕੇ ਆਪਣਾ ਟੈਸਟ ਕਰਵਾਉਣਗੇ ਅਤੇ ਰਿਪੋਰਟਾਂ ਜਨਤਕ ਕਰਨਗੇ।
“ਸੱਚਾਈ ਦੀ ਜਿੱਤ ਹੋਈ ਹੈ। ਪਿਛਲੇ ਦਿਨੀਂ ਅਕਾਲੀ ਲੀਡਰ ਵੱਲੋਂ ਮੈਨੂੰ ਡੋਪ ਟੈਸਟ ਕਰਵਾਉਣ ਲਈ ਚੈਲੰਜ ਕੀਤਾ ਗਿਆ ਸੀ। ਮੈਂ ਇਨ੍ਹਾਂ ਦਾ ਚੈਲੰਜ ਕਬੂਲ ਕਰਕੇ ਡੋਪ ਟੈਸਟ ਕਰਵਾ ਲਿਆ ਹੈ ਅਤੇ ਮੇਰੀ ਰਿਪੋਰਟ ਨੈਗੇਟਿਵ ਆਈ ਹੈ। ਇਨ੍ਹਾਂ ਵੱਲੋਂ ਜਗ੍ਹਾ ਅਤੇ ਸਥਾਨ ਤੈਅ ਕੀਤਾ ਗਿਆ ਸੀ। ਡਾਕਟਰਾਂ ਦੇ ਪੈਨਲ ਹੇਠ ਮੇਰੀ ਰਿਪੋਰਟ ਬਣਾਈ ਗਈ ਹੈ ਜੋ ਨੈਗੇਟਿਵ ਆਈ ਹੈ।”–ਤਰੁਨਪ੍ਰੀਤ ਸਿੰਘ ਸੌਂਦ,ਕੈਬਨਿਟ ਮੰਤਰੀ
ਨਾ ਲਾਈਵ ਸੈਂਪਲ ਦਿੱਤਾ, ਨਾ ਕੈਮਰੇ ਸਾਹਮਣੇ ਜਾਂਚ ਹੋਈ’
ਕਾਂਗਰਸ ਦੇ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਇਲਜ਼ਾਮ ਲਗਾਇਆ ਕਿ “ਤਰੁਣਪ੍ਰੀਤ ਸਿੰਘ ਸੌਂਦ ਨੇ ਡੋਪ ਟੈਸਟ ਲਈ ਸੈਂਪਲ ਪਾਰਦਰਸ਼ੀ ਤਰੀਕੇ ਨਾਲ ਨਹੀਂ ਦਿੱਤਾ। ਸੈਂਪਲ ਲੈਣ ਦੀ ਪ੍ਰਕਿਰਿਆ ਲਾਈਵ ਨਹੀਂ ਕੀਤੀ ਗਈ ਅਤੇ ਨਾ ਹੀ ਕਿਸੇ ਦੀ ਮੌਜੂਦਗੀ ਜਾਂ ਕੈਮਰੇ ਸਾਹਮਣੇ ਸੈਂਪਲ ਦੀ ਜਾਂਚ ਕੀਤੀ ਗਈ। ਜੇਕਰ ਪੂਰੀ ਪ੍ਰਕਿਰਿਆ ਪਾਰਦਰਸ਼ੀ ਸੀ ਤਾਂ ਸੈਂਪਲ ਲੈਣ ਤੋਂ ਲੈ ਕੇ ਜਾਂਚ ਅਤੇ ਰਿਪੋਰਟ ਤਿਆਰ ਕਰਨ ਤੱਕ ਦੀ ਕਾਰਵਾਈ ਕੈਮਰੇ ਸਾਹਮਣੇ ਕਿਉਂ ਨਹੀਂ ਕੀਤੀ ਗਈ।”





