ਬਾਗੇਸ਼ਵਰ ਧਾਮ ਵਾਲੇ ਧੀਰੇਂਦਰ ਸ਼ਾਸਤਰੀ ਦੀਆਂ ਵਧ ਸਕਦੀਆਂ ਨੇ ਮੁਸ਼ਕਿਲਾਂ, ਸ਼ਾਹੀ ਇਮਾਮ ਨੇ ਕਿਹਾ- “ਦਰਜ ਹੋਵੇਗੀ FIR”
ਲੁਧਿਆਣਾ ਜਾਮਾ ਮਸਜਿਦ ਦੇ ਸ਼ਾਹੀ ਇਮਾਮ ਨੇ ਕੀਤੀ ਨਿਖੇਧੀ, ਧੀਰੇਂਦਰ ਸ਼ਾਸਤਰੀ ਦਾ ਵੀ ਆਇਆ ਬਿਆਨ ਸਾਹਮਣੇ।
ਲੁਧਿਆਣਾ: ਲੁਧਿਆਣਾ ਵਿੱਚ ਬਾਗੇਸ਼ਵਰ ਧਾਮ ਦੇ ਪੰਡਿਤ ਧੀਰੇਂਦਰ ਸ਼ਾਸਤਰੀ ਦੇ ਧਾਰਮਿਕ ਸਮਾਗਮ ਕਈ ਦਿਨਾਂ ਤੋਂ ਚੱਲ ਰਹੇ ਹਨ। ਇਸ ਨੂੰ ਲੈ ਕੇ ਜਿੱਥੇ ਪੰਜਾਬ ਅਤੇ ਨਾਲ ਹੀ ਨੇੜੇ-ਤੇੜੇ ਦੇ ਸੂਬਿਆਂ ਦੇ ਲੋਕ ਵੀ ਵੱਡੀ ਗਿਣਤੀ ‘ਚ ਪਹੁੰਚੇ ਹੋਏ ਸਨ। ਇਸ ਦੌਰਾਨ ਸਤਸੰਗ ਦੇ ਦੌਰਾਨ ਪੰਡਿਤ ਸ਼ਾਸਤਰੀ ਵੱਲੋਂ ਇੱਕ ਬਿਆਨ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ। ਜਿਸ ਨੂੰ ਲੈ ਕੇ ਲੁਧਿਆਣਾ ਜਾਮਾ ਮਸਜਿਦ ਦੇ ਸ਼ਾਹੀ ਇਮਾਮ ਵੱਲੋਂ ਸਵਾਲ ਖੜੇ ਕੀਤੇ ਗਏ ਹਨ।ਨਫ਼ਰਤ ਭਰੇ ਸ਼ਬਦਾਂ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾਸ਼ਾਹੀ ਇਮਾਮ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕਿਹਾ, “ਅੱਜ ਦਾ ਸੰਦੇਸ਼ ਪੰਡਿਤ ਧੀਰੇਂਦਰ ਸ਼ਾਸਤਰੀ ਨੂੰ ਸੰਬੋਧਿਤ ਹੈ, ਜੋ ਲੁਧਿਆਣਾ ਆਏ ਸਨ। ਪਹਿਲਾਂ, ਮੈਂ ਉਨ੍ਹਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਲੁਧਿਆਣਾ ਭਾਰਤ ਦੇ ਆਜ਼ਾਦੀ ਸੰਗਰਾਮ, ਭਾਰਤ ਦੇ ਉਦਯੋਗ ਅਤੇ ਭਾਰਤ ਦੇ ਆਪਸੀ ਭਾਈਚਾਰੇ ਵਿੱਚ ਇੱਕ ਵਿਲੱਖਣ ਇਤਿਹਾਸ ਰੱਖਦਾ ਹੈ। ਤੁਹਾਡਾ ਸਾਡੇ ਲੁਧਿਆਣਾ ਵਿੱਚ ਸਵਾਗਤ ਹੈ, ਪਰ ਜਿਸ ਤਰੀਕੇ ਨਾਲ ਤੁਸੀਂ ਨਫ਼ਰਤ ਭਰੇ ਸ਼ਬਦ ਕਹੇ ਹਨ, ਉਸਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।”
ਸ਼ਾਹੀ ਇਮਾਮ ਨੇ ਕਿਹਾ ਕਿ ਤੁਸੀਂ ਇਸਲਾਮ ਬਾਰੇ ਘਿਣਾਉਣੇ ਇਸ਼ਾਰੇ ਕਰਦੇ ਹੋ। “ਸਭ ਤੋਂ ਪਹਿਲਾਂ, ਕਿਸੇ ਵੀ ਧਰਮ ਦੇ ਕਿਸੇ ਵੀ ਪ੍ਰਚਾਰਕ, ਭਾਵੇਂ ਮੈਂ ਜਾਂ ਕੋਈ ਹੋਰ, ਦੀ ਜ਼ਿੰਮੇਵਾਰੀ ਹੈ ਕਿ ਉਹ ਭਾਈਚਾਰੇ ਅਤੇ ਪਿਆਰ ਦਾ ਸੰਦੇਸ਼ ਫੈਲਾਏ। ਤੁਸੀਂ ਇਸਲਾਮ ਬਾਰੇ ਘਿਣਾਉਣੇ ਇਸ਼ਾਰੇ ਕਰਦੇ ਹੋ। ਤੁਸੀਂ ਸਟੇਜ ਤੋਂ ਇਹ ਵੀ ਕਿਹਾ, ‘ਤੁਸੀਂ ਆਪਣੇ ਭਰਾ ਨੂੰ ਆਪਣੇ ਪ੍ਰੇਮੀ ਵਿੱਚ ਬਦਲ ਦਿੰਦੇ ਹੋ।’ ਇਹ ਇੱਕ ਘਿਣਾਉਣੀ ਟਿੱਪਣੀ ਹੈ ਜਿਸਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ, ਅਤੇ ਇਸਲਾਮ ਵਿੱਚ ਇਸਦੀ ਕੋਈ ਗੁੰਜਾਇਸ਼ ਨਹੀਂ ਹੈ।”
ਨਫ਼ਰਤ ਫੈਲਾਉਣ ਦੀ ਅਸਫਲ ਕੋਸ਼ਿਸ਼
“ਇਹ ਸੁਣ ਕੇ ਬਹੁਤ ਹੈਰਾਨੀ ਹੁੰਦੀ ਹੈ ਕਿ ਇੱਕ ਸਵੈ-ਘੋਸ਼ਿਤ ਜ਼ਿੰਮੇਵਾਰ ਵਿਅਕਤੀ ਪੰਜਾਬ ਆ ਰਿਹਾ ਹੈ, ਨਫ਼ਰਤ ਦੀ ਗੱਲ ਕਰ ਰਿਹਾ ਹੈ। ਉਹ ਧਰਤੀ ਜਿੱਥੇ ਪਹਿਲੇ ਗੁਰੂ, ਗੁਰੂ ਨਾਨਕ ਦੇਵ ਜੀ ਨੇ ਆਪਸੀ ਭਾਈਚਾਰੇ ਦਾ ਸੰਦੇਸ਼ ਦਿੱਤਾ ਸੀ। ਉਹ ਧਰਤੀ ਜਿੱਥੇ ਬਾਬਾ ਫਰੀਦ ਸ਼ਕਰਗੰਜ ਨੂੰ ਪੰਜਾਬੀ ਮਾਂ ਬੋਲੀ ਦਾ ਪਹਿਲਾ ਕਵੀ ਮੰਨਿਆ ਜਾਂਦਾ ਹੈ, ਅਤੇ ਉਨ੍ਹਾਂ ਦਾ ਪਿਆਰ ਅਜੇ ਵੀ ਹਵਾ ਨੂੰ ਮਿੱਠਾ ਕਰਦਾ ਹੈ। ਉਹ ਧਰਤੀ ਜਿੱਥੇ ਦਸਮੇਸ਼ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਬੀ ਖਾਨ, ਘਨੀ ਖਾਨ ਅਤੇ ਦੂਜੇ ਪਾਸੇ ਦੀਵਾਨ ਟੋਡਰਮਲ ਦੇ ਨਾਲ ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾਲ ਦਿਖਾਈ ਦਿੰਦੇ ਹਨ। ਤੁਸੀਂ ਉਸ ਧਰਤੀ ‘ਤੇ ਆ ਰਹੇ ਹੋ ਅਤੇ ਨਫ਼ਰਤ ਫੈਲਾਉਣ ਦੀ ਅਸਫਲ ਕੋਸ਼ਿਸ਼ ਕਰ ਰਹੇ ਹੋ।”-ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ, ਸ਼ਾਹੀ ਇਮਾਮ
ਭਾਰਤ ਵਿੱਚ ਲੁਧਿਆਣਾ ਤੋਂ ਵੱਧ ਬੁੱਧੀਮਾਨ ਲੋਕ ਕੋਈ ਨਹੀਂ ਹਨ
ਹਾਲਾਂਕਿ ਇਸ ਸਬੰਧੀ ਦੂਜੇ ਪਾਸੇ ਧੀਰੇਂਦਰ ਸ਼ਾਸਤਰੀ ਦਾ ਵੀ ਇਸ ਮਾਮਲੇ ‘ਤੇ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਮੀਡੀਆ ਦੇ ਵਿੱਚ ਗੱਲਬਾਤ ਕਰਦੇ ਹੋਏ ਕਿਹਾ ਹੈ ਕਿ ਉਹ ਨਾ ਤਾਂ ਮੁਸਲਮਾਨਾਂ ਦੇ ਵਿਰੁੱਧ ਹਨ ਅਤੇ ਨਾ ਹੀ ਈਸਾਈਆਂ ਦੇ। ਉਹ ਸਿਰਫ਼ ਸਨਾਤਨ ਧਰਮ ਦਾ ਪ੍ਰਚਾਰ ਕਰ ਰਹੇ ਹਨ। ਇਸ ਦੌਰਾਨ ਮੀਡੀਆ ਵੱਲੋਂ ਜਦੋਂ ਸਵਾਲ ਦੁਬਾਰਾ ਕੀਤਾ ਗਿਆ ਤਾਂ ਉਨ੍ਹਾਂ ਇਹ ਵੀ ਕਿਹਾ ਕਿ “ਪੰਜਾਬ ਦੇ ਵਿੱਚ ਨਸ਼ੇ ਨੂੰ ਲੈ ਕੇ ਪੰਜਾਬ ਸਰਕਾਰ ਮੁਹਿੰਮ ਚਲਾ ਰਹੀ ਹੈ ਜੋ ਕਿ ਇੱਕ ਚੰਗਾ ਕੰਮ ਕਰ ਰਹੀ ਹੈ।”
“ਮੈਂ ਕਿਸੇ ਦੀ ਵੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਹੈ। ਮੈਂ ਸਿਰਫ ਆਪਣੇ ਧਰਮ ਦਾ ਪ੍ਰਚਾਰ ਕੀਤਾ ਹੈ ਅਤੇ ਜੋ ਕਿ ਸਾਰਿਆਂ ਨੂੰ ਹੱਕ ਹੈ।”-ਧੀਰੇਂਦਰ ਸ਼ਾਸਤਰੀ, ਪੰਡਿਤ ਬਾਗੇਸ਼ਵਰ ਧਾਮ