ਮਨਪ੍ਰੀਤ ਇਆਲੀ ਦੀ ਚੋਣ ਕਮਿਸ਼ਨ ਨੂੰ ਸਿੱਧੀ ਚਿਤਾਵਨੀ: ‘ਪਾਰਟੀ ਰਜਿਸਟਰ ਨਾ ਹੋਈ ਤਾਂ ਵੀ ਲੜਾਂਗੇ ਚੋਣਾਂ!’ਅਜ਼ਾਦ
ਚੋਣ ਕਮਿਸ਼ਨ ਨੂੰ ਮਨਪ੍ਰੀਤ ਇਆਲੀ ਦੀ ਚਿਤਾਵਨੀ ਕਮਿਸ਼ਨ ਵੱਲੋਂ ਪਾਰਟੀ ਦੀ ਰਜਿਸਟਰੇਸ਼ਨ ਵਿੱਚ ਕੀਤੀ ਜਾ ਰਹੀ ਦੇਰੀ ਖਿਲਾਫ਼ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਸਾਫ਼ ਸ਼ਬਦਾਂ ਵਿੱਚ ਐਲਾਨ ਕੀਤਾ ਹੈ ਕਿ ਜੇਕਰ ਕੇਂਦਰ ਸਰਕਾਰ ਅਤੇ ਚੋਣ ਕਮਿਸ਼ਨ ਨੇ ਸਾਜ਼ਿਸ਼ ਤਹਿਤ ਉਨ੍ਹਾਂ ਦੀ ਪਾਰਟੀ ਦੀ ਰਜਿਸਟਰੇਸ਼ਨ ਨੂੰ ਰੋਕੀ ਰੱਖਿਆ, ਤਾਂ ਵੀ ਉਹ ਚੋਣ ਮੈਦਾਨ ਵਿੱਚੋਂ ਪਿੱਛੇ ਨਹੀਂ ਹਟਣਗੇ। ਜਥੇਬੰਦੀ ਆਪਣੇ ਸਾਰੇ ਉਮੀਦਵਾਰਾਂ ਨੂੰ ਚੋਣ ਮੈਦਾਨ ਵਿੱਚ ਉਤਾਰੇਗੀ ਅਤੇ ਲੋੜ ਪੈਣ ‘ਤੇ ਸਾਰੇ ਆਗੂ ਅਜ਼ਾਦ ਤੌਰ ‘ਤੇ ਚੋਣ ਲੜਨਗੇ।
ਚੋਣ ਕਮਿਸ਼ਨ ਦੇ ਅੰਦਰੂਨੀ ਵਿਵਾਦਾਂ ‘ਤੇ ਚੁੱਕੇ ਸਵਾਲ
ਮਨਪ੍ਰੀਤ ਸਿੰਘ ਇਆਲੀ ਨੇ ਚੋਣ ਕਮਿਸ਼ਨ ਦੀ ਨਿਰਪੱਖਤਾ ਨੂੰ ਕਟਹਿਰੇ ਵਿੱਚ ਖੜ੍ਹਾ ਕਰਦਿਆਂ ਤਿੱਖੇ ਸਿਆਸੀ ਹਮਲੇ ਕੀਤੇ। ਉਨ੍ਹਾਂ ਕਮਿਸ਼ਨ ਦੇ ਅੰਦਰ ਚੱਲ ਰਹੀ ਖਿੱਚੋਤਾਣ ਬਾਰੇ ਬੋਲਦਿਆਂ ਕਿਹਾ ਕਿ, “ਚੋਣ ਕਮਿਸ਼ਨ ਪਹਿਲਾਂ ਹੀ ਬਹੁਤ ਸਾਰੇ ਵਿਵਾਦਾਂ ਦੇ ਘੇਰੇ ਦੇ ਵਿੱਚ ਹੈ। ਮੁੱਖ ਚੋਣ ਕਮਿਸ਼ਨਰ ਦੇ ਵਿਰੋਧ ਦੇ ਵਿੱਚ ਹੀ ਉਸੇ ਦਫ਼ਤਰ ਦੇ ਦੋ ਇਲੈਕਸ਼ਨ ਕਮਿਸ਼ਨਰਾਂ ਸੁਖਬੀਰ ਸਿੰਘ ਸੰਧੂ ਅਤੇ ਵਿਵੇਕ ਓਬਰਾਏ ਵੱਲੋਂ ਇਹ ਸਟੇਟਮੈਂਟ ਦਿੱਤੀ ਗਈ ਸੀ ਕਿ ਜੋ ਵੀ ਮਨਮਰਜ਼ੀਆਂ ਕੀਤੀਆਂ ਜਾ ਰਹੀਆਂ ਨੇ, ਉਹ ਚੀਫ ਇਲੈਕਸ਼ਨ ਕਮਿਸ਼ਨਰ ਵੱਲੋਂ ਆਪਣੇ ਵੱਲੋਂ ਹੀ ਕੀਤੀਆਂ ਜਾ ਰਹੀਆਂ ਨੇ। ਇਸੇ ਕਾਰਨ ਮੁੱਖ ਚੋਣ ਕਮਿਸ਼ਨਰ ਦਾ ਅਸਤੀਫ਼ਾ ਮੰਗਿਆ ਜਾ ਰਿਹਾ ਹੈ।’
ਦੇਸ਼ ਦੀ ਸੁਰੱਖਿਆ ਵਾਲੇ ਤਰਕ ਨੂੰ ਦੱਸਿਆ ਬੇਬੁਨਿਆਦ
ਜਥੇਬੰਦੀ ਦੀ ਰਜਿਸਟਰੇਸ਼ਨ ਨੂੰ ਦੇਸ਼ ਦੀ ਸੁਰੱਖਿਆ ਲਈ ਖ਼ਤਰਾ ਦੱਸਣ ਵਾਲੀਆਂ ਦਲੀਲਾਂ ਨੂੰ ਇਆਲੀ ਨੇ ਪੂਰੀ ਤਰ੍ਹਾਂ ਨਕਾਰ ਦਿੱਤਾ। ਉਨ੍ਹਾਂ ਕੇਂਦਰ ਦੇ ਇਸ ਰਵੱਈਏ ‘ਤੇ ਇਤਰਾਜ਼ ਜਤਾਉਂਦਿਆਂ ਕਿਹਾ, “ਹੁਣ ਇਹ ਕਹਿ ਰਹੇ ਨੇ ਕਿ ਜਥੇਬੰਦੀ ਦੀ ਰਜਿਸਟਰੇਸ਼ਨ ਕਰਨ ਦੇ ਨਾਲ ਸਾਡੇ ਦੇਸ਼ ਦੀ ਸੁਰੱਖਿਆ ਨੂੰ ਖ਼ਤਰਾ ਹੈ। ਜਦੋਂ ਦੀ ਇਹ ਜਥੇਬੰਦੀ ਬਣੀ ਹੈ, ਕੋਈ ਵੀ ਇਸ ਤਰ੍ਹਾਂ ਦੀ ਐਕਟੀਵਿਟੀ ਜਾਂ ਬਿਆਨਬਾਜ਼ੀ ਦਿਖਾਓ ਜਿਹੜੀ ਸੰਵਿਧਾਨ ਦੇ ਦਾਇਰੇ ਦੇ ਵਿੱਚ ਨਹੀਂ ਹੈ।” ਉਨ੍ਹਾਂ ਦਾਅਵਾ ਕੀਤਾ ਕਿ ਪਾਰਟੀ ਦਾ ਉਭਾਰ ਦੇਖ ਕੇ ਵਿਰੋਧੀ ਪਾਰਟੀਆਂ ਘਬਰਾ ਗਈਆਂ ਹਨ ਅਤੇ ਰਾਜਨੀਤਿਕ ਤੌਰ ‘ਤੇ ਇਸ ਨੂੰ ਲੇਟ ਕੀਤਾ ਜਾ ਰਿਹਾ ਹੈ।
ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਅਤੇ ਪੰਜਾਬ ਨਾਲ ਵਿਤਕਰਾ
ਇਆਲੀ ਨੇ ਕੇਂਦਰ ਦੀਆਂ ਮੌਜੂਦਾ ਅਤੇ ਪੁਰਾਣੀਆਂ ਸਰਕਾਰਾਂ ਵੱਲੋਂ ਪੰਜਾਬ ਅਤੇ ਸਿੱਖ ਕੌਮ ਨਾਲ ਕੀਤੇ ਪੱਖਪਾਤ ਦਾ ਮੁੱਦਾ ਵੀ ਜ਼ੋਰ-ਸ਼ੋਰ ਨਾਲ ਚੁੱਕਿਆ। ਉਨ੍ਹਾਂ ਬੋਲਦਿਆਂ ਕਿਹਾ, “ਸਾਡੇ ਜਿਹੜੇ ਮਸਲੇ ਸੀ ਪੰਜਾਬ ਦੇ, ਚੰਡੀਗੜ੍ਹ ਦਾ ਮਸਲਾ, ਪੰਜਾਬੀ ਬੋਲਦੇ ਇਲਾਕਿਆਂ ਦਾ ਮਸਲਾ, ਪਾਣੀਆਂ ਦੇ ਮਸਲੇ ਨੇ, ਅੱਜ ਬੰਦੀ ਸਿੰਘ ਸਾਡੀਆਂ ਜੇਲ੍ਹਾਂ ਦੇ ਵਿੱਚ ਬੰਦ ਨੇ। ਅੰਮ੍ਰਿਤਪਾਲ ਸਿੰਘ ਦੇ ਉੱਤੇ ਬਿਲਕੁਲ ਨਜਾਇਜ਼ ਐਨਐਸਏ ਲਾਈ ਗਈ ਅਤੇ ਅੱਜ ਐਨਐਸਏ ਨਾ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਅਸਾਮ ਦੀ ਜੇਲ੍ਹ ਵਿੱਚ ਰੱਖਿਆ ਗਿਆ ਹੈ, ਜਿਸ ਕਾਰਨ ਲੋਕਾਂ ਵਿੱਚ ਬਹੁਤ ਵੱਡਾ ਰੋਸ ਹੈ।”

ਹਾਈਕੋਰਟ ‘ਤੇ ਭਰੋਸਾ ਅਤੇ ਦਿੱਲੀ ਵਿੱਚ ਧਰਨੇ ਦੀ ਚਿਤਾਵਨੀ
ਮਨਪ੍ਰੀਤ ਸਿੰਘ ਇਆਲੀ ਨੇ ਸਾਫ਼ ਕੀਤਾ ਕਿ ਉਹ ਆਪਣੇ ਹੱਕਾਂ ਲਈ ਕਾਨੂੰਨੀ ਅਤੇ ਸਿਆਸੀ ਲੜਾਈ ਲੜਨ ਲਈ ਪੂਰੀ ਤਰ੍ਹਾਂ ਤਿਆਰ ਹਨ। ਉਨ੍ਹਾਂ ਅਗਲੀ ਰਣਨੀਤੀ ਸਾਂਝੀ ਕਰਦਿਆਂ ਬਿਆਨ ਦਿੱਤਾ, “ਸਰਕਾਰ ਜੋ ਦੇਰੀ ਕਰ ਰਹੀ ਸੀ, ਉਸ ਦੇ ਵਿਰੋਧ ਦੇ ਵਿੱਚ ਅਸੀਂ ਹਾਈਕੋਰਟ ਦੇ ਵਿੱਚ ਗਏ ਹਾਂ ਅਤੇ ਸਾਨੂੰ ਬਹੁਤ ਵੱਡਾ ਭਰੋਸਾ ਹੈ ਕਿ ਅਦਾਲਤ ਸਾਨੂੰ ਇਨਸਾਫ਼ ਦੇਵੇਗੀ।” ਉਨ੍ਹਾਂ ਅੱਗੇ ਚਿਤਾਵਨੀ ਦਿੰਦਿਆਂ ਕਿਹਾ ਕਿ, “ਜੇਕਰ ਸਾਨੂੰ ਆਪਣੇ ਹੱਕਾਂ ਲਈ ਦਿੱਲੀ ਦੇ ਜੰਤਰ-ਮੰਤਰ ‘ਤੇ ਜਾਂ ਚੋਣ ਕਮਿਸ਼ਨ ਦੇ ਦਫ਼ਤਰ ਦੇ ਬਾਹਰ ਧਰਨੇ ਵੀ ਲਾਉਣੇ ਪਏ, ਤਾਂ ਅਸੀਂ ਹਰ ਤਰ੍ਹਾਂ ਦੀ ਲੜਾਈ ਲੜਾਂਗੇ।”