ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ੍ਰੀ ਆਨੰਦਪੁਰ ਸਾਹਿਬ ਸਥਿਤ ਗੁਰਦੁਆਰਾ ਸਰਾਂ ਤੇ ਇੱਕ ਮਹਿਲਾ ਦੇ ਠਹਿਰਾਅ ਨਾਲ ਜੁੜੇ ਚਰਚਿਤ ਮਾਮਲੇ ਨੂੰ ਲੈ ਕੇ ਵਿਸਥਾਰਪੂਰਵਕ ਪ੍ਰੈੱਸ ਕਾਨਫਰੰਸ ਕੀਤੀ। ਆਪਣੇ ਸਹਿਯੋਗੀਆਂ ਤੇ ਕਮੇਟੀ ਮੈਂਬਰਾਂ ਦੀ ਮੌਜੂਦਗੀ ‘ਚ ਧਾਮੀ ਨੇ ਮਾਮਲੇ ਦੀ ਜਾਂਚ ਲਈ ਬਣਾਈ ਗਈ ਸਬ-ਕਮੇਟੀ ਦੀ ਮੁੱਢਲੀ ਰਿਪੋਰਟ ਜਨਤਕ ਕਰਦਿਆਂ ਮੀਡੀਆ ਤੇ ਸਿੱਖ ਸੰਗਤ ਸਾਹਮਣੇ ਜਾਂਚ ਨਾਲ ਸਬੰਧਤ ਤੱਥ ਰੱਖੇ। ਉਨ੍ਹਾਂ ਕਿਹਾ ਕਿ ਕੁਝ ਅਸਮਾਜਿਕ ਤੱਤਾਂ ਤੇ ਸਿਆਸੀ ਵਿਰੋਧੀਆਂ ਵੱਲੋਂ ਸੰਸਥਾ ਤੇ ਗੁਰਦੁਆਰਾ ਪ੍ਰਬੰਧ ਦੀ ਸਾਖ ਨੂੰ ਜਾਣਬੁੱਝ ਕੇ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਜਾਂਚ ਸਬ-ਕਮੇਟੀ ਦੀ ਮੁੱਢਲੀ ਰਿਪੋਰਟ ਜਨਤਕ
SGPC ਪ੍ਰਧਾਨ ਨੇ ਦੱਸਿਆ ਕਿ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਆਨੰਦਪੁਰ ਸਾਹਿਬ ਦੀ ਸਰਾਂ ਨਾਲ ਜੁੜੇ ਮਾਮਲੇ ਦੀ ਨਿਰਪੱਖ ਜਾਂਚ ਲਈ ਚਾਰ ਮੈਂਬਰੀ ਸਬ-ਕਮੇਟੀ ਦਾ ਗਠਨ ਕੀਤਾ ਗਿਆ ਸੀ। ਕਮੇਟੀ ‘ਚ ਸਰਦਾਰ ਕੁਲਦੀਪ ਸਿੰਘ ਤੇਗ, ਸਰਦਾਰ ਦਲਜੀਤ ਸਿੰਘ ਭਿੰਡਰ, ਬੀਬੀ ਕੁਲਵਿੰਦਰ ਕੌਰ ਤੇ ਸਰਦਾਰ ਗੁਰਬਖ਼ਸ਼ ਸਿੰਘ ਖਾਲਸਾ ਨੂੰ ਸ਼ਾਮਲ ਕੀਤਾ ਗਿਆ ਸੀ, ਜਦਕਿ ਸਕੱਤਰ ਕੁਲਵਿੰਦਰ ਸਿੰਘ ਰਾਮਦਾਸ ਨੂੰ ਕਮੇਟੀ ਦੇ ਕੋਆਰਡੀਨੇਟਰ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ।ਇਸ ਕਮੇਟੀ ਨੂੰ 15 ਦਿਨਾਂ ਦੇ ਅੰਦਰ ਮਾਮਲੇ ਦੀ ਜਾਂਚ ਕਰਕੇ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ। ਧਾਮੀ ਨੇ ਕਿਹਾ ਕਿ ਕਮੇਟੀ ਵੱਲੋਂ ਮੁੱਢਲੀ ਰਿਪੋਰਟ ਸੌਂਪ ਦਿੱਤੀ ਗਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜਾਂਚ ਦੌਰਾਨ ਸਾਹਮਣੇ ਆਏ ਤੱਥਾਂ ਤੋਂ ਕਈ ਦੋਸ਼ਾਂ ‘ਤੇ ਸਵਾਲ ਖੜ੍ਹੇ ਹੁੰਦੇ ਹਨ।
ਸਰਾਂ ਦੇ ਰਜਿਸਟਰ ‘ਚ ਕਥਿਤ ਕੱਟ-ਛਾਂਟ ਦਾ ਮੁੱਦਾ
ਪ੍ਰੈੱਸ ਕਾਨਫਰੰਸ ਦੌਰਾਨ ਹਰਜਿੰਦਰ ਸਿੰਘ ਧਾਮੀ ਨੇ ਸਰਾਂ ਦੇ ਮੂਲ ਰਜਿਸਟਰ ਤੇ ਸਬੰਧਤ ਦਸਤਾਵੇਜ਼ ਵੀ ਮੀਡੀਆ ਸਾਹਮਣੇ ਰੱਖੇ। ਉਨ੍ਹਾਂ ਦਾਅਵਾ ਕੀਤਾ ਕਿ ਕੁਝ ਕਰਮਚਾਰੀਆਂ ਵੱਲੋਂ ਰਜਿਸਟਰ ਦੀਆਂ ਐਂਟਰੀਆਂ ‘ਚ ਕਥਿਤ ਤੌਰ ਤੇ ਹੇਰਾਫੇਰੀ ਕੀਤੀ ਗਈ।ਉਨ੍ਹਾਂ ਦੱਸਿਆ ਕਿ ਰਜਿਸਟਰ ‘ਚ ਐਂਟਰੀ ਨੰਬਰ 246 ਤੋਂ ਬਾਅਦ 247 ਨੂੰ ਕੱਟ ਕੇ 248 ਕੀਤਾ ਗਿਆ ਤੇ ਵਿਚਕਾਰ ਵਾਧੂ ਲਾਈਨਾਂ ਜੋੜੀਆਂ ਗਈਆਂ। ਉਨ੍ਹਾਂ ਮੁਤਾਬਕ 246 ਤੋਂ 281 ਤੱਕ ਦੀਆਂ ਐਂਟਰੀਆਂ ‘ਚ ਕੱਟ-ਛਾਂਟ ਕੀਤੀ ਗਈ, ਜਿਸ ਰਾਹੀਂ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਸਬੰਧਤ ਮਹਿਲਾ ਲਗਾਤਾਰ ਛੇ ਮਹੀਨੇ ਉੱਥੇ ਰਹੀ।