ਕਾਂਗਰਸ ਦੇ CM ਚਿਹਰੇ ਨੂੰ ਲੈ ਕੇ ਸੁਣੋ ਕੀ ਬੋਲੇ ਨਵੇਂ ਪ੍ਰਧਾਨ Pargat Singh
ਕਾਂਗਰਸ ਦੇ CM ਚਿਹਰੇ ਨੂੰ ਲੈ ਕੇ ਸੁਣੋ ਕੀ ਬੋਲੇ ਨਵੇਂ ਪ੍ਰਧਾਨ ,ਪੇਸ਼ ਕੀਤੀ ਦਾਅਵੇਦਾਰੀ-ਚੰਨੀ-ਵੜਿੰਗ ਦਾ ਵੀ ਲਿਆ ਨਾਂ
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਨਵੇਂ ਪ੍ਰਧਾਨ ਪਰਗਟ ਸਿੰਘ ਨੇ ਮੁੱਖ ਮੰਤਰੀ ਅਹੁਦੇ ਲਈ ਦਾਅਵੇਦਾਰੀ ਪੇਸ਼ ਕਰਦਿਆਂ ਖ਼ੁਦ ਨੂੰ ਇਸ ਦੌੜ ਵਿੱਚ ਸ਼ਾਮਲ ਦੱਸਿਆ ਹੈ। ਉਨ੍ਹਾਂ ਚਰਨਜੀਤ ਚੰਨੀ, ਰਾਜਾ ਵੜਿੰਗ, ਸੁਖਜਿੰਦਰ ਰੰਧਾਵਾ ਅਤੇ ਸੁਖਪਾਲ ਖਹਿਰਾ ਦੀ ਸਮਰੱਥਾ ਦੀ ਸ਼ਲਾਘਾ ਕਰਦਿਆਂ ਸਪੱਸ਼ਟ ਕੀਤਾ ਕਿ 2027 ਦੀਆਂ ਚੋਣਾਂ ਰਾਹੁਲ ਗਾਂਧੀ ਦੀ ਅਗਵਾਈ ਹੇਠ ਸਮੂਹਿਕ ਤੌਰ ਤੇ ਲੜੀਆਂ ਜਾਣਗੀਆਂ।
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਨਵ-ਨਿਯੁਕਤ ਪ੍ਰਧਾਨ ਪਰਗਟ ਸਿੰਘ ਨੇ ਸੂਬੇ ਵਿੱਚ ਮੁੱਖ ਮੰਤਰੀ ਅਹੁਦੇ ਲਈ ਆਪਣੀ ਦਾਅਵੇਦਾਰੀ ਖੁੱਲ੍ਹ ਕੇ ਪੇਸ਼ ਕੀਤੀ ਹੈ। ਇੱਕ ਟੀਵੀ ਚੈਨਲ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਉਨ੍ਹਾਂ ਖ਼ੁਦ ਨੂੰ ਮੁੱਖ ਮੰਤਰੀ ਦੀ ਦੌੜ ਵਿੱਚ ਸ਼ਾਮਲ ਦੱਸਿਆ। ਇਸ ਦੇ ਨਾਲ ਹੀ ਉਨ੍ਹਾਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸਾਬਕਾ ਪ੍ਰਦੇਸ਼ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਸੀਨੀਅਰ ਵਿਧਾਇਕ ਸੁਖਪਾਲ ਸਿੰਘ ਖਹਿਰਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਸਾਰੇ ਆਗੂ ਵੀ ਮੁੱਖ ਮੰਤਰੀ ਬਣਨ ਦੇ ਪੂਰੀ ਤਰ੍ਹਾਂ ਸਮਰੱਥ ਹਨ।
ਸੀਨੀਅਰ ਲੀਡਰਸ਼ਿਪ ਦਾ ਤਜਰਬਾ ਅਤੇ ਧੜੇਬੰਦੀ ਦੇ ਦੋਸ਼ਾਂ ਦਾ ਖੰਡਨ
ਸੂਬਾ ਪ੍ਰਧਾਨ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ, ਅਮਰਿੰਦਰ ਸਿੰਘ ਰਾਜਾ ਵੜਿੰਗ, ਸੁਖਜਿੰਦਰ ਸਿੰਘ ਰੰਧਾਵਾ ਅਤੇ ਸੁਖਪਾਲ ਸਿੰਘ ਖਹਿਰਾ ਵਰਗੇ ਸੀਨੀਅਰ ਆਗੂਆਂ ਕੋਲ ਪ੍ਰਸ਼ਾਸਨ ਅਤੇ ਸਿਆਸਤ ਦਾ ਲੰਮਾ ਤਜਰਬਾ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਉਹ ਇਨ੍ਹਾਂ ਸਾਰੇ ਤਜਰਬੇਕਾਰ ਆਗੂਆਂ ਦੀ ਸਮਰੱਥਾ ਦਾ ਪੂਰਾ ਲਾਹਾ ਲੈ ਕੇ ਸੰਗਠਨ ਨੂੰ ਮਜ਼ਬੂਤ ਕਰਨਗੇ ਤਾਂ ਜੋ ਚੋਣਾਂ ਵਿੱਚ ਪਾਰਟੀ ਬਿਹਤਰੀਨ ਪ੍ਰਦਰਸ਼ਨ ਕਰ ਸਕੇ।
ਪੰਜਾਬ ਕਾਂਗਰਸ ਅੰਦਰ ਚੱਲ ਰਹੀ ਧੜੇਬੰਦੀ ਅਤੇ ਆਪਸੀ ਖਿੱਚੋਤਾਣ ਦੀਆਂ ਖ਼ਬਰਾਂ ਨੂੰ ਪੂਰੀ ਤਰ੍ਹਾਂ ਨਕਾਰਦਿਆਂ ਪਰਗਟ ਸਿੰਘ ਨੇ ਕਿਹਾ ਕਿ ਸਾਰੇ ਆਗੂ ਮੋਢੇ ਨਾਲ ਮੋਢਾ ਜੋੜ ਕੇ ਚੋਣ ਮੈਦਾਨ ਵਿੱਚ ਉਤਰਨ ਲਈ ਤਿਆਰ-ਬਰ-ਤਿਆਰ ਹਨ। ਪਾਰਟੀ ਵਿੱਚ ਹਰ ਆਗੂ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇਗੀ ਅਤੇ ਸਾਰਿਆਂ ਨੂੰ ਆਪਣੀ ਕਾਬਲੀਅਤ ਦਿਖਾਉਣ ਦਾ ਪੂਰਾ ਮੌਕਾ ਮਿਲੇਗਾ। ਉਨ੍ਹਾਂ ਸਾਫ਼ ਕੀਤਾ ਕਿ ਪਾਰਟੀ ਕਿਸੇ ਇੱਕ ਵਿਅਕਤੀ ਦੇ ਸਹਾਰੇ ਨਹੀਂ, ਸਗੋਂ ਸਮੂਹ ਆਗੂਆਂ ਨੂੰ ਨਾਲ ਲੈ ਕੇ ਚੱਲਣ ਦੀ ਰਣਨੀਤੀ ਤੇ ਕੰਮ ਕਰ ਰਹੀ ਹੈ।
ਹਾਕੀ ਦੇ ਮੈਦਾਨ ਤੋਂ ਸਿਆਸਤ ਦੇ ਅਖਾੜੇ ਵਿੱਚ ਪੁੱਜੇ ਓਲੰਪੀਅਨ ਪਰਗਟ ਸਿੰਘ ਨੇ ਖੇਡ ਦੇ ਅੰਦਾਜ਼ ਵਿੱਚ ਆਖਿਆ ਕਿ ਉਹ ਰਾਜਨੀਤੀ ਵਿੱਚ ਸਟਰਾਈਕਰ ਵਾਂਗ ਅੱਗੇ ਹੋ ਕੇ ਹਮਲਾ ਕਰਨ ਦੀ ਭੂਮਿਕਾ ਨਿਭਾਉਣਗੇ, ਪਰ ਲੋੜ ਪੈਣ ਤੇ ਫੁੱਲ ਬੈਕ ਵਾਂਗ ਪਾਰਟੀ ਦੇ ਬਚਾਅ ਲਈ ਪਿੱਛੇ ਰਹਿ ਕੇ ਲੜਨ ਲਈ ਵੀ ਤਿਆਰ ਹਨਜਲੰਧਰ ਕੈਂਟ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਅਤੇ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਪਰਗਟ ਸਿੰਘ ਨੂੰ ਕਾਂਗਰਸ ਹਾਈਕਮਾਂਡ ਨੇ 2 ਅਕਤੂਬਰ 2026 ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਸੀ। ਉਨ੍ਹਾਂ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਥਾਂ ਇਹ ਅਹੁਦਾ ਸੰਭਾਲਿਆ ਹੈ।
ਸੂਬਾ ਕਾਂਗਰਸ ਵਿੱਚ ਲੰਮੇ ਸਮੇਂ ਤੋਂ ਚੱਲ ਰਹੇ ਅੰਦਰੂਨੀ ਵਿਰੋਧ ਅਤੇ ਸੀਨੀਅਰ ਲੀਡਰਾਂ ਵਿਚਾਲੇ ਮੱਤਭੇਦਾਂ ਦੀਆਂ ਚਰਚਾਵਾਂ ਦਰਮਿਆਨ ਕਾਂਗਰਸ ਹਾਈਕਮਾਂਡ ਨੇ ਪਰਗਟ ਸਿੰਘ ਦੇ ਬੇਦਾਗ਼ ਅਤੇ ਸੁਲਝੇ ਹੋਏ ਅਕਸ ਤੇ ਭਰੋਸਾ ਜਤਾਇਆ। ਸੂਬਾ ਪ੍ਰਧਾਨ ਬਣਨ ਦੀ ਦੌੜ ਵਿੱਚ ਵਿਜੇ ਇੰਦਰ ਸਿੰਗਲਾ ਦਾ ਨਾਂ ਵੀ ਕਾਫ਼ੀ ਚਰਚਾ ਵਿੱਚ ਸੀ, ਪਰ ਅੰਤ ਹਾਈਕਮਾਂਡ ਨੇ ਸੰਗਠਨ ਦੀ ਵਾਗਡੋਰ ਪਰਗਟ ਸਿੰਘ ਦੇ ਹੱਥ ਸੌਂਪੀ।
ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ ਅਤੇ ਅਜਿਹੇ ਸਮੇਂ ਕਾਂਗਰਸ ਪਾਰਟੀ ਲਈ ਸੰਗਠਨ ਨੂੰ ਮਜ਼ਬੂਤ ਕਰਨਾ ਅਤੇ ਸਾਰੇ ਧੜਿਆਂ ਨੂੰ ਇੱਕ ਮੰਚ ਤੇ ਇਕੱਠਾ ਕਰਨਾ ਸਭ ਤੋਂ ਵੱਡੀ ਚੁਣੌਤੀ ਮੰਨਿਆ ਜਾ ਰਿਹਾ ਹੈ। ਪਿਛਲੇ ਸਮੇਂ ਦੌਰਾਨ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਸਮੇਤ ਕਈ ਸੀਨੀਅਰ ਨੇਤਾਵਾਂ ਵਿਚਾਲੇ ਆਪਸੀ ਮਤਭੇਦਾਂ ਦੀਆਂ ਖ਼ਬਰਾਂ ਲਗਾਤਾਰ ਸਾਹਮਣੇ ਆਉਂਦੀਆਂ ਰਹੀਆਂ ਹਨ।ਇਸ ਸਥਿਤੀ ਵਿੱਚ ਨਵੇਂ ਪ੍ਰਧਾਨ ਪਰਗਟ ਸਿੰਘ ਦੇ ਮੋਢਿਆਂ ਤੇ ਸਾਰੇ ਆਗੂਆਂ ਵਿੱਚ ਤਾਲਮੇਲ ਬਣਾਉਣ ਅਤੇ ਵਰਕਰਾਂ ਵਿੱਚ ਨਵੀਂ ਰੂਹ ਫੂਕਣ ਦੀ ਵੱਡੀ ਜ਼ਿੰਮੇਵਾਰੀ ਹੋਵੇਗੀ। ਭਾਰਤੀ ਹਾਕੀ ਟੀਮ ਦੀ ਕਪਤਾਨੀ ਕਰ ਚੁੱਕੇ ਪਰਗਟ ਸਿੰਘ ਲਈ ਸਿਆਸੀ ਪਿੱਚ ਤੇ ਵੀ ਆਪਣੀ ਟੀਮ ਦੇ ਸਾਰੇ ਖਿਡਾਰੀਆਂ ਨੂੰ ਇਕਜੁੱਟ ਰੱਖਣਾ ਬੇਹੱਦ ਅਹਿਮ ਸਾਬਤ ਹੋਵੇਗਾ, ਹਾਲਾਂਕਿ ਸਿਆਸੀ ਵਿਰੋਧੀਆਂ ਦਾ ਮੰਨਣਾ ਹੈ ਕਿ ਕਾਂਗਰਸ ਦੀ ਅੰਦਰੂਨੀ ਖਿੱਚੋਤਾਣ ਦਰਮਿਆਨ ਇਹ ਰਾਹ ਉਨ੍ਹਾਂ ਲਈ ਇੰਨਾ ਆਸਾਨ ਨਹੀਂ ਹੋਵੇਗਾ।





