ਅੰਮ੍ਰਿਤਸਰ (ਬਹੋੜੂ) : ਬੀਤੇ ਦਿਨ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਅਪਣਾ ਸ਼ਿਕਾਇਤ ਪੱਤਰ ਸੌਂਪਣ ਵਾਲੀ ਸ਼੍ਰੋਮਣੀ ਅਕਾਲੀ ਦਲ ਵਲੋਂ ਬਰਖ਼ਾਸਤ ਕੀਤੀ ਗਈ ਬੀਬੀ ਰੂਪ ਕੌਰ ਸੰਧੂ ਨੇ ਮੁੜ ਇਕ ਹੋਰ ਵੀਡੀਓ ਬਿਆਨ ਜਾਰੀ ਕੀਤਾ ਹੈ।
ਜਿਸ ’ਚ ਰੂਪ ਕੌਰ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ੀ ਤੋਂ ਬਾਅਦ ਪੈਦਾ ਹੋਏ ਵਿਵਾਦ ਦਰਮਿਆਨ,
ਪ੍ਰਬੰਧਕਾਂ ਅਤੇ ਮੀਡੀਆ ਦੇ ਇਕ ਹਿੱਸੇ ਵਲੋਂ ਸਬੂਤ ਨਾ ਪੇਸ਼ ਕੀਤੇ ਜਾਣ ਬਾਰੇ ਚਲਾਏ ਜਾ ਰਹੇ ਦਾਅਵਿਆਂ ਨੂੰ ਖ਼ਾਰਜ ਕਰਦਿਆਂ ਆਡੀਓ ਰਿਕਾਰਡਿੰਗਾਂ ਤੇ ਤਸਵੀਰਾਂ ਸਮੇਤ ਸਬੂਤ ਜਨਤਕ ਕੀਤੇ ਗਏ ਹਨ।
ਬੀਬੀ ਰੂਪ ਕੌਰ ਨੇ ਕਿਹਾ ਬੇਹੱਦ ਦੁੱਖ ਦੀ ਗੱਲ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਮੀਡੀਆ ਮੈਨੇਜਮੈਂਟ ਟੀਮ ਵਲੋਂ ਪ੍ਰੈੱਸ ਨੂੰ ਸੰਬੋਧਨ ਕਰਦਿਆਂ ਸਬੂਤਾਂ ਬਾਰੇ ਝੂਠ ਬੋਲੇ ਗਏ ਹਨ।
ਉਨ੍ਹਾਂ ਕਿਹਾ ਜ਼ਿਆਦਾ ਨਹੀਂ ਤਾਂ 3-4 ਸਬੂਤ ਤਾਂ ਇਕੱਲੀ ਬਹਿਰੀਨ ਵਾਲੀ ਬੀਬੀ ਦੇ ਕੇਸ ਦੇ ਸਬੰਧ ਵਿਚ ਪੇਸ਼ ਕੀਤੇ ਗਏ ਸਨ।
ਬੀਬੀ ਰੂਪ ਕੌਰ ਸੰਧੂ ਨੇ ਕਿਹਾ ਕਿ ਮੀਡੀਆ ਭਾਈਚਾਰੇ ਨੂੰ ਵੀ ਅਪੀਲ ਹੈ ਗ਼ਲਤ ਪ੍ਰਚਾਰ ਕਰਨ ਤੋਂ ਗੁਰੇਜ਼ ਕੀਤਾ ਜਾਵੇ। ਹੁਣ ਇਸੇ ਢੰਗ ਨਾਲ ਬਾਕੀ ਕੇਸਾਂ ਦੇ ਸਬੂਤ ਵੀ ਪੇਸ਼ ਕਰਦੀ ਜਾਵਾਂਗੀ।