ਪਰਗਟ ਸਿੰਘ ਨੇ ਸੰਭਾਲੀ ਪੰਜਾਬ ਕਾਂਗਰਸ ਦੀ ਕਮਾਨ, ਆਮ ਲੋਕਾਂ ਦੇ ਹੱਕਾਂ ਲਈ ਲੜੇਗੀ ਕਾਂਗਰਸ
ਪਰਗਟ ਸਿੰਘ ਨੇ ਸੰਭਾਲੀ ਪੰਜਾਬ ਕਾਂਗਰਸ ਦੀ ਕਮਾਨ, ਆਮ ਲੋਕਾਂ ਦੇ ਹੱਕਾਂ ਲਈ ਲੜੇਗੀ ਕਾਂਗਰਸ
ਚੰਡੀਗੜ੍ਹ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਨਵ-ਨਿਯੁਕਤ ਪ੍ਰਧਾਨ ਪਰਗਟ ਸਿੰਘ ਨੇ ਐਤਵਾਰ ਨੂੰ ਚੰਡੀਗੜ੍ਹ ਸਥਿਤ ਕਾਂਗਰਸ ਭਵਨ ਵਿਖੇ ਅਹੁਦਾ ਸੰਭਾਲਦਿਆਂ ਪੰਜਾਬ ਦੇ ਲੋਕਾਂ ਦੇ ਹੱਕਾਂ, ਸਨਮਾਨ ਅਤੇ ਬਿਹਤਰ ਭਵਿੱਖ ਲਈ ਸੰਘਰਸ਼ ਕਰਨ ਦਾ ਸੰਕਲਪ ਲਿਆ। ਭਾਰੀ ਮੀਂਹ ਦੇ ਬਾਵਜੂਦ ਕਾਂਗਰਸੀ ਆਗੂਆਂ ਅਤੇ ਵਰਕਰਾਂ ਦੀ ਮੌਜੂਦਗੀ ਨੇ ਸਮਾਗਮ ਵਿੱਚ ਉਤਸ਼ਾਹ ਬਣਾਈ ਰੱਖਿਆ। ਪਾਰਟੀ ਆਗੂਆਂ ਨੇ ਇਸ ਨੂੰ ਜਥੇਬੰਦੀ ਦੀ ਏਕਤਾ ਅਤੇ ਆਉਣ ਵਾਲੇ ਸਿਆਸੀ ਸੰਘਰਸ਼ ਲਈ ਵਰਕਰਾਂ ਦੀ ਵਚਨਬੱਧਤਾ ਦਾ ਪ੍ਰਤੀਕ ਦੱਸਿਆ।ਪੰਜਾਬ ਕਾਂਗਰਸ ਦੇ ਇੰਚਾਰਜ ਅਤੇ ਪਾਰਟੀ ਦੇ ਕੌਮੀ ਜਨਰਲ ਸਕੱਤਰ ਸਚਿਨ ਪਾਇਲਟ ਨੇ ਪਰਗਟ ਸਿੰਘ ਨੂੰ ਪ੍ਰਧਾਨਗੀ ਦੀ ਜ਼ਿੰਮੇਵਾਰੀ ਸੌਂਪੀ। ਇਸ ਤੋਂ ਪਹਿਲਾਂ ਪਰਗਟ ਸਿੰਘ ਨੇ ਸਾਬਕਾ ਪ੍ਰਧਾਨ ਮੰਤਰੀ ਸਵਰਗੀ ਰਾਜੀਵ ਗਾਂਧੀ ਦੇ ਬੁੱਤ ’ਤੇ ਫੁੱਲ ਭੇਟ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਤੋਂ ਬਾਅਦ ਉਨ੍ਹਾਂ ਨੇ ਕਾਂਗਰਸ ਸੇਵਾ ਦਲ ਦੇ ਅਹੁਦੇਦਾਰਾਂ ਨਾਲ ਮਿਲ ਕੇ ਕਾਂਗਰਸ ਭਵਨ ਵਿਖੇ ਪਾਰਟੀ ਦਾ ਝੰਡਾ ਲਹਿਰਾਇਆ।

ਆਪਣੇ ਸੰਬੋਧਨ ਦੀ ਸ਼ੁਰੂਆਤ ਪਰਗਟ ਸਿੰਘ ਨੇ ‘ਪੰਜਾਬ ਵੱਸਦਾ ਗੁਰਾਂ ਦੇ ਨਾਂ ’ਤੇ’ ਦੇ ਸ਼ਬਦਾਂ ਨਾਲ ਕੀਤੀ। ਨਵਰਾਤਰਿਆਂ ਦੀਆਂ ਵਧਾਈਆਂ ਦਿੰਦਿਆਂ ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਨੇ ਸਾਨੂੰ ਸਰਬੱਤ ਦੇ ਭਲੇ ਦਾ ਸੰਦੇਸ਼ ਦਿੱਤਾ ਹੈ। ਇਹੀ ਸੰਦੇਸ਼ ਪੰਜਾਬ ਦੀ ਸਿਆਸਤ ਅਤੇ ਸਮਾਜ ਦਾ ਆਧਾਰ ਹੋਣਾ ਚਾਹੀਦਾ ਹੈ।ਪਰਗਟ ਸਿੰਘ ਨੇ ਕਿਹਾ ਕਿ ਸੂਬੇ ਦੀ ਅਸਲ ਤਾਕਤ ਇੱਥੋਂ ਦੇ ਆਮ ਲੋਕ ਹਨ—ਉਹ ਕਿਸਾਨ ਜੋ ਦੇਸ਼ ਦਾ ਢਿੱਡ ਭਰਦੇ ਹਨ, ਉਹ ਨੌਜਵਾਨ ਜੋ ਆਪਣੇ ਭਵਿੱਖ ਲਈ ਸੰਘਰਸ਼ ਕਰ ਰਹੇ ਹਨ, ਉਹ ਵਪਾਰੀ ਅਤੇ ਕਾਰੋਬਾਰੀ ਜੋ ਸੂਬੇ ਦੀ ਆਰਥਿਕਤਾ ਨੂੰ ਅੱਗੇ ਵਧਾਉਂਦੇ ਹਨ ਅਤੇ ਉਹ ਪਰਿਵਾਰ ਜੋ ਸੁਰੱਖਿਅਤ, ਸਨਮਾਨਜਨਕ ਅਤੇ ਬਿਹਤਰ ਜੀਵਨ ਦੀ ਆਸ ਰੱਖਦੇ ਹਨ।ਉਨ੍ਹਾਂ ਕਿਹਾ ਕਿ ਕਾਂਗਰਸ ਦੀ ਜ਼ਿੰਮੇਵਾਰੀ ਸਿਰਫ਼ ਚੋਣਾਂ ਲੜਨਾ ਨਹੀਂ, ਸਗੋਂ ਲੋਕਾਂ ਦੀ ਆਵਾਜ਼ ਬਣਨਾ ਅਤੇ ਉਨ੍ਹਾਂ ਦੇ ਹੱਕਾਂ ਲਈ ਮਜ਼ਬੂਤੀ ਨਾਲ ਖੜ੍ਹੇ ਹੋਣਾ ਵੀ ਹੈ।ਉਨ੍ਹਾਂ ਕਿਹਾ, “ਪੰਜਾਬ ਦੇ ਲੋਕ ਆਪਣੇ ਹੱਕਾਂ, ਇਨਸਾਫ਼ ਅਤੇ ਸੁਰੱਖਿਅਤ ਭਵਿੱਖ ਦੀ ਉਡੀਕ ਕਰ ਰਹੇ ਹਨ। ਕਿਸਾਨਾਂ ਤੋਂ ਲੈ ਕੇ ਨੌਜਵਾਨਾਂ ਤੱਕ, ਹਰ ਵਰਗ ਦੀਆਂ ਉਮੀਦਾਂ ’ਤੇ ਖਰਾ ਉਤਰਨਾ ਸਾਡੀ ਜ਼ਿੰਮੇਵਾਰੀ ਹੈ। ਕਾਂਗਰਸ ਇਕਜੁੱਟ ਹੈ ਅਤੇ ਸਾਡੀ ਲੜਾਈ ਉਸ ਵਿਵਸਥਾ ਵਿਰੁੱਧ ਹੈ ਜੋ ਲੋਕਾਂ ਨੂੰ ਉਨ੍ਹਾਂ ਦੇ ਹੱਕ ਦਿਵਾਉਣ ਵਿੱਚ ਨਾਕਾਮ ਰਹੀ ਹੈ।”
ਉਨ੍ਹਾਂ ਕਿਹਾ ਕਿ ਬੇਅਦਬੀ ਦੇ ਮਾਮਲਿਆਂ ਵਿੱਚ ਇਨਸਾਫ਼ ਦੀ ਉਡੀਕ ਕਰ ਰਹੇ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਣਾ ਅਤੇ ਉਨ੍ਹਾਂ ਨੂੰ ਨਿਆਂ ਦਿਵਾਉਣ ਲਈ ਆਵਾਜ਼ ਉਠਾਉਣਾ ਜ਼ਰੂਰੀ ਹੈ। ਕਿਸੇ ਵੀ ਸਰਕਾਰ ਦੇ ਕੰਮਕਾਜ ਦੀ ਅਸਲ ਕਸੌਟੀ ਲੋਕਾਂ ਦਾ ਭਰੋਸਾ ਅਤੇ ਉਨ੍ਹਾਂ ਦੇ ਜੀਵਨ ਵਿੱਚ ਆਉਣ ਵਾਲੀ ਤਬਦੀਲੀ ਹੁੰਦੀ ਹੈ।
‘ਪੰਜਾਬ ਦੇ ਲੋਕ ਨਫ਼ਰਤ ਨਹੀਂ, ਸਨਮਾਨ ਅਤੇ ਇਨਸਾਫ਼ ਚਾਹੁੰਦੇ ਹਨ’
ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ’ਤੇ ਨਿਸ਼ਾਨਾ ਸਾਧਦਿਆਂ ਪਰਗਟ ਸਿੰਘ ਨੇ ਕਿਹਾ ਕਿ ਕਾਂਗਰਸ ਦੀ ਟੀਮ ਦੀ ਚਿੰਤਾ ਕਰਨ ਦੀ ਬਜਾਏ ਸਰਕਾਰ ਨੂੰ ਪੰਜਾਬ ਦੇ ਲੋਕਾਂ ਦੀਆਂ ਸਮੱਸਿਆਵਾਂ ਵੱਲ ਧਿਆਨ ਦੇਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਕਾਂਗਰਸ ਕੋਲ ਤਜਰਬੇਕਾਰ ਆਗੂਆਂ ਅਤੇ ਸਮਰਪਿਤ ਵਰਕਰਾਂ ਦੀ ਮਜ਼ਬੂਤ ਟੀਮ ਹੈ। ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ, ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਰਗੇ ਆਗੂਆਂ ਦੇ ਤਜਰਬੇ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਪਾਰਟੀ ਮਿਲ ਕੇ ਪੰਜਾਬ ਦੇ ਹਿੱਤਾਂ ਦੀ ਲੜਾਈ ਲੜੇਗੀ।ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਸੰਬੋਧਨ ਕਰਦਿਆਂ ਪਰਗਟ ਸਿੰਘ ਨੇ ਅਪੀਲ ਕੀਤੀ ਕਿ ਉਹ ਸਿਆਸੀ ਦਬਾਅ ਤੋਂ ਉੱਪਰ ਉੱਠ ਕੇ ਪੰਜਾਬ ਦੇ ਹਿੱਤਾਂ ਲਈ ਖੜ੍ਹੇ ਹੋਣ। ਉਨ੍ਹਾਂ ਕਿਹਾ ਕਿ ਅਜੇ ਵੀ ਸਮਾਂ ਹੈ ਕਿ ਵਿਧਾਇਕ ਪੰਜਾਬ ਦੇ ਲੋਕਾਂ ਦੀ ਆਵਾਜ਼ ਬਣਨ ਅਤੇ ਸੂਬੇ ਦੇ ਹਿੱਤਾਂ ਨੂੰ ਤਰਜੀਹ ਦੇਣ।ਪਰਗਟ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ, “ਸਾਮ, ਦਾਮ, ਦੰਡ, ਭੇਦ ਕਰਨ ਵਾਲਿਆਂ ਨੂੰ ਰਾਜਪੁਰਾ ਬਾਰਡਰ ਪਾਰ ਹੀ ਨਹੀਂ ਕਰਨ ਦੇਵਾਂਗੇ, ਸਗੋਂ ਉਨ੍ਹਾਂ ਨੂੰ ਖਿੱਚ ਕੇ ਵਾਪਸ ਵੀ ਲਿਆਵਾਂਗੇ।”ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਨਫ਼ਰਤ ਦੀ ਸਿਆਸਤ ਨੂੰ ਪਸੰਦ ਨਹੀਂ ਕਰਦੇ। ਸੂਬੇ ਨੂੰ ਅੱਗੇ ਵਧਾਉਣ ਲਈ ਆਪਸੀ ਭਾਈਚਾਰੇ, ਸਨਮਾਨ ਅਤੇ ਸਮਾਜਿਕ ਸਦਭਾਵਨਾ ਨੂੰ ਮਜ਼ਬੂਤ ਕਰਨਾ ਜ਼ਰੂਰੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਕਾਂਗਰਸ ਲੋਕਾਂ ਦੇ ਮੁੱਦਿਆਂ ਨੂੰ ਪਹਿਲ ਦਿੰਦਿਆਂ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਸੰਘਰਸ਼ ਕਰੇਗੀ।ਕਿਸਾਨ ਅੰਦੋਲਨ ਨੇ ਲੋਕਾਂ ਦੀ ਏਕਤਾ ਦਾ ਰਾਹ ਦਿਖਾਇਆਕਿਸਾਨਾਂ ਦੇ ਸੰਘਰਸ਼ ਦਾ ਜ਼ਿਕਰ ਕਰਦਿਆਂ ਪਰਗਟ ਸਿੰਘ ਨੇ ਕਿਹਾ ਕਿ ਕਿਸਾਨ ਅੰਦੋਲਨ ਨੇ ਪੂਰੇ ਦੇਸ਼ ਨੂੰ ਇਹ ਸੰਦੇਸ਼ ਦਿੱਤਾ ਕਿ ਜਦੋਂ ਲੋਕ ਆਪਣੇ ਹੱਕਾਂ ਲਈ ਇਕਜੁੱਟ ਹੁੰਦੇ ਹਨ ਤਾਂ ਉਨ੍ਹਾਂ ਦੀ ਆਵਾਜ਼ ਨੂੰ ਅਣਡਿੱਠਾ ਨਹੀਂ ਕੀਤਾ ਜਾ ਸਕਦਾ।ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਸਿਆਸਤ ਦੀ ਆਲੋਚਨਾ ਕਰਦਿਆਂ ਦੋਸ਼ ਲਾਇਆ ਕਿ ਦੇਸ਼ ਵਿੱਚ ਲੋਕਤੰਤਰੀ ਕਦਰਾਂ-ਕੀਮਤਾਂ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਨੇ ਹਮੇਸ਼ਾ ਮੁਸ਼ਕਲ ਹਾਲਾਤ ਵਿੱਚ ਹਿੰਮਤ ਅਤੇ ਸੂਝ-ਬੂਝ ਦਾ ਸਬੂਤ ਦਿੱਤਾ ਹੈ। ਸੂਬੇ ਨੂੰ ਅੱਗੇ ਲਿਜਾਣ ਲਈ ਭਾਵਨਾਵਾਂ ਦੇ ਨਾਲ-ਨਾਲ ਵਿਹਾਰਕ ਸੋਚ ਅਤੇ ਸਪੱਸ਼ਟ ਨੀਤੀਆਂ ਦੀ ਵੀ ਲੋੜ ਹੈ।ਪਰਗਟ ਸਿੰਘ ਨੇ ਕਿਹਾ, “ਅਸੀਂ ਪੰਜਾਬ ਨੂੰ ਜੋਸ਼ ਅਤੇ ਹੋਸ਼ ਦੇ ਸੁਮੇਲ ਨਾਲ ਅੱਗੇ ਲੈ ਕੇ ਜਾਵਾਂਗੇ। ਸਾਡੀ ਤਰਜੀਹ ਲੋਕਾਂ ਦੇ ਮੁੱਦੇ, ਉਨ੍ਹਾਂ ਦੇ ਹੱਕ ਅਤੇ ਪੰਜਾਬ ਦਾ ਬਿਹਤਰ ਭਵਿੱਖ ਹੋਵੇਗਾ।”ਪ੍ਰਸ਼ਾਸਨ ਲੋਕਾਂ ਪ੍ਰਤੀ ਜਵਾਬਦੇਹ ਹੋਵੇ: ਪਰਗਟ ਸਿੰਘਪੰਜਾਬ ਦੀ ਕਾਨੂੰਨ-ਵਿਵਸਥਾ ਅਤੇ ਪ੍ਰਸ਼ਾਸਨਿਕ ਕੰਮਕਾਜ ’ਤੇ ਸਵਾਲ ਉਠਾਉਂਦਿਆਂ ਪਰਗਟ ਸਿੰਘ ਨੇ ਪੁਲਿਸ ਮੁਖੀ ਗੌਰਵ ਯਾਦਵ ਅਤੇ ਮੁੱਖ ਸਕੱਤਰ ਕੇ.ਏ.ਪੀ. ਸਿਨ੍ਹਾ ਨੂੰ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਕੰਮ ਕਰਨ ਦੀ ਅਪੀਲ ਕੀਤੀ।ਉਨ੍ਹਾਂ ਕਿਹਾ ਕਿ ਸਰਕਾਰੀ ਅਹੁਦਿਆਂ ’ਤੇ ਬੈਠੇ ਹਰ ਵਿਅਕਤੀ ਦੀ ਜ਼ਿੰਮੇਵਾਰੀ ਹੈ ਕਿ ਉਹ ਨਿਰਪੱਖਤਾ ਅਤੇ ਕਾਨੂੰਨ ਅਨੁਸਾਰ ਕੰਮ ਕਰੇ। ਪ੍ਰਸ਼ਾਸਨ ਦਾ ਉਦੇਸ਼ ਲੋਕਾਂ ਦੀ ਸੇਵਾ ਕਰਨਾ ਅਤੇ ਉਨ੍ਹਾਂ ਵਿੱਚ ਸੁਰੱਖਿਆ ਤੇ ਭਰੋਸੇ ਦੀ ਭਾਵਨਾ ਪੈਦਾ ਕਰਨਾ ਹੋਣਾ ਚਾਹੀਦਾ ਹੈ।ਉਨ੍ਹਾਂ ਨੇ ਆਮ ਆਦਮੀ ਪਾਰਟੀ ਸਰਕਾਰ ਦੀ ਆਲੋਚਨਾ ਕਰਦਿਆਂ ਦੋਸ਼ ਲਾਇਆ ਕਿ ਇਸ ਦੇ ਕਾਰਜਕਾਲ ਦੌਰਾਨ ਪੰਜਾਬ ਦੀ ਸਾਖ ਨੂੰ ਨੁਕਸਾਨ ਪਹੁੰਚਿਆ ਹੈ।ਕਾਂਗਰਸੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਪਰਗਟ ਸਿੰਘ ਨੇ ਕਿਹਾ ਕਿ ਸਿਆਸਤ ਦਾ ਕੇਂਦਰ ਆਮ ਲੋਕਾਂ ਦੀਆਂ ਸਮੱਸਿਆਵਾਂ ਹੋਣੀਆਂ ਚਾਹੀਦੀਆਂ ਹਨ। ਉਨ੍ਹਾਂ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਨਕਲੀ ਬੁੱਧੀਮਤਾ (ਏਆਈ) ਨਾਲ ਤਿਆਰ ਕੀਤੀਆਂ ਗਈਆਂ ਗੁੰਮਰਾਹਕੁੰਨ ਵੀਡੀਓਜ਼ ਅਤੇ ਨਕਾਰਾਤਮਕ ਪ੍ਰਚਾਰ ਤੋਂ ਦੂਰ ਰਹਿਣ।ਪਾਇਲਟ ਨੇ ਨੌਜਵਾਨਾਂ ਦੀ ਭੂਮਿਕਾ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਆਉਣ ਵਾਲਾ ਸਮਾਂ ਨੌਜਵਾਨਾਂ ਦਾ ਹੈ। ਕਾਂਗਰਸ ਨੌਜਵਾਨਾਂ ਨੂੰ ਨਾਲ ਲੈ ਕੇ ਅੱਗੇ ਵਧੇਗੀ ਅਤੇ ਪਿੰਡਾਂ ਤੋਂ ਲੈ ਕੇ ਸ਼ਹਿਰਾਂ ਤੱਕ ਰਾਹੁਲ ਗਾਂਧੀ ਦਾ ਸੰਦੇਸ਼ ਪਹੁੰਚਾਏਗੀ, ਤਾਂ ਜੋ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣਾਉਣ ਲਈ ਜਨਸਮਰਥਨ ਜੁਟਾਇਆ ਜਾ ਸਕੇ।ਇਸ ਮੌਕੇ ਪ੍ਰਦੇਸ਼ ਕਾਂਗਰਸ ਦੇ ਸਹਿ-ਇੰਚਾਰਜ ਸੂਰਜ ਸਿੰਘ ਠਾਕੁਰ, ਰਵਿੰਦਰ ਦਲਵੀ ਅਤੇ ਹੀਨਾ ਕਾਂਵਰੇ; ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ; ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਰਾਜਿੰਦਰ ਕੌਰ ਭੱਠਲ; ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ, ਅਮਰਿੰਦਰ ਸਿੰਘ ਰਾਜਾ ਵੜਿੰਗ, ਅਮਰ ਸਿੰਘ, ਮਨੀਸ਼ ਤਿਵਾੜੀ ਅਤੇ ਧਰਮਵੀਰ ਗਾਂਧੀ; ਸਾਬਕਾ ਪ੍ਰਦੇਸ਼ ਪ੍ਰਧਾਨ ਸ਼ਮਸ਼ੇਰ ਸਿੰਘ ਦੂਲੋ; ਸਾਬਕਾ ਮੰਤਰੀ ਵਿਜੇ ਇੰਦਰ ਸਿੰਗਲਾ, ਭਾਰਤ ਭੂਸ਼ਣ ਆਸ਼ੂ, ਸੰਗਤ ਸਿੰਘ ਗਿਲਜੀਆਂ, ਬ੍ਰਹਮ ਮਹਿੰਦਰਾ, ਰਜ਼ੀਆ ਸੁਲਤਾਨਾ, ਡਾ. ਰਾਜ ਕੁਮਾਰ ਵੇਰਕਾ ਅਤੇ ਸੁੰਦਰ ਸ਼ਾਮ ਅਰੋੜਾ; ਖ਼ਜ਼ਾਨਚੀ ਅਮਿਤ ਵਿਜ; ਵਿਧਾਇਕ ਰਾਣਾ ਗੁਰਜੀਤ ਸਿੰਘ, ਸੁਖਪਾਲ ਸਿੰਘ ਖਹਿਰਾ, ਬਲਵਿੰਦਰ ਸਿੰਘ ਧਾਲੀਵਾਲ, ਕੁਲਦੀਪ ਸਿੰਘ ਕਾਲਾ ਢਿੱਲੋਂ, ਸੁਖਵਿੰਦਰ ਸਿੰਘ ਕੋਟਲੀ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਬਾਵਾ ਹੈਨਰੀ, ਸੁਖਬਿੰਦਰ ਸਿੰਘ ਸਰਕਾਰੀਆ, ਹਰਦੇਵ ਸਿੰਘ ਲਾਡੀ, ਬਿਕਰਮ ਚੌਧਰੀ ਅਤੇ ਬਰਿੰਦਰਮੀਤ ਸਿੰਘ ਪਾਹੜਾ ਸਮੇਤ ਕਈ ਸੀਨੀਅਰ ਆਗੂ ਹਾਜ਼ਰ ਸਨ।
ਇਸ ਤੋਂ ਇਲਾਵਾ ਸਾਬਕਾ ਸੰਸਦ ਮੈਂਬਰ ਸੰਤੋਸ਼ ਚੌਧਰੀ; ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ, ਪਵਨ ਆਦੀਆ, ਸੁਖਪਾਲ ਭੁੱਲਰ, ਗੁਰਕੀਰਤ ਸਿੰਘ ਕੋਟਲੀ, ਹਰਪ੍ਰਤਾਪ ਸਿੰਘ ਅਜਨਾਲਾ, ਰਮਨਜੀਤ ਸਿੰਘ ਸਿੱਕੀ, ਇੰਦਰਬੀਰ ਸਿੰਘ ਬੁਲਾਰੀਆ, ਹਰਮਿੰਦਰ ਸਿੰਘ ਗਿੱਲ ਅਤੇ ਕੁਸ਼ਲਦੀਪ ਸਿੰਘ ਢਿੱਲੋਂ; ਓਬੀਸੀ ਸੈੱਲ ਦੇ ਚੇਅਰਮੈਨ ਅੰਗਦ ਸੈਣੀ; ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਸ਼ੁਵਮ ਸ਼ਰਮਾ ਸ਼ੁਭੀ; ਪੰਜਾਬ ਮਹਿਲਾ ਕਾਂਗਰਸ ਦੀ ਪ੍ਰਧਾਨ ਬਲਜੀਤ ਕੌਰ ਅਤੇ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਤੇ ਵਰਕਰ ਮੌਜੂਦ ਸਨ।





