ਕਾਂਗਰਸ ਭਵਨ ‘ਚ ਬੁੱਤਾਂ ‘ਤੇ ਸਿਆਸਤ: ਪਰਗਟ ਸਿੰਘ ਦੇ ‘ਪਰਹੇਜ਼’ ‘ਤੇ ਰਵਨੀਤ ਬਿੱਟੂ ਦਾ ਵੱਡਾ ਹਮਲਾ
ਕਾਂਗਰਸ ਭਵਨ ‘ਚ ਬੁੱਤਾਂ ‘ਤੇ ਸਿਆਸਤ: ਪਰਗਟ ਸਿੰਘ ਦੇ ‘ਪਰਹੇਜ਼’ ‘ਤੇ ਰਵਨੀਤ ਬਿੱਟੂ ਦਾ ਵੱਡਾ ਹਮਲਾ
ਬੀਜੇਪੀ ਆਗੂ ਅਤੇ ਸਾਬਕਾ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਇਸ ਸਬੰਧੀ ਸੋਸ਼ਲ ਮੀਡੀਆ ’ਤੇ ਆਪਣੀ ਇੱਕ ਵੀਡੀਓ ਸਾਂਝੀ ਕੀਤੀ ਹੈ। ਜਿਸ ’ਚ ਉਹ ਕਹਿੰਦੇ ਨਜ਼ਰ ਆ ਰਹੇ ਹਨ ਕਿ, “ਪਰਗਟ ਸਿੰਘ ਜੀ, ਜੇ ਤੁਹਾਨੂੰ ਸਰਦਾਰ ਬੇਅੰਤ ਸਿੰਘ ਜੀ ਦੇ ਬੁੱਤ ਤੋਂ ਕੋਈ ਇਤਰਾਜ਼ ਹੈ, ਤਾਂ ਸਾਨੂੰ ਦੱਸ ਦਿਓ। ਅਸੀਂ ਆਪਣੇ ਬਜ਼ੁਰਗ ਦਾ ਬੁੱਤ ਪੂਰੇ ਮਾਣ-ਸਤਿਕਾਰ ਨਾਲ ਉੱਥੋਂ ਲੈ ਜਾ ਕੇ ਸੈਕਟਰ 42, ਚੰਡੀਗੜ੍ਹ ਵਿਖੇ ਉਨ੍ਹਾਂ ਦੀ ਸਮਾਧੀ ’ਤੇ ਸਥਾਪਿਤ ਕਰ ਦੇਵਾਂਗੇ। ਜਿਨ੍ਹਾਂ ਸਰਦਾਰ ਬੇਅੰਤ ਸਿੰਘ ਜੀ ਨੇ ਪੰਜਾਬ ਵਿੱਚ ਅਮਨ-ਸ਼ਾਂਤੀ ਲਈ ਆਪਣੀ ਜਾਨ ਕੁਰਬਾਨ ਕੀਤੀ, ਉਨ੍ਹਾਂ ਦਾ ਸਤਿਕਾਰ ਸਾਡੇ ਲਈ ਮਾਣ ਦੀ ਗੱਲ ਹੈ। ਸਵਾਲ ਇਹ ਹੈ ਕਿ ਪੰਜਾਬ ਕਾਂਗਰਸ ਦੀ ਸੋਚ ਆਪਣੇ ਹੀ ਆਗੂਆਂ ਪ੍ਰਤੀ ਕਿਉਂ ਬਦਲ ਰਹੀ ਹੈ?”

“ਅੱਜ ਇੱਕ ਵੱਡੀ ਘਟਨਾ ਹੈ….ਹਰ ਕਿਸੇ ਦਾ ਇਸ ਨੂੰ ਦੇਖਣ ਦਾ ਆਪਣਾ ਨਜ਼ਰੀਆ ਹੁੰਦਾ ਹੈ.. ਹਾਲਾਂਕਿ ਮੇਰਾ ਉਸ ਪਾਰਟੀ ਦੇ ਨਾਲ ਕੋਈ ਲੈਣਾ ਦੇਣਾ ਨਹੀਂ… ਵੱਖ-ਵੱਖ ਹੈਂਡਲਸ ’ਤੇ ਵੀਡੀਓ ਦੇਖਣ ਨੂੰ ਮਿਲ ਰਹੀਆਂ ਹਨ.. ਕਾਂਗਰਸ ਭਵਨ ’ਚ ਬੁੱਤ ਲੱਗੇ ਹੋਏ ਸਨ..ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਹਰ ਵਾਰ ਸ਼ਹੀਦਾਂ ਦੀ ਗੱਲ ਕੀਤੀ ਗਈ ਅਤੇ ਸ਼ਹੀਦਾਂ ’ਚ ਉਨ੍ਹਾਂ ਦੇ ਦਾਦਾ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦਾ ਵੀ ਜ਼ਿਕਰ ਕੀਤਾ ਜਾਂਦਾ ਰਿਹਾ ਹੈ… ਪਰ ਹੈਰਾਨੀ ਦੀ ਗੱਲ ਇਹ ਹੈ ਕਿ ਜਿਵੇਂ ਹੀ ਪਰਗਟ ਸਿੰਘ ਕਾਂਗਰਸ ਭਵਨ ਪਹੁੰਚੇ ਤਾਂ ਉਨ੍ਹਾਂ ਵੱਲੋਂ ਸਿਰਫ ਰਾਜੀਵ ਗਾਂਧੀ ਦੇ ਬੁੱਤ ਨੂੰ ਫੁੱਲਾਂ ਦਾ ਹਾਰ ਪਾਇਆ ਗਿਆ ਪਰ ਨਾ ਤਾਂ ਉਨ੍ਹਾਂ ਵੱਲੋ ਇੰਦਰਾ ਗਾਂਧੀ ਦੇ ਬੁੱਤ ਨੂੰ ਫੁੱਲਾਂ ਦਾ ਹਾਰ ਪਾਇਆ ਗਿਆ ਅਤੇ ਨਾ ਹੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਬੁੱਤ ਨੂੰ ਫੁੱਲਾਂ ਦਾ ਹਾਰ ਪਾਇਆ ਗਿਆ ਜਿਸ ਨੂੰ ਦੇਖ ਕੇ ਉਹ ਬਹੁਤ ਹੈਰਾਨ ਹੋਏ.. ਮੈ ਇਸ ਨੂੰ ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ਦੇ ਧਿਆਨ ’ਚ ਲੈ ਕੇ ਆਉਣਾ ਚਾਹੁੰਦਾ ਹਾਂ.. ਨਾਲ ਹੀ ਪੰਜਾਬ ਦੇ ਲੋਕ ਵੀ ਇਸ ਨੂੰ ਦੇਖਣ… ਪਰਗਟ ਸਿੰਘ ਇਸ ਸਬੰਧੀ ਆਪਣੀ ਮਨਸ਼ਾ ਦੱਸਣ ਕੀ ਉਨ੍ਹਾਂ ਵੱਲੋਂ ਅਜਿਹਾ ਕਿਉਂ ਕੀਤਾ ਗਿਆ… ਨਾਲ ਹੀ ਇਹ ਵੀ ਕਹਾਂਗਾ ਕਿ ਜੇਕਰ ਉਹ ਚਾਹੁੰਦੇ ਹਨ ਤਾਂ ਬੇਅੰਤ ਸਿੰਘ ਦਾ ਬੁੱਤ ਉੱਥੋ ਹਟਾ ਦਿੱਤਾ ਜਾਵੇ ਤਾਂ ਉਹ ਹਟਾ ਕੇ ਉਨ੍ਹਾਂ ਦੇ ਬੁੱਤ ਨੂੰ ਉਨ੍ਹਾਂ ਦੀ ਸਮਾਧੀ ’ਤੇ ਲੱਗਾ ਦਿੱਤਾ ਜਾਵੇਗਾ… ਪਰ ਉਹ ਇਸ ਪਿੱਛੇ ਆਪਣਾ ਮਨਸ਼ਾ ਨੂੰ ਜ਼ਰੂਰ ਦੱਸਣ।”- ਰਵਨੀਤ ਸਿੰਘ ਬਿੱਟੂ, ਸਾਬਕਾ ਰਾਜ ਕੇਂਦਰੀ ਮੰਤਰੀ
ਕਾਬਿਲੇਗੌਰ ਹੈ ਕਿ ਬੀਤੇ ਦਿਨ ਪਰਗਟ ਸਿੰਘ ਵੱਲੋਂ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਵਜੋਂ ਆਪਣਾ ਅਹੁਦਾ ਸਾਂਭਿਆ ਗਿਆ। ਇਸ ਦੌਰਾਨ ਚੰਡੀਗੜ੍ਹ ਦਫਤਰ ਵਿਖੇ ਪਾਰਟੀ ਦੇ ਲਗਭਗ ਸਾਰੇ ਪ੍ਰਮੁੱਖ ਨੇਤਾ ਇੱਕ ਮੰਚ ‘ਤੇ ਨਜ਼ਰ ਆਏ। ਆਪਣਾ ਤਾਜਪੋਸ਼ੀ ਤੋਂ ਪਹਿਲਾਂ ਪਰਗਟ ਸਿੰਘ ਵੱਲੋਂ ਪਹਿਲਾਂ ਜਿੱਥੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਉਸ ਤੋਂ ਬਾਅਦ ਉਹ ਕਾਂਗਰਸ ਦਫਤਰ ਵਿਖੇ ਪਹੁੰਚੇ ਸੀ। ਇਸ ਦੌਰਾਨ ਉਨ੍ਹਾਂ ਨੇ ਕਾਂਗਰਸ ਭਵਨ ਬਾਹਰ ਲੱਗੇ ਤਿੰਨ ਬੁੱਤ ਵਿੱਚੋਂ ਸਿਰਫ ਰਾਜੀਵ ਗਾਂਧੀ ਦੇ ਬੁੱਤ ਨੂੰ ਫੁੱਲਾਂ ਦਾ ਹਾਰ ਪਾਇਆ। ਜਿਸ ’ਤੇ ਰਵਨੀਤ ਬਿੱਟੂ ਵੱਲੋਂ ਸਵਾਲ ਚੁੱਕੇ ਗਏ ਹਨ। ਨਾਲ ਹੀ ਇਸ ਤਾਜ਼ਪੋਸ਼ੀ ਨੇ ਪੰਜਾਬ ਦੀ ਸਿਆਸਤ ’ਚ ਇੱਕ ਨਵੀਂ ਬਹਿਸ ਵੀ ਸ਼ੁਰੂ ਕਰ ਦਿੱਤੀ ਹੈ।





