ਪੰਜਾਬ ਵਿੱਚ ਮੈਡੀਕਲ ਸਟੋਰ ਬੰਦ

ਕੈਮਿਸਟ ਐਸੋਸੀਏਸ਼ਨ ਦੀ ਸੂਬਾ ਪੱਧਰੀ ਹੜਤਾਲ ਕਾਰਨ ਸਿਹਤ ਸੇਵਾਵਾਂ ਪ੍ਰਭਾਵਿਤ, ਮਰੀਜ਼ ਪਰੇਸ਼ਾਨ
ਪੰਜਾਬ ਭਰ ਵਿੱਚ ਕੈਮਿਸਟ ਐਸੋਸੀਏਸ਼ਨ ਵੱਲੋਂ ਕੀਤੀ ਗਈ ਇੱਕ ਦਿਨਾਂ ਸੂਬਾ ਪੱਧਰੀ ਹੜਤਾਲ ਕਾਰਨ ਮੈਡੀਕਲ ਸਟੋਰ ਬੰਦ ਰਹੇ, ਜਿਸ ਨਾਲ ਆਮ ਲੋਕਾਂ ਅਤੇ ਰੋਜ਼ਾਨਾ ਦਵਾਈ ਲੈਣ ਵਾਲੇ ਮਰੀਜ਼ਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।

ਆਲ ਇੰਡੀਆ ਕੈਮਿਸਟ ਐਸੋਸੀਏਸ਼ਨ ਦੇ ਸੱਦੇ ‘ਤੇ ਕੀਤੀ ਗਈ ਇਸ ਹੜਤਾਲ ਦੌਰਾਨ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਬੱਸੀ ਪਠਾਣਾ, ਮੰਡੀ ਗੋਬਿੰਦਗੜ੍ਹ ਅਤੇ ਸਰਹਿੰਦ ਸਮੇਤ ਕਈ ਇਲਾਕਿਆਂ ਵਿੱਚ ਮੈਡੀਕਲ ਸਟੋਰ ਬੰਦ ਦੇਖਣ ਨੂੰ ਮਿਲੇ। ਕੈਮਿਸਟ ਐਸੋਸੀਏਸ਼ਨ ਦੇ ਆਗੂਆਂ ਨੇ ਦੱਸਿਆ ਕਿ ਉਹ ਲੰਮੇ ਸਮੇਂ ਤੋਂ ਸਰਕਾਰ ਕੋਲ ਆਪਣੀਆਂ ਮੰਗਾਂ ਰੱਖ ਰਹੇ ਹਨ, ਪਰ ਉਨ੍ਹਾਂ ਨੂੰ ਅਣਡਿੱਠਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦੀਆਂ ਮੁੱਖ ਮੰਗਾਂ ਵਿੱਚ ਦਵਾਈਆਂ ਦੀ ਆਨਲਾਈਨ ਵਿਕਰੀ ‘ਤੇ ਰੋਕ ਲਗਾਉਣਾ ਵੀ ਸ਼ਾਮਲ ਹੈ। ਐਸੋਸੀਏਸ਼ਨ ਦਾ ਕਹਿਣਾ ਹੈ ਕਿ ਆਨਲਾਈਨ ਦਵਾਈਆਂ ਦੀ ਵਿਕਰੀ ਨਾਲ ਨਾ ਸਿਰਫ਼ ਕੈਮਿਸਟ ਕਾਰੋਬਾਰ ਪ੍ਰਭਾਵਿਤ ਹੋ ਰਿਹਾ ਹੈ, ਸਗੋਂ ਮਰੀਜ਼ਾਂ ਦੀ ਸਿਹਤ ਨਾਲ ਵੀ ਖ਼ਤਰਾ ਜੁੜਿਆ ਹੋ ਸਕਦਾ ਹੈ। ਕੈਮਿਸਟਾਂ ਨੇ ਕਿਹਾ ਕਿ ਮੈਡੀਕਲ ਸਟੋਰਾਂ ਦਾ ਸਿੱਧਾ ਸਬੰਧ ਆਮ ਲੋਕਾਂ ਅਤੇ ਮਰੀਜ਼ਾਂ ਨਾਲ ਹੁੰਦਾ ਹੈ, ਇਸ ਲਈ ਉਹ ਹੜਤਾਲ ਕਰਨ ਦੇ ਹੱਕ ਵਿੱਚ ਨਹੀਂ ਸਨ। ਪਰ ਸਰਕਾਰ ਵੱਲੋਂ ਲਗਾਤਾਰ ਮੰਗਾਂ ਨੂੰ ਨਜ਼ਰਅੰਦਾਜ਼ ਕਰਨ ਦੇ ਰੋਸ ਵਜੋਂ ਉਨ੍ਹਾਂ ਨੂੰ ਇਹ ਕਦਮ ਚੁੱਕਣਾ ਪਿਆ। ਹੜਤਾਲ ਕਾਰਨ ਖ਼ਾਸ ਕਰਕੇ ਉਹ ਮਰੀਜ਼ ਜ਼ਿਆਦਾ ਪ੍ਰਭਾਵਿਤ ਹੋਏ ਜੋ ਰੋਜ਼ਾਨਾ ਦਵਾਈਆਂ ‘ਤੇ ਨਿਰਭਰ ਹਨ। ਕਈ ਲੋਕ ਦਵਾਈਆਂ ਨਾ ਮਿਲਣ ਕਾਰਨ ਇੱਧਰ-ਉੱਧਰ ਭਟਕਦੇ ਨਜ਼ਰ ਆਏ। ਇਸ ਦੌਰਾਨ ਆਮ ਲੋਕਾਂ ਨੇ ਵੀ ਕੈਮਿਸਟ ਐਸੋਸੀਏਸ਼ਨ ਦੀਆਂ ਮੰਗਾਂ ਨੂੰ ਜਾਇਜ਼ ਦੱਸਦਿਆਂ ਸਰਕਾਰ ਨੂੰ ਜਲਦ ਹੱਲ ਕੱਢਣ ਦੀ ਅਪੀਲ ਕੀਤੀ। ਲੋਕਾਂ ਦਾ ਕਹਿਣਾ ਹੈ ਕਿ ਹਰ ਰੋਜ਼ ਹਜ਼ਾਰਾਂ ਮਰੀਜ਼ ਦਵਾਈਆਂ ਲਈ ਮੈਡੀਕਲ ਸਟੋਰਾਂ ‘ਤੇ ਨਿਰਭਰ ਰਹਿੰਦੇ ਹਨ ਅਤੇ ਜੇਕਰ ਇਹ ਹੜਤਾਲ ਲੰਮੀ ਚੱਲਦੀ ਹੈ ਤਾਂ ਲੋਕਾਂ ਨੂੰ ਜਾਨੀ ਅਤੇ ਮਾਲੀ ਨੁਕਸਾਨ ਝੱਲਣਾ ਪੈ ਸਕਦਾ ਹੈ। ਕੈਮਿਸਟ ਐਸੋਸੀਏਸ਼ਨ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਦਵਾਈਆਂ ਦੀ ਆਨਲਾਈਨ ਵਿਕਰੀ ‘ਤੇ ਤੁਰੰਤ ਰੋਕ ਲਗਾਈ ਜਾਵੇ ਅਤੇ ਉਨ੍ਹਾਂ ਦੀਆਂ ਹੋਰ ਮੰਗਾਂ ਨੂੰ ਵੀ ਜਲਦ ਮੰਨਿਆ ਜਾਵੇ, ਤਾਂ ਜੋ ਆਮ ਲੋਕਾਂ ਨੂੰ ਹੋਰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ।