ਗਾਇਕਾ ਯਸ਼ਇੰਦਰ ਕਤਲਕਾਂਡ ‘ਚ ਪੁਲਿਸ ਦੇ ਵੱਡੇ ਖੁਲਾਸੇ, ਮੁੱਖ ਮੁਲਜ਼ਮ ਕੈਨੇਡਾ ਫ਼ਰਾਰ
ਲੁਧਿਆਣਾ: ਪੰਜਾਬ ਦੀ ਮਸ਼ਹੂਰ ਗਾਇਕਾ ਯਸ਼ਇੰਦਰ ਕੌਰ ਉਰਫ਼ ਇੰਦਰ ਕੌਰ ਦੇ ਕਤਲ ਮਾਮਲੇ ਵਿੱਚ ਲੁਧਿਆਣਾ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਸਨਸਨੀਖੇਜ਼ ਖੁਲਾਸੇ ਕੀਤੇ ਹਨ। ਪੁਲਿਸ ਨੇ ਇਸ ਕਤਲਕਾਂਡ ਨਾਲ ਜੁੜੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਮੁੱਖ ਦੋਸ਼ੀ ਵਿਦੇਸ਼ ਫ਼ਰਾਰ ਹੋ ਗਿਆ ਹੈ।

ਤਿੰਨ ਮੁਲਜ਼ਮ ਗ੍ਰਿਫ਼ਤਾਰ, ਹਥਿਆਰ ਅਤੇ ਕਾਰ ਬਰਾਮਦ
ਪੁਲਿਸ ਨੇ ਮੁੱਖ ਮੁਲਜ਼ਮ ਸੁਖਵਿੰਦਰ ਸਿੰਘ ਉਰਫ਼ ਸੁੱਖਾ ਦੇ ਪਿਤਾ ਪ੍ਰੀਤਮ ਸਿੰਘ, ਉਸਦੇ ਸਾਥੀ ਕਰਮਜੀਤ ਸਿੰਘ ਅਤੇ ਰਵਿੰਦਰ ਸਿੰਘ ਉਰਫ਼ ਰਵੀ ਨੂੰ ਕਾਬੂ ਕੀਤਾ ਹੈ। ਉਨ੍ਹਾਂ ਕੋਲੋਂ ਵਾਰਦਾਤ ਵਿੱਚ ਵਰਤੇ ਗਏ ਦੋ ਪਿਸਤੌਲ ਅਤੇ ਨਹਿਰ ਵਿੱਚ ਸੁੱਟੀ ਗਈ ਫੋਰਡ ਫੀਗੋ ਕਾਰ ਵੀ ਬਰਾਮਦ ਕੀਤੀ ਗਈ ਹੈ।
ਕੈਨੇਡਾ ਰਾਹੀਂ ਫਰਾਰ ਹੋਇਆ ਮੁੱਖ ਦੋਸ਼ੀ
ਪੁਲਿਸ ਅਨੁਸਾਰ ਮੁੱਖ ਦੋਸ਼ੀ ਸੁਖਵਿੰਦਰ ਸਿੰਘ ਵਾਰਦਾਤ ਤੋਂ ਬਾਅਦ ਨੇਪਾਲ ਰਾਹੀਂ ਕੈਨੇਡਾ ਫ਼ਰਾਰ ਹੋ ਗਿਆ। ਪੁਲਿਸ ਨੇ ਉਸਨੂੰ ਵਾਪਸ ਲਿਆਉਣ ਲਈ ਕਾਨੂੰਨੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਡੀਸੀਪੀ ਜਸਕਰਨਜੀਤ ਸਿੰਘ ਤੇਜਾ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਯਸ਼ਇੰਦਰ ਕੌਰ ਅਤੇ ਸੁਖਵਿੰਦਰ ਸਿੰਘ ਪਿਛਲੇ ਕਰੀਬ 7 ਸਾਲਾਂ ਤੋਂ ਸੰਪਰਕ ਵਿੱਚ ਸਨ। ਮੁਲਜ਼ਮ ਉਸ ‘ਤੇ ਵਿਆਹ ਲਈ ਦਬਾਅ ਬਣਾ ਰਿਹਾ ਸੀ, ਜਦਕਿ ਉਹ ਪਹਿਲਾਂ ਤੋਂ ਵਿਆਹਿਆ ਹੋਇਆ ਹੈ ਅਤੇ ਉਸ ਦੇ ਦੋ ਬੱਚੇ ਵੀ ਹਨ। ਪੁਲਿਸ ਅਨੁਸਾਰ 13 ਮਈ ਨੂੰ ਸੁਖਵਿੰਦਰ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਯਸ਼ਇੰਦਰ ਕੌਰ ਨੂੰ ਅਗਵਾ ਕੀਤਾ ਅਤੇ ਨੀਲੋਂ ਨਹਿਰ ਕੋਲ ਲਿਜਾ ਕੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਇਸ ਤੋਂ ਬਾਅਦ ਲਾਸ਼ ਅਤੇ ਕਾਰ ਨੂੰ ਨਹਿਰ ਵਿੱਚ ਸੁੱਟ ਦਿੱਤਾ ਗਿਆ।
ਇੱਕ ਹੋਰ ਕਤਲ ਮਾਮਲੇ ਵਿੱਚ ਵੀ ਵੱਡਾ ਖੁਲਾਸਾ
ਲੁਧਿਆਣਾ ਦੇ ਦੁੱਗਰੀ ਇਲਾਕੇ ਵਿੱਚ ਛੇ ਮਹੀਨੇ ਪਹਿਲਾਂ ਮਿਲੀ ਇੱਕ ਮਹਿਲਾ ਦੀ ਲਾਸ਼ ਦੇ ਮਾਮਲੇ ਵਿੱਚ ਵੀ ਪੁਲਿਸ ਨੇ ਤਫਤੀਸ਼ ਦੌਰਾਨ ਵੱਡਾ ਖੁਲਾਸਾ ਕੀਤਾ ਹੈ। ਜਾਂਚ ਵਿੱਚ ਪਤਾ ਲੱਗਾ ਕਿ ਮ੍ਰਿਤਕਾ ਜੋਤੀ ਵਿਆਹੁਤਾ ਸੀ ਅਤੇ ਰਿਸ਼ੀਪਾਲ ਨਾਲ ਲਿਵ-ਇਨ ਰਿਲੇਸ਼ਨ ਵਿੱਚ ਰਹਿ ਰਹੀ ਸੀ। ਬਾਅਦ ਵਿੱਚ ਹੋਏ ਝਗੜੇ ਕਾਰਨ ਰਿਸ਼ੀਪਾਲ ਨੇ ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਅਤੇ ਲਾਸ਼ ਦੁੱਗਰੀ ਇਲਾਕੇ ਵਿੱਚ ਸੁੱਟ ਦਿੱਤੀ ਸੀ। ਪੁਲਿਸ ਨੇ ਇਸ ਮਾਮਲੇ ਵਿੱਚ ਵੀ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਵੇਂ ਮਾਮਲਿਆਂ ਦੀ ਜਾਂਚ ਜਾਰੀ ਹੈ ਅਤੇ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।