ਪੰਜਾਬ ‘ਚ ਲੂ ਦਾ ਕਹਿਰ, ਮੌਸਮ ਵਿਭਾਗ ਵੱਲੋਂ ਔਰੇਂਜ ਅਲਰਟ ਜਾਰੀ
ਚੰਡੀਗੜ੍ਹ: ਪੰਜਾਬ ਵਿੱਚ ਗਰਮੀ ਨੇ ਆਪਣੇ ਤੇਵਰ ਹੋਰ ਤਿੱਖੇ ਕਰ ਲਏ ਹਨ। ਅਸਮਾਨ ਤੋਂ ਵਰ੍ਹ ਰਹੀ ਅੱਗ ਕਾਰਨ ਧਰਤੀ ਤਪ ਰਹੀ ਹੈ ਅਤੇ ਆਮ ਜਨਜੀਵਨ ਪ੍ਰਭਾਵਿਤ ਹੋ ਰਿਹਾ ਹੈ। ਮੌਸਮ ਵਿਭਾਗ ਵੱਲੋਂ ਸੂਬੇ ਭਰ ਵਿੱਚ ਹੀਟ ਵੇਵ (ਲੂ) ਨੂੰ ਲੈ ਕੇ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਅਨੁਸਾਰ ਅੱਜ ਤੋਂ ਅਗਲੇ ਤਿੰਨ ਦਿਨਾਂ (22, 23 ਅਤੇ 24 ਮਈ) ਤੱਕ ਪੰਜਾਬ ਦੇ ਕਈ ਹਿੱਸਿਆਂ ਵਿੱਚ ਹੀਟ ਵੇਵ ਜਾਰੀ ਰਹੇਗੀ, ਜਿਸ ਕਾਰਨ ਕੁਝ ਇਲਾਕਿਆਂ ਵਿੱਚ ਔਰੇਂਜ ਅਤੇ ਯੈਲੋ ਅਲਰਟ ਵੀ ਰਹੇਗਾ।
ਤਾਪਮਾਨ 46 ਡਿਗਰੀ ਤੋਂ ਪਾਰ
ਬੀਤੇ ਦਿਨ ਸੂਬੇ ਵਿੱਚ ਤਾਪਮਾਨ ਵਿੱਚ 0.7 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ, ਜੋ ਆਮ ਨਾਲੋਂ 4.6 ਡਿਗਰੀ ਵੱਧ ਹੈ। ਸਭ ਤੋਂ ਵੱਧ ਤਾਪਮਾਨ ਬਠਿੰਡਾ ਵਿੱਚ 46.6 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਇਸ ਦੇ ਨਾਲ ਘੱਟੋ-ਘੱਟ ਤਾਪਮਾਨ ਵਿੱਚ 1.5 ਡਿਗਰੀ ਦੀ ਗਿਰਾਵਟ ਦਰਜ ਹੋਈ, ਪਰ ਇਹ ਫਿਰ ਵੀ ਆਮ ਨਾਲੋਂ ਉੱਪਰ ਹੀ ਰਿਹਾ। ਬਠਿੰਡਾ ਅਤੇ ਫਿਰੋਜ਼ਪੁਰ ਵਿੱਚ ਘੱਟੋ-ਘੱਟ ਤਾਪਮਾਨ 23.2 ਡਿਗਰੀ ਸੈਲਸੀਅਸ ਰਿਹਾ।
ਸਿਹਤ ਵਿਭਾਗ ਦੀ ਸਾਵਧਾਨੀ
ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਚੇਤਾਵਨੀ ਜਾਰੀ ਕਰਦਿਆਂ ਕਿਹਾ ਗਿਆ ਹੈ ਕਿ ਬਿਨਾਂ ਲੋੜ ਘਰੋਂ ਬਾਹਰ ਨਾ ਨਿਕਲਿਆ ਜਾਵੇ, ਖ਼ਾਸ ਕਰਕੇ ਦੁਪਹਿਰ 12 ਤੋਂ 4 ਵਜੇ ਤੱਕ। ਇਸ ਸਮੇਂ ਦੌਰਾਨ ਹੀਟ ਸਟ੍ਰੋਕ ਅਤੇ ਡੀਹਾਈਡ੍ਰੇਸ਼ਨ ਦਾ ਖਤਰਾ ਵੱਧ ਜਾਂਦਾ ਹੈ।
ਲੂ ਤੋਂ ਬਚਣ ਲਈ ਹਦਾਇਤਾਂ
- ਦੁਪਹਿਰ ਸਮੇਂ ਬਾਹਰ ਜਾਣ ਤੋਂ ਬਚੋ
- ਵੱਧ ਪਾਣੀ ਅਤੇ ਤਰਲ ਪਦਾਰਥ ਪੀਓ
- ਬੱਚਿਆਂ ਨੂੰ ਧੁੱਪ ਵਿੱਚ ਖੇਡਣ ਤੋਂ ਰੋਕੋ
- ਦੋਪਹੀਆ ਵਾਹਨ ਚਲਾਉਂਦੇ ਸਮੇਂ ਸਿਰ ਅਤੇ ਸਰੀਰ ਨੂੰ ਢੱਕ ਕੇ ਰੱਖੋ
- ਸਿਰ ‘ਤੇ ਗੀਲਾ ਕੱਪੜਾ ਜਾਂ ਤੌਲੀਆ ਰੱਖੋ
- ਤਬੀਅਤ ਖਰਾਬ ਹੋਣ ‘ਤੇ ਤੁਰੰਤ ਡਾਕਟਰ ਨਾਲ ਸੰਪਰਕ ਕਰੋ
ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ ਕੁਝ ਦਿਨ ਗਰਮੀ ਹੋਰ ਵਧ ਸਕਦੀ ਹੈ, ਇਸ ਲਈ ਲੋਕਾਂ ਨੂੰ ਖਾਸ ਸਾਵਧਾਨੀ ਵਰਤਣ ਦੀ ਲੋੜ ਹੈ।