AAP ’ਤੇ ਭੜਕੇ ਰਾਜ ਸਭਾ ਮੈਂਬਰ ਹਰਭਜਨ ਸਿੰਘ, ਰਾਜ ਸਭਾ ਸੀਟਾਂ ਵੇਚਣ ਦੇ ਲਾਏ ਗੰਭੀਰ ਇਲਜ਼ਾਮ
Chandigarh ਵਿੱਚ ਪੰਜਾਬ ਦੀ ਸਿਆਸਤ ਉਸ ਵੇਲੇ ਗਰਮਾ ਗਈ ਜਦੋਂ ਸਾਬਕਾ ਕ੍ਰਿਕਟਰ ਅਤੇ ਰਾਜ ਸਭਾ ਮੈਂਬਰ Harbhajan Singh ਨੇ ਸੋਸ਼ਲ ਮੀਡੀਆ ਰਾਹੀਂ ਆਮ ਆਦਮੀ ਪਾਰਟੀ ’ਤੇ ਬਿਨਾਂ ਕਿਸੇ ਦਾ ਨਾਮ ਲਏ ਤਿੱਖੇ ਨਿਸ਼ਾਨੇ ਸਾਧੇ। ਭਾਜਪਾ ਵਿੱਚ ਸ਼ਾਮਲ ਹੋ ਚੁੱਕੇ ਹਰਭਜਨ ਸਿੰਘ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਜੋ ਲੋਕ ਉਨ੍ਹਾਂ ਨੂੰ “ਗੱਦਾਰ” ਕਹਿੰਦੇ ਹਨ, ਉਹ ਪਹਿਲਾਂ ਆਪਣੇ ਨੇਤਾਵਾਂ ਤੋਂ ਪੁੱਛਣ ਕਿ ਪੰਜਾਬ ਦੀ ਰਾਜ ਸਭਾ ਸੀਟ ਕਿੰਨੇ ਵਿੱਚ ਵੇਚੀ ਗਈ। ਉਨ੍ਹਾਂ ਕਿਹਾ ਕਿ ਜੇਕਰ ਇਹ ਗੱਲ ਸਾਹਮਣੇ ਨਾ ਆਈ ਤਾਂ ਉਹ ਖੁਦ ਦੱਸਣਗੇ ਕਿ ਕਿਸ ਨੂੰ ਕਿੰਨਾ “ਚੜ੍ਹਾਵਾ” ਦਿੱਤਾ ਗਿਆ ਅਤੇ ਕਿਸ ਦੇ ਵੱਲੋਂ ਦਿੱਤਾ ਗਿਆ।

ਹਰਭਜਨ ਸਿੰਘ ਨੇ ਇਲਜ਼ਾਮ ਲਗਾਇਆ ਕਿ ਕੁਝ ਲੋਕਾਂ ਨੂੰ ਮੰਤਰੀ ਅਤੇ ਸੰਤਰੀ ਬਣਾਕੇ ਪੰਜਾਬ ਨੂੰ ਲੁੱਟਣ ਦਾ ਕੰਮ ਕੀਤਾ ਗਿਆ ਅਤੇ “ਲਾਲਾ ਨੂੰ ਮਾਲ ਪਹੁੰਚਾਉਣ” ਲਈ ਸੂਬੇ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾਇਆ ਗਿਆ। ਉਨ੍ਹਾਂ ਇਹ ਵੀ ਕਿਹਾ ਕਿ ਸਮਾਂ ਆਉਣ ’ਤੇ ਹਰ ਗੱਲ ਦਾ ਜਵਾਬ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਹਨਾਂ ਨੇ ਕਿਸੇ ਵੀ ਲੀਡਰ ਲਈ ਗਾਲ-ਗਲੌਚ ਵਾਲੀ ਭਾਸ਼ਾ ਦੀ ਵਰਤੋਂ ਨਹੀਂ ਕੀਤੀ ਕਿਉਂਕਿ ਉਹ ਆਪਣੀ ਜ਼ੁਬਾਨ ਗੰਦੀ ਨਹੀਂ ਕਰਨਾ ਚਾਹੁੰਦੇ। Aam Aadmi Party ਖ਼ਿਲਾਫ਼ ਆਏ ਇਸ ਬਿਆਨ ਤੋਂ ਬਾਅਦ ਪੰਜਾਬ ਦੀ ਸਿਆਸਤ ਵਿੱਚ ਚਰਚਾ ਤੇਜ਼ ਹੋ ਗਈ ਹੈ। ਵਿਰੋਧੀ ਧਿਰਾਂ ਵੱਲੋਂ ਵੀ ਇਸ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ ਅਤੇ ਹਰਭਜਨ ਸਿੰਘ ਦੇ ਦਾਵਿਆਂ ’ਤੇ ਸਪੱਸ਼ਟੀਕਰਨ ਦੀ ਮੰਗ ਕੀਤੀ ਜਾ ਰਹੀ ਹੈ।