ਹਿਮਾਚਲ ਦੇ ਕਸੌਲੀ ਜੰਗਲਾਂ ‘ਚ ਭਿਆਨਕ ਅੱਗ ਦਾ ਤਾਂਡਵ
ਏਅਰਫੋਰਸ ਸਟੇਸ਼ਨ ਤੱਕ ਪਹੁੰਚੀਆਂ ਲਪਟਾਂ, Mi-17 ਤੇ Chinook ਹੈਲੀਕਾਪਟਰ ਤੈਨਾਤ
ਉੱਤਰੀ ਭਾਰਤ ਇਸ ਸਮੇਂ ਭਿਆਨਕ ਗਰਮੀ ਦੀ ਚਪੇਟ ਵਿੱਚ ਹੈ। ‘ਨੌਤਪਾ’ ਦੀ ਤੀਬਰ ਗਰਮੀ ਕਾਰਨ ਲੋਕਾਂ ਦਾ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਇਸੇ ਦੌਰਾਨ ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਦੇ ਕਸੌਲੀ ਇਲਾਕੇ ਤੋਂ ਜੰਗਲਾਂ ਵਿੱਚ ਭਿਆਨਕ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਕਸੌਲੀ ਦੇ ਜੰਗਲਾਂ ਵਿੱਚ ਲੱਗੀ ਅੱਗ ਨੇ ਕੁਝ ਹੀ ਸਮੇਂ ਵਿੱਚ ਭਿਆਨਕ ਰੂਪ ਧਾਰ ਲਿਆ ਅਤੇ ਅੱਗ ਦੀਆਂ ਲਪਟਾਂ ਏਅਰਫੋਰਸ ਸਟੇਸ਼ਨ ਦੇ ਨੇੜੇ ਤੱਕ ਪਹੁੰਚ ਗਈਆਂ। ਸਥਿਤੀ ਗੰਭੀਰ ਹੁੰਦੀ ਦੇਖ ਭਾਰਤੀ ਹਵਾਈ ਫੌਜ ਨੇ ਤੁਰੰਤ ਕਾਰਵਾਈ ਕਰਦਿਆਂ ਇੱਕ Mi-17 ਅਤੇ ਇੱਕ Chinook ਹੈਲੀਕਾਪਟਰ ਤੈਨਾਤ ਕੀਤਾ।

ਸੁਖਨਾ ਝੀਲ ਤੋਂ ਪਾਣੀ ਲੈ ਕੇ ਅੱਗ ਬੁਝਾਉਣ ਦੀ ਕੋਸ਼ਿਸ਼
ਏਅਰਫੋਰਸ ਦੇ ਹੈਲੀਕਾਪਟਰ ਚੰਡੀਗੜ੍ਹ ਦੀ ਸੁਖਨਾ ਝੀਲ ਤੋਂ ਪਾਣੀ ਭਰ ਕੇ ਅੱਗ ‘ਤੇ ਕਾਬੂ ਪਾਉਣ ਲਈ ਲਗਾਤਾਰ ਉਡਾਣਾਂ ਭਰ ਰਹੇ ਹਨ। ਦੂਜੇ ਪਾਸੇ ਜੰਗਲਾਤ ਵਿਭਾਗ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਵੀ ਮੌਕੇ ‘ਤੇ ਡਟੀ ਹੋਈਆਂ ਹਨ। ਹਾਲਾਂਕਿ ਟੀਮਾਂ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਪਰ ਤੇਜ਼ ਗਰਮੀ ਅਤੇ ਹਵਾਵਾਂ ਕਾਰਨ ਅੱਗ ਤੇਜ਼ੀ ਨਾਲ ਫੈਲਦੀ ਜਾ ਰਹੀ ਹੈ। ਅੱਗ ਨੇ ਜੰਗਲ ਦੇ ਵੱਡੇ ਹਿੱਸੇ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ।

ਸ਼ਿਮਲਾ ਨੇੜੇ ਵੀ ਜੰਗਲਾਂ ਵਿੱਚ ਲੱਗੀ ਅੱਗ
ਇਸੇ ਦੌਰਾਨ ਸ਼ਿਮਲਾ ਦੇ ਨੇੜੇ ਰਾਜਹਾਨਾ ਪਿੰਡ ਕੋਲ ਵੀ ਜੰਗਲ ਵਿੱਚ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮਿਲਣ ‘ਤੇ ਜੰਗਲਾਤ ਵਿਭਾਗ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਤੁਰੰਤ ਮੌਕੇ ‘ਤੇ ਪਹੁੰਚ ਗਈਆਂ ਅਤੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਜਾਰੀ ਹੈ। ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਜੰਗਲਾਤ ਵਾਲੇ ਇਲਾਕਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਗਈ ਹੈ।