ਮਜੀਠਾ ‘ਚ ਵੋਟਾਂ ਦੀ ਗਿਣਤੀ ‘ਤੇ ਮਜੀਠੀਆ ਦੇ ਗੰਭੀਰ ਦੋਸ਼, ਕਿਹਾ- “ਲੋਕਤੰਤਰ ਦਾ ਗਲਾ ਘੋਟਿਆ ਜਾ ਰਿਹਾ”
ਅੰਮ੍ਰਿਤਸਰ ਦੇ ਮਜੀਠਾ ਹਲਕੇ ਵਿੱਚ ਚੱਲ ਰਹੀ ਵੋਟਾਂ ਦੀ ਗਿਣਤੀ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਸੱਤਾਧਾਰੀ ਧਿਰ ਅਤੇ ਪ੍ਰਸ਼ਾਸਨ ‘ਤੇ ਤਿੱਖੇ ਹਮਲੇ ਕੀਤੇ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਹਲਕੇ ਵਿੱਚ ਲੋਕਤੰਤਰ ਨੂੰ ਕੁਚਲਿਆ ਜਾ ਰਿਹਾ ਹੈ ਅਤੇ ਚੋਣ ਪ੍ਰਕਿਰਿਆ ਦੌਰਾਨ ਖੁੱਲ੍ਹੇਆਮ ਧੱਕੇਸ਼ਾਹੀ ਹੋ ਰਹੀ ਹੈ। ਮਜੀਠੀਆ ਨੇ ਕਿਹਾ ਕਿ ਚੋਣਾਂ ਦੀ ਸ਼ੁਰੂਆਤ ਤੋਂ ਹੀ ਅਕਾਲੀ ਦਲ ਦੇ ਉਮੀਦਵਾਰਾਂ ਨਾਲ ਪੱਖਪਾਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਵੋਟਾਂ ਦੀ ਗਿਣਤੀ ਦੌਰਾਨ ਵੀ ਸਰਕਾਰ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਹਰਾਇਆ ਜਾ ਸਕੇ। ਉਨ੍ਹਾਂ ਦੇ ਮੁਤਾਬਕ ਕਈ ਵਾਰਡਾਂ ਵਿੱਚ ਜਿੱਥੇ ਅਕਾਲੀ ਉਮੀਦਵਾਰ ਅੱਗੇ ਚੱਲ ਰਹੇ ਹਨ, ਉੱਥੇ ਜਾਣਬੁੱਝ ਕੇ ਹੰਗਾਮਾ ਕਰਕੇ ਵਾਰ-ਵਾਰ ਰੀ-ਕਾਊਂਟਿੰਗ ਕਰਵਾਈ ਜਾ ਰਹੀ ਹੈ। ਮਜੀਠੀਆ ਨੇ ਕਿਹਾ ਕਿ ਕਾਊਂਟਿੰਗ ਏਜੰਟਾਂ ਵੱਲੋਂ ਵੀ ਇਸ ਸਬੰਧੀ ਸ਼ਿਕਾਇਤਾਂ ਕੀਤੀਆਂ ਗਈਆਂ ਹਨ।

ਅਕਾਲੀ ਆਗੂ ਨੇ ਦੋਸ਼ ਲਾਇਆ ਕਿ ਪ੍ਰਸ਼ਾਸਨ ਦਾ ਇਕੋ ਮਕਸਦ ਹੈ ਕਿ ਕਿਸੇ ਵੀ ਕੀਮਤ ‘ਤੇ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਜਿੱਤਣ ਨਾ ਦਿੱਤਾ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਨਵੇਂ ਤਾਇਨਾਤ ਕੀਤੇ ਗਏ ਐੱਸ.ਡੀ.ਐੱਮ. ਵੱਲੋਂ ਪਹਿਲਾਂ ਕਈ ਅਕਾਲੀ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਕੀਤੇ ਗਏ ਅਤੇ ਹੁਣ ਗਿਣਤੀ ਦੌਰਾਨ ਵੀ ਪੱਖਪਾਤੀ ਰਵੱਈਆ ਅਪਣਾਇਆ ਜਾ ਰਿਹਾ ਹੈ। ਮਜੀਠੀਆ ਨੇ ਇਹ ਵੀ ਸਵਾਲ ਚੁੱਕਿਆ ਕਿ ਜਦੋਂ ਪੰਜਾਬ ਦੇ ਹੋਰ ਹਲਕਿਆਂ ਦੇ ਨਤੀਜੇ ਐਲਾਨੇ ਜਾ ਚੁੱਕੇ ਹਨ ਤਾਂ ਮਜੀਠਾ ਦੇ ਨਤੀਜੇ ਦੇਰ ਤੱਕ ਕਿਉਂ ਰੋਕੇ ਗਏ। ਉਨ੍ਹਾਂ ਇਸ ਸਥਿਤੀ ਨੂੰ “ਐਮਰਜੈਂਸੀ ਵਰਗੇ ਹਾਲਾਤ” ਕਰਾਰ ਦਿੰਦਿਆਂ ਕਿਹਾ ਕਿ ਲੋਕਤੰਤਰ ਦਾ ਗਲਾ ਘੋਟਿਆ ਜਾ ਰਿਹਾ ਹੈ। ਉਨ੍ਹਾਂ ਅੰਤ ਵਿੱਚ ਪੰਜਾਬ ਹਾਈਕੋਰਟ ਤੋਂ ਮਾਮਲੇ ਵਿੱਚ ਦਖਲ ਦੇਣ ਦੀ ਮੰਗ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਨਿਆਂ ਪ੍ਰਣਾਲੀ ‘ਤੇ ਪੂਰਾ ਭਰੋਸਾ ਹੈ।