ਮੋਗਾ ‘ਚ ਦਰਦਨਾਕ ਸੜਕ ਹਾਦਸਾ, 6 ਮਹੀਨੇ ਦੇ ਮਾਸੂਮ ਸਮੇਤ ਮਾਂ ਦੀ ਮੌਤ
ਮੋਗਾ : ਜ਼ਿਲ੍ਹੇ ਦੇ ਕੋਟਕਪੂਰਾ ਬਾਈਪਾਸ ‘ਤੇ ਸ਼ਨੀਵਾਰ ਸਵੇਰੇ ਇੱਕ ਦਰਦਨਾਕ ਸੜਕ ਹਾਦਸਾ ਵਾਪਰ ਗਿਆ, ਜਿਸ ਵਿੱਚ 6 ਮਹੀਨੇ ਦੇ ਮਾਸੂਮ ਬੱਚੇ ਅਤੇ ਉਸ ਦੀ ਮਾਂ ਦੀ ਮੌਤ ਹੋ ਗਈ। ਹਾਦਸਾ ਉਸ ਸਮੇਂ ਵਾਪਰਿਆ ਜਦੋਂ ਮੋਟਰਸਾਈਕਲ ‘ਤੇ ਸਵਾਰ ਇੱਕ ਪਰਿਵਾਰ ਆਪਣੇ ਪਿੰਡ ਚੰਦ ਨਵਾਂ ਤੋਂ ਮੋਗਾ ਵੱਲ ਆ ਰਿਹਾ ਸੀ। ਜਾਣਕਾਰੀ ਅਨੁਸਾਰ ਲਖਵੀਰ ਸਿੰਘ ਆਪਣੀ ਪਤਨੀ ਜੋਤੀ ਅਤੇ ਬੱਚਿਆਂ ਨਾਲ ਕਿਸੇ ਕੰਮ ਲਈ ਮੋਗਾ ਆ ਰਿਹਾ ਸੀ। ਜਦੋਂ ਉਹ ਵਿਸ਼ਵਕਰਮਾ ਚੌਂਕ ਨੇੜੇ ਪਹੁੰਚੇ ਤਾਂ ਸੜਕ ‘ਤੇ ਸੀਵਰੇਜ ਦੇ ਮੇਨਹੋਲ ਦਾ ਢੱਕਣ ਸੜਕ ਦੇ ਪੱਧਰ ਦੇ ਬਰਾਬਰ ਨਾ ਹੋਣ ਕਾਰਨ ਮੋਟਰਸਾਈਕਲ ਦਾ ਸੰਤੁਲਨ ਵਿਗੜ ਗਿਆ। ਇਸ ਕਾਰਨ ਜੋਤੀ ਅਤੇ 6 ਮਹੀਨੇ ਦਾ ਬੱਚਾ ਮਨਵੀਰ ਸਿੰਘ ਸੜਕ ‘ਤੇ ਡਿੱਗ ਪਏ ਅਤੇ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ।

ਮੌਕੇ ‘ਤੇ ਮੌਜੂਦ ਲੋਕਾਂ ਦੀ ਮਦਦ ਨਾਲ ਦੋਵਾਂ ਨੂੰ ਤੁਰੰਤ ਸਿਵਲ ਹਸਪਤਾਲ ਮੋਗਾ ਪਹੁੰਚਾਇਆ ਗਿਆ। ਹਸਪਤਾਲ ਵਿੱਚ ਡਾਕਟਰਾਂ ਨੇ 6 ਮਹੀਨੇ ਦੇ ਮਾਸੂਮ ਮਨਵੀਰ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ, ਜਦਕਿ ਗੰਭੀਰ ਹਾਲਤ ਕਾਰਨ ਜੋਤੀ ਨੂੰ ਅੱਗੇ ਰੈਫਰ ਕੀਤਾ ਗਿਆ ਸੀ। ਬਾਅਦ ਵਿੱਚ ਇਲਾਜ ਦੌਰਾਨ ਉਸ ਦੀ ਵੀ ਮੌਤ ਹੋ ਗਈ। ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੇ ਪ੍ਰਸ਼ਾਸਨ ‘ਤੇ ਲਾਪਰਵਾਹੀ ਦੇ ਦੋਸ਼ ਲਗਾਏ ਹਨ। ਉਨ੍ਹਾਂ ਕਿਹਾ ਕਿ ਸੜਕ ‘ਤੇ ਬਣਿਆ ਇਹ ਸੀਵਰੇਜ ਖੱਡਾ ਲੰਬੇ ਸਮੇਂ ਤੋਂ ਹਾਦਸਿਆਂ ਦਾ ਕਾਰਨ ਬਣ ਰਿਹਾ ਹੈ, ਪਰ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਚਸ਼ਮਦੀਦਾਂ ਨੇ ਦੱਸਿਆ ਕਿ ਇੱਥੇ ਹਰ ਸਾਲ ਕਈ ਹਾਦਸੇ ਵਾਪਰਦੇ ਹਨ ਅਤੇ 7 ਤੋਂ 8 ਲੋਕਾਂ ਦੀਆਂ ਜਾਨਾਂ ਤੱਕ ਜਾ ਚੁੱਕੀਆਂ ਹਨ। ਲੋਕਾਂ ਨੇ ਮੰਗ ਕੀਤੀ ਕਿ ਸੜਕ ‘ਤੇ ਮੌਜੂਦ ਖਤਰਨਾਕ ਸੀਵਰੇਜ ਖੱਡੇ ਨੂੰ ਜਲਦ ਤੋਂ ਜਲਦ ਠੀਕ ਕਰਵਾਇਆ ਜਾਵੇ ਤਾਂ ਜੋ ਭਵਿੱਖ ਵਿੱਚ ਇਸ ਤਰ੍ਹਾਂ ਦੇ ਹਾਦਸਿਆਂ ਤੋਂ ਬਚਿਆ ਜਾ ਸਕੇ। ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।