ਜੂਨ 84 ਸ਼ਹੀਦੀ ਸਮਾਗਮਾਂ ਦੌਰਾਨ ਹਰਿਮੰਦਰ ਸਾਹਿਬ ਪੁੱਜੀਆਂ 2 ਸਿੰਘਣੀਆਂ, ਸਿਰਾਂ ‘ਤੇ ਬਾਜ਼ ਸਜਾ ਕੇ ਬਣੀਆਂ ਆਕਰਸ਼ਣ ਦਾ ਕੇਂਦਰ
ਅੰਮ੍ਰਿਤਸਰ: ਜੂਨ 1984 ਦੀ ਯਾਦ ਵਿੱਚ ਚੱਲ ਰਹੇ ਸ਼ਹੀਦੀ ਸਮਾਗਮਾਂ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਵਿੱਚ ਸੰਗਤ ਨਤਮਸਤਕ ਹੋਣ ਲਈ ਪਹੁੰਚ ਰਹੀ ਹੈ। ਇਸ ਦੌਰਾਨ ਦੋ ਸਿੰਘਣੀਆਂ ਆਪਣੇ ਸਿਰਾਂ ‘ਤੇ ਬਾਜ਼ ਸਜਾ ਕੇ ਹਰਿਮੰਦਰ ਸਾਹਿਬ ਪੁੱਜੀਆਂ, ਜੋ ਸੰਗਤ ਲਈ ਖਾਸ ਆਕਰਸ਼ਣ ਦਾ ਕੇਂਦਰ ਬਣ ਗਈਆਂ। ਨਿਹੰਗ ਬਾਣੇ ਵਿੱਚ ਸਜੀਆਂ ਇਨ੍ਹਾਂ ਸਿੰਘਣੀਆਂ ਨੂੰ ਦੇਖਣ ਅਤੇ ਉਨ੍ਹਾਂ ਨਾਲ ਤਸਵੀਰਾਂ ਖਿੱਚਵਾਉਣ ਲਈ ਲੋਕਾਂ ਦੀ ਭੀੜ ਇਕੱਠੀ ਹੋ ਗਈ। ਬਟਾਲਾ ਦੀ ਰਹਿਣ ਵਾਲੀ ਜੀਵਨਜੀਤ ਕੌਰ ਨੇ ਦੱਸਿਆ ਕਿ ਉਹ ਆਪਣੇ ਸਾਥੀਆਂ ਨਾਲ ਜੂਨ 1984 ਦੇ ਸ਼ਹੀਦੀ ਦਿਹਾੜਿਆਂ ਮੌਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਲਈ ਆਈ ਹੈ। ਉਨ੍ਹਾਂ ਕਿਹਾ ਕਿ 1984 ਦਾ ਇਤਿਹਾਸ ਸਿੱਖ ਕੌਮ ਲਈ ਬਹੁਤ ਮਹੱਤਵਪੂਰਨ ਹੈ ਅਤੇ ਇਸ ਨੂੰ ਨਾ ਭੁੱਲਿਆ ਜਾ ਸਕਦਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਹਰ ਸਿੱਖ ਦਾ ਫ਼ਰਜ਼ ਹੈ ਕਿ ਉਹ ਆਪਣੇ ਇਤਿਹਾਸ ਨਾਲ ਜੁੜਿਆ ਰਹੇ, ਨਹੀਂ ਤਾਂ ਕੌਮ ਆਪਣੀ ਪਛਾਣ ਗੁਆ ਸਕਦੀ ਹੈ।

ਉਨ੍ਹਾਂ ਦੇ ਨਾਲ ਮੌਜੂਦ ਬਾਜ਼ ਦਾ ਨਾਮ “ਅਕਾਲ ਸਿੰਘ” ਦੱਸਿਆ ਗਿਆ ਹੈ, ਜਿਸ ਨੂੰ ਉਹ ਸਿੱਖ ਪਰੰਪਰਾ ਅਤੇ ਖਾਲਸੇ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਮੰਨਦੀਆਂ ਹਨ। ਇੱਕ ਹੋਰ ਸਿੰਘਣੀ ਮਨਜੀਤ ਕੌਰ ਨੇ ਦੱਸਿਆ ਕਿ ਕਰੀਬ ਚਾਰ ਸਾਲ ਪਹਿਲਾਂ ਇੱਕ ਬਾਜ਼ ਆਪਣੇ ਆਪ ਉਨ੍ਹਾਂ ਕੋਲ ਆ ਗਿਆ ਸੀ, ਜਿਸ ਤੋਂ ਬਾਅਦ ਉਸ ਨੂੰ ਪਰਿਵਾਰ ਦਾ ਹਿੱਸਾ ਬਣਾ ਲਿਆ ਗਿਆ। ਉਨ੍ਹਾਂ ਕਿਹਾ ਕਿ ਹੁਣ ਇਹ ਬਾਜ਼ ਉਨ੍ਹਾਂ ਦੇ ਨਾਲ ਹੀ ਰਹਿੰਦਾ ਹੈ ਅਤੇ ਲੰਗਰ ਸਮੇਤ ਸਾਦਾ ਭੋਜਨ ਵੀ ਖਾਂਦਾ ਹੈ।

ਦੋਹਾਂ ਸਿੰਘਣੀਆਂ ਨੇ ਨੌਜਵਾਨ ਪੀੜ੍ਹੀ ਨੂੰ ਅਪੀਲ ਕੀਤੀ ਕਿ ਉਹ ਸੋਸ਼ਲ ਮੀਡੀਆ ਤੋਂ ਉੱਪਰ ਉੱਠ ਕੇ ਆਪਣੇ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਅਤੇ ਇਤਿਹਾਸ ਨਾਲ ਜੁੜਨ। ਉਨ੍ਹਾਂ ਕਿਹਾ ਕਿ ਜੂਨ 1984 ਦੀਆਂ ਸ਼ਹਾਦਤਾਂ ਨੂੰ ਯਾਦ ਰੱਖਣਾ ਹਰ ਸਿੱਖ ਦਾ ਧਾਰਮਿਕ ਤੇ ਕੌਮੀ ਫ਼ਰਜ਼ ਹੈ।