ਫਤਿਹਗੜ੍ਹ ਸਾਹਿਬ ਦੇ ਮਲਕੋ ਮਾਜਰਾ ਨੇੜੇ ਭਿਆਨਕ ਹਾਦਸਾ, ਇੱਕ ਦੀ ਮੌਤ, 2 ਗੰਭੀਰ ਜ਼ਖਮੀ; ਟੱਕਰ ਮਾਰ ਕੇ ਕਾਰ ਚਾਲਕ ਫਰਾਰ
ਫਤਿਹਗੜ੍ਹ ਸਾਹਿਬ: ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਮਲਕੋ ਮਾਜਰਾ ਨੇੜੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ, ਜਿਸ ਵਿੱਚ ਇੱਕ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਦੋ ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ।ਜਾਣਕਾਰੀ ਮੁਤਾਬਕ ਕੇਵਲ ਸਿੰਘ ਆਪਣੇ ਸਾਥੀ ਪ੍ਰਦੀਪ ਸਿੰਘ ਨਾਲ ਮੋਟਰਸਾਈਕਲ ‘ਤੇ ਜਾ ਰਿਹਾ ਸੀ। ਜਦੋਂ ਉਹ ਪਿੰਡ ਮਲਕੋ ਮਾਜਰਾ ਨੇੜੇ ਪਹੁੰਚੇ ਤਾਂ ਇੱਕ ਤੇਜ਼ ਰਫ਼ਤਾਰ ਕਾਰ ਨੇ ਉਨ੍ਹਾਂ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਮੋਟਰਸਾਈਕਲ ਦੇ ਪਿੱਛੇ ਬੈਠੇ ਕੇਵਲ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਚਾਲਕ ਪ੍ਰਦੀਪ ਸਿੰਘ ਗੰਭੀਰ ਜ਼ਖਮੀ ਹੋ ਗਿਆ।

ਇਸੇ ਦੌਰਾਨ ਕਾਰ ਨੇ ਸੜਕ ‘ਤੇ ਜਾ ਰਹੇ ਸਾਈਕਲ ਸਵਾਰ ਮੁਖਤਿਆਰ ਸਿੰਘ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ, ਜਿਸ ਕਾਰਨ ਉਹ ਵੀ ਗੰਭੀਰ ਜ਼ਖਮੀ ਹੋ ਗਿਆ। ਹਾਦਸੇ ਤੋਂ ਬਾਅਦ ਸਥਾਨਕ ਲੋਕਾਂ ਦੀ ਮਦਦ ਨਾਲ ਦੋਵਾਂ ਜ਼ਖਮੀਆਂ ਨੂੰ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਪਹੁੰਚਾਇਆ ਗਿਆ, ਜਿੱਥੋਂ ਡਾਕਟਰਾਂ ਨੇ ਪ੍ਰਦੀਪ ਸਿੰਘ ਦੀ ਹਾਲਤ ਨਾਜ਼ੁਕ ਦੇਖਦਿਆਂ ਉਸਨੂੰ PGI ਚੰਡੀਗੜ੍ਹ ਰੈਫਰ ਕਰ ਦਿੱਤਾ, ਜਦਕਿ ਮੁਖਤਿਆਰ ਸਿੰਘ ਨੂੰ ਸੈਕਟਰ-32 ਹਸਪਤਾਲ ਚੰਡੀਗੜ੍ਹ ਭੇਜਿਆ ਗਿਆ ਹੈ।

ਥਾਣਾ ਸਰਹਿੰਦ ਪੁਲਿਸ ਮੁਤਾਬਕ ਹਾਦਸੇ ਤੋਂ ਬਾਅਦ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਅਣਪਛਾਤੇ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਸੀਸੀਟੀਵੀ ਫੁਟੇਜ ਦੀ ਮਦਦ ਨਾਲ ਉਸ ਦੀ ਭਾਲ ਕੀਤੀ ਜਾ ਰਹੀ ਹੈ।