ਬਿਹਾਰ ‘ਚ ਮਿਲੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਹੱਥ-ਲਿਖਤ ਦੁਰਲੱਭ ਰਚਨਾ, ਸਿੱਖ ਇਤਿਹਾਸ ਦਾ ਅਨਮੋਲ ਖ਼ਜ਼ਾਨਾ ਸੰਭਾਲ ਦੀ ਉਡੀਕ ਵਿੱਚ
ਪਟਨਾ (ਬਿਹਾਰ): ਬਿਹਾਰ ਦੇ ਔਰੰਗਾਬਾਦ ਜ਼ਿਲ੍ਹੇ ਦੇ ਦਾਊਦਨਗਰ ਸਥਿਤ ਇੱਕ ਸਦੀਆਂ ਪੁਰਾਣੇ ਗੁਰਦੁਆਰੇ ਵਿੱਚੋਂ ਸਿੱਖ ਇਤਿਹਾਸ ਨਾਲ ਜੁੜੀ ਇੱਕ ਬੇਹੱਦ ਅਹਿਮ ਅਤੇ ਦੁਰਲੱਭ ਖੋਜ ਸਾਹਮਣੇ ਆਈ ਹੈ। ਗਿਆਨ ਭਾਰਤਮ ਸਰਵੇਖਣ ਦੌਰਾਨ ਇੱਥੇ ਸ੍ਰੀ ਗੁਰੂ ਤੇਗ ਬਹਾਦਰ ਜੀ ਨਾਲ ਸੰਬੰਧਿਤ ਇੱਕ ਹੱਥ-ਲਿਖਤ ਰਚਨਾ ਪ੍ਰਾਪਤ ਹੋਈ ਹੈ, ਜਿਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਹਿੱਸਾ ਮੰਨਿਆ ਜਾ ਰਿਹਾ ਹੈ। ਮਾਹਿਰਾਂ ਅਨੁਸਾਰ ਇਹ ਹੱਥ-ਲਿਖਤ ਬੀੜ 350 ਸਾਲ ਤੋਂ ਵੀ ਵੱਧ ਪੁਰਾਣੀ ਹੋ ਸਕਦੀ ਹੈ। ਹਾਲਾਂਕਿ ਇਸ ਦੀ ਮੌਜੂਦਾ ਹਾਲਤ ਕਾਫ਼ੀ ਖਰਾਬ ਹੈ ਅਤੇ ਜੇਕਰ ਤੁਰੰਤ ਸੰਭਾਲ ਅਤੇ ਸੰਰੱਖਣ ਦੇ ਉਪਰਾਲੇ ਨਾ ਕੀਤੇ ਗਏ ਤਾਂ ਇਹ ਅਨਮੋਲ ਵਿਰਾਸਤ ਹਮੇਸ਼ਾ ਲਈ ਨਸ਼ਟ ਹੋ ਸਕਦੀ ਹੈ।

ਔਰੰਗਾਬਾਦ ਜ਼ਿਲ੍ਹਾ ਕਲਾ ਅਤੇ ਸੱਭਿਆਚਾਰ ਅਧਿਕਾਰੀ ਕੁਮਾਰ ਪੱਪੂ ਰਾਜ ਨੇ ਦੱਸਿਆ ਕਿ ਇਹ ਬੀੜ ਹੱਥ ਨਾਲ ਬਣੇ ਕਾਗਜ਼ ‘ਤੇ ਲਿਖੀ ਗਈ ਹੈ ਅਤੇ ਇਸ ਵਿੱਚ ਲਗਭਗ 1400 ਪੰਨੇ ਹਨ। ਸਮੇਂ ਦੇ ਪ੍ਰਭਾਵ ਕਾਰਨ ਪੰਨੇ ਬਹੁਤ ਨਾਜ਼ੁਕ ਹੋ ਚੁੱਕੇ ਹਨ ਅਤੇ ਛੂਹਣ ਨਾਲ ਵੀ ਖ਼ਰਾਬ ਹੋ ਸਕਦੇ ਹਨ। ਸਰਵੇਖਣ ਦੌਰਾਨ ਬਿਹਾਰ ਦੇ ਨਵਾਦਾ ਅਤੇ ਕਟਿਹਾਰ ਜ਼ਿਲ੍ਹਿਆਂ ਤੋਂ ਵੀ ਸਿੱਖ ਇਤਿਹਾਸ ਨਾਲ ਸੰਬੰਧਿਤ ਕਈ ਦੁਰਲੱਭ ਦਸਤਾਵੇਜ਼ ਸਾਹਮਣੇ ਆਏ ਹਨ। ਨਵਾਦਾ ਦੇ ਰਾਜੌਲੀ ਸੰਗਤ ਵਿੱਚ ਇੱਕ ਹੋਰ ਪ੍ਰਾਚੀਨ ਗੁਰੂ ਗ੍ਰੰਥ ਸਾਹਿਬ ਦੀ ਬੀੜ ਮਿਲੀ ਹੈ, ਜਦਕਿ ਕਟਿਹਾਰ ਦੇ ਲਕਸ਼ਮੀਪੁਰ ਗੁਰਦੁਆਰੇ ਵਿੱਚ ਇੱਕ ਅਜਿਹੀ ਬੀੜ ਸੰਭਾਲੀ ਹੋਈ ਹੈ ਜਿਸ ਵਿੱਚ ਵਰਤੀ ਗਈ ਵਿਸ਼ੇਸ਼ ਧਾਤੂ ਸਿਆਹੀ ਦਾ ਫਾਰਮੂਲਾ ਵੀ ਦਰਜ ਹੈ।

ਇਸ ਤੋਂ ਇਲਾਵਾ ਕਟਿਹਾਰ ਗੁਰਦੁਆਰੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਹੁਕਮਨਾਮਾ, ਉਨ੍ਹਾਂ ਦੇ ਪੱਤਰ ਅਤੇ ਉਨ੍ਹਾਂ ਦੇ ਸਿਪਾਹੀ ਮੰਗਲ ਸਿੰਘ ਵੱਲੋਂ ਲਿਖਿਆ ਇਤਿਹਾਸਕ ਬਿਰਤਾਂਤ ਵੀ ਮੌਜੂਦ ਹੈ।

ਹੁਕਮਨਾਮੇ ‘ਤੇ ਫ਼ਾਰਸੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਦਸਤਖ਼ਤ ਹੋਣ ਦੀ ਵੀ ਜਾਣਕਾਰੀ ਮਿਲੀ ਹੈ। ਗਿਆਨ ਭਾਰਤਮ ਸਰਵੇਖਣ ਦਾ ਮੁੱਖ ਉਦੇਸ਼ ਦੇਸ਼ ਭਰ ਵਿੱਚ ਖਿੰਡੀਆਂ ਹੋਈਆਂ ਅਜਿਹੀਆਂ ਇਤਿਹਾਸਕ ਹੱਥ-ਲਿਖਤਾਂ ਅਤੇ ਦਸਤਾਵੇਜ਼ਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਡਿਜੀਟਾਈਜ਼ ਕਰਨਾ ਅਤੇ ਭਵਿੱਖੀ ਪੀੜ੍ਹੀਆਂ ਲਈ ਸੁਰੱਖਿਅਤ ਕਰਨਾ ਹੈ।

ਸਿੱਖ ਇਤਿਹਾਸਕਾਰਾਂ ਅਤੇ ਗੁਰਦੁਆਰਾ ਪ੍ਰਬੰਧਕਾਂ ਦਾ ਮੰਨਣਾ ਹੈ ਕਿ ਇਹ ਖੋਜ ਸਿੱਖ ਧਰਮ ਦੇ ਇਤਿਹਾਸ ਨੂੰ ਹੋਰ ਗਹਿਰਾਈ ਨਾਲ ਸਮਝਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੀ ਹੈ। ਉਨ੍ਹਾਂ ਨੇ ਸਰਕਾਰਾਂ ਅਤੇ ਸਬੰਧਤ ਸੰਸਥਾਵਾਂ ਨੂੰ ਅਪੀਲ ਕੀਤੀ ਹੈ ਕਿ ਇਨ੍ਹਾਂ ਦੁਰਲੱਭ ਧਰੋਹਰਾਂ ਦੀ ਸੰਭਾਲ ਲਈ ਤੁਰੰਤ ਕਦਮ ਚੁੱਕੇ ਜਾਣ।