ਲੁਧਿਆਣਾ ‘ਚ ਭਿਆਨਕ ਧਮਾਕਾ: ਘਰ ਦੀ ਕੰਧ ਢਹੀ, ਪਿਓ-ਪੁੱਤ ਗੰਭੀਰ ਝੁਲਸੇ, PGI ਰੈਫਰ
ਲੁਧਿਆਣਾ: ਸ਼ਹਿਰ ਦੇ ਜਮਾਲਪੁਰ ਸਥਿਤ ਬਚਿੱਤਰ ਨਗਰ ਇਲਾਕੇ ਵਿੱਚ ਵੀਰਵਾਰ ਸਵੇਰੇ ਇੱਕ ਘਰ ਵਿੱਚ ਹੋਏ ਜ਼ੋਰਦਾਰ ਧਮਾਕੇ ਕਾਰਨ ਪਿਓ-ਪੁੱਤ ਗੰਭੀਰ ਰੂਪ ਵਿੱਚ ਝੁਲਸ ਗਏ। ਧਮਾਕਾ ਇੰਨਾ ਭਿਆਨਕ ਸੀ ਕਿ ਘਰ ਦੀ ਇੱਕ ਕੰਧ ਢਹਿ ਗਈ ਅਤੇ ਕਮਰੇ ਵਿੱਚ ਪਿਆ ਬੈੱਡ, ਟੀਵੀ ਅਤੇ ਹੋਰ ਘਰੇਲੂ ਸਾਮਾਨ ਅੱਗ ਦੀ ਲਪੇਟ ਵਿੱਚ ਆ ਕੇ ਸੜ ਗਿਆ।ਜਾਣਕਾਰੀ ਅਨੁਸਾਰ ਘਟਨਾ ਵੇਲੇ ਘਰ ਵਿੱਚ ਵਿਨੋਦ, ਉਸ ਦੀ ਪਤਨੀ ਰੀਮਾ ਅਤੇ 17 ਸਾਲਾ ਪੁੱਤਰ ਮੌਜੂਦ ਸਨ। ਜਿਸ ਕਮਰੇ ਵਿੱਚ ਪਰਿਵਾਰ ਸੌਂਦਾ ਸੀ, ਉਸੇ ਵਿੱਚ ਰਸੋਈ ਵੀ ਬਣੀ ਹੋਈ ਸੀ। ਸਵੇਰੇ ਚੁੱਲ੍ਹਾ ਜਲਾਉਣ ਦੌਰਾਨ ਅਚਾਨਕ ਧਮਾਕਾ ਹੋ ਗਿਆ, ਜਿਸ ਕਾਰਨ ਘਰ ਵਿੱਚ ਹਫੜਾ-ਦਫੜੀ ਮਚ ਗਈ।

ਧਮਾਕੇ ਤੋਂ ਬਾਅਦ ਪਰਿਵਾਰ ਦੇ ਮੈਂਬਰ ਅੱਗ ਅਤੇ ਮਲਬੇ ਵਿੱਚ ਫਸ ਗਏ। ਇਲਾਕਾ ਵਾਸੀਆਂ ਨੇ ਤੁਰੰਤ ਮੌਕੇ ‘ਤੇ ਪਹੁੰਚ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਅਤੇ ਜ਼ਖਮੀਆਂ ਨੂੰ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ। ਸ਼ੁਰੂਆਤੀ ਇਲਾਜ ਤੋਂ ਬਾਅਦ ਗੰਭੀਰ ਹਾਲਤ ਦੇ ਮੱਦੇਨਜ਼ਰ ਜ਼ਖਮੀਆਂ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਰਾਹਤ ਟੀਮਾਂ ਮੌਕੇ ‘ਤੇ ਪਹੁੰਚ ਗਈਆਂ। ਏਸੀਪੀ ਇੰਦਰਜੀਤ ਬੋਪਾਰਾਏ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਗੈਸ ਲੀਕ ਹੋਣ ਕਾਰਨ ਰਸੋਈ ਵਿੱਚ ਗੈਸ ਇਕੱਠੀ ਹੋ ਗਈ ਸੀ। ਸਵੇਰੇ ਜਦੋਂ ਚੁੱਲ੍ਹੇ ਵਿੱਚ ਅੱਗ ਬਾਲੀ ਗਈ ਤਾਂ ਭਿਆਨਕ ਧਮਾਕਾ ਹੋ ਗਿਆ।
ਲੁਧਿਆਣਾ ਦੇ ਬਚਿੱਤਰ ਨਗਰ ਵਿੱਚ ਧਮਾਕੇ ਤੋਂ ਬਾਅਦ ਨੁਕਸਾਨਿਆ ਘਰ, ਜਿੱਥੇ ਗੈਸ ਲੀਕ ਕਾਰਨ ਹੋਏ ਹਾਦਸੇ ਵਿੱਚ ਪਿਓ-ਪੁੱਤ ਗੰਭੀਰ ਰੂਪ ਵਿੱਚ ਝੁਲਸ ਗਏ।
ਪੁਲਿਸ ਅਧਿਕਾਰੀਆਂ ਮੁਤਾਬਕ ਹਾਦਸੇ ਦੇ ਅਸਲ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਪਰਿਵਾਰ ਮੂਲ ਰੂਪ ਵਿੱਚ ਪ੍ਰਵਾਸੀ ਦੱਸਿਆ ਜਾ ਰਿਹਾ ਹੈ ਜੋ ਕਾਫੀ ਸਮੇਂ ਤੋਂ ਇਸ ਇਲਾਕੇ ਵਿੱਚ ਰਹਿ ਰਿਹਾ ਸੀ। ਧਮਾਕੇ ਦੀ ਤੀਬਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਘਰ ਦੀ ਕੰਧ ਪੂਰੀ ਤਰ੍ਹਾਂ ਟੁੱਟ ਗਈ ਅਤੇ ਇਮਾਰਤ ਵਿੱਚ ਵੱਡੀਆਂ ਤਰੇੜਾਂ ਪੈ ਗਈਆਂ। ਹਾਦਸੇ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ, ਜਦਕਿ ਸਥਾਨਕ ਲੋਕਾਂ ਦੀ ਤੁਰੰਤ ਮਦਦ ਨਾਲ ਪਰਿਵਾਰ ਦੀ ਜਾਨ ਬਚਾਈ ਜਾ ਸਕੀ।