ਪੰਜਾਬ ਦੇ 5 ਪ੍ਰਮੁੱਖ ਮੰਦਿਰਾਂ ਅਤੇ ਸਕੱਤਰੇਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਸੁਰੱਖਿਆ ਏਜੰਸੀਆਂ ਹਾਈ ਅਲਰਟ ‘ਤੇ
ਚੰਡੀਗੜ੍ਹ/ਅੰਮ੍ਰਿਤਸਰ: ਪੰਜਾਬ ਅਤੇ ਚੰਡੀਗੜ੍ਹ ਵਿੱਚ ਇੱਕ ਵਾਰ ਫਿਰ ਬੰਬ ਧਮਾਕਿਆਂ ਦੀਆਂ ਧਮਕੀਆਂ ਨੇ ਸੁਰੱਖਿਆ ਏਜੰਸੀਆਂ ਦੀ ਚਿੰਤਾ ਵਧਾ ਦਿੱਤੀ ਹੈ। ਤਾਜ਼ਾ ਮਾਮਲੇ ਵਿੱਚ ਪੰਜਾਬ ਦੇ ਪੰਜ ਪ੍ਰਮੁੱਖ ਮੰਦਿਰਾਂ ਅਤੇ ਪੰਜਾਬ ਸਿਵਲ ਸਕੱਤਰੇਤ ਨੂੰ ਈਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ, ਜਿਸ ਤੋਂ ਬਾਅਦ ਸੂਬੇ ਭਰ ਵਿੱਚ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਹਨ। ਧਮਕੀ ਭਰੀ ਈਮੇਲ ਵਿੱਚ 6 ਜੂਨ 1984 ਨੂੰ ਦਰਬਾਰ ਸਾਹਿਬ ‘ਤੇ ਹੋਏ ਫੌਜੀ ਹਮਲੇ ਦਾ ਬਦਲਾ ਲੈਣ ਦਾ ਜ਼ਿਕਰ ਕੀਤਾ ਗਿਆ ਹੈ। ਨਾਲ ਹੀ ਲੋਕਾਂ ਨੂੰ 5 ਅਤੇ 6 ਜੂਨ ਨੂੰ ਅੰਬਾਲਾ ਅਤੇ ਦਿੱਲੀ ਵਿਚਕਾਰ ਯਾਤਰਾ ਨਾ ਕਰਨ ਦੀ ਚੇਤਾਵਨੀ ਵੀ ਦਿੱਤੀ ਗਈ ਹੈ।

ਧਮਕੀ ਮਿਲਣ ਵਾਲੇ ਧਾਰਮਿਕ ਸਥਾਨਾਂ ਵਿੱਚ ਅੰਮ੍ਰਿਤਸਰ ਦਾ ਦੁਰਗਿਆਣਾ ਮੰਦਿਰ, ਪਠਾਨਕੋਟ ਦਾ ਮੁਕਤੇਸ਼ਵਰ ਮੰਦਿਰ, ਬਠਿੰਡਾ ਦਾ ਮਾਈਸਰ ਮੰਦਿਰ, ਪਟਿਆਲਾ ਦਾ ਕਾਲੀ ਦੇਵੀ ਮੰਦਿਰ ਅਤੇ ਜਲੰਧਰ ਦਾ ਸ਼੍ਰੀ ਦੇਵੀ ਤਲਾਬ ਮੰਦਿਰ ਸ਼ਾਮਲ ਹਨ। ਇਸ ਤੋਂ ਇਲਾਵਾ ਪੰਜਾਬ ਸਕੱਤਰੇਤ ਨੂੰ ਵੀ ਨਿਸ਼ਾਨਾ ਬਣਾਉਣ ਦੀ ਗੱਲ ਕਹੀ ਗਈ ਹੈ।

ਧਮਕੀ ਦੀ ਜਾਣਕਾਰੀ ਮਿਲਣ ਤੋਂ ਬਾਅਦ ਚੰਡੀਗੜ੍ਹ ਸਕੱਤਰੇਤ ਵਿੱਚ ਪੁਲਿਸ, ਬੰਬ ਨਿਰੋਧਕ ਦਸਤੇ ਅਤੇ ਡੌਗ ਸਕੁਆਡ ਦੀਆਂ ਟੀਮਾਂ ਨੇ ਤੁਰੰਤ ਜਾਂਚ ਸ਼ੁਰੂ ਕਰ ਦਿੱਤੀ। ਇਸੇ ਤਰ੍ਹਾਂ ਸੂਬੇ ਦੇ ਹੋਰ ਸੰਵੇਦਨਸ਼ੀਲ ਸਥਾਨਾਂ ‘ਤੇ ਵੀ ਸੁਰੱਖਿਆ ਪ੍ਰਬੰਧ ਵਧਾ ਦਿੱਤੇ ਗਏ ਹਨ। ਅੰਮ੍ਰਿਤਸਰ ਦੇ ਦੁਰਗਿਆਣਾ ਮੰਦਿਰ ਵਿੱਚ ਹਰ ਸ਼ਰਧਾਲੂ ਦੀ ਸਖ਼ਤ ਤਲਾਸ਼ੀ ਲਈ ਜਾ ਰਹੀ ਹੈ ਅਤੇ ਮੰਦਿਰ ਪਰਿਸਰ ਦੇ ਅੰਦਰ ਤੇ ਬਾਹਰ ਵਾਧੂ ਪੁਲਿਸ ਫੋਰਸ ਤੈਨਾਤ ਕੀਤੀ ਗਈ ਹੈ। ਖੁਫੀਆ ਏਜੰਸੀਆਂ ਅਤੇ ਸੁਰੱਖਿਆ ਬਲ ਲਗਾਤਾਰ ਹਾਲਾਤਾਂ ‘ਤੇ ਨਜ਼ਰ ਰੱਖ ਰਹੇ ਹਨ।
ਧਮਕੀ ਭਰੀ ਈਮੇਲ ਤੋਂ ਬਾਅਦ ਦੁਰਗਿਆਣਾ ਮੰਦਿਰ, ਕਾਲੀ ਦੇਵੀ ਮੰਦਿਰ ਅਤੇ ਹੋਰ ਧਾਰਮਿਕ ਸਥਾਨਾਂ ‘ਤੇ ਤੈਨਾਤ ਸੁਰੱਖਿਆ ਬਲ ਅਤੇ ਜਾਂਚ ਕਰਦੀਆਂ ਬੰਬ ਨਿਰੋਧਕ ਟੀਮਾਂ।
ਦੁਰਗਿਆਣਾ ਮੰਦਿਰ ਅਤੇ ਵੱਡਾ ਹਨੂੰਮਾਨ ਮੰਦਿਰ ਕਮੇਟੀ ਦੇ ਪ੍ਰਧਾਨ ਡਾ. ਰਾਕੇਸ਼ ਸ਼ਰਮਾ ਨੇ ਕਿਹਾ ਕਿ ਮੰਦਿਰ ਪ੍ਰਬੰਧਕਾਂ ਨੂੰ ਸਿੱਧੇ ਤੌਰ ‘ਤੇ ਕੋਈ ਧਮਕੀ ਭਰਿਆ ਈਮੇਲ ਜਾਂ ਫੋਨ ਕਾਲ ਪ੍ਰਾਪਤ ਨਹੀਂ ਹੋਈ, ਪਰ ਮੀਡੀਆ ਅਤੇ ਪ੍ਰਸ਼ਾਸਨਿਕ ਸਰੋਤਾਂ ਤੋਂ ਮਿਲੀ ਜਾਣਕਾਰੀ ਤੋਂ ਬਾਅਦ ਪੂਰੀ ਸਾਵਧਾਨੀ ਵਰਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੁਝ ਸ਼ਰਾਰਤੀ ਅਨਸਰ ਸਮਾਜ ਵਿੱਚ ਡਰ ਅਤੇ ਤਣਾਅ ਦਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਪਟਿਆਲਾ ਦੇ ਕਾਲੀ ਦੇਵੀ ਮੰਦਿਰ ਅਤੇ ਜਲੰਧਰ ਦੇ ਸ਼੍ਰੀ ਦੇਵੀ ਤਲਾਬ ਮੰਦਿਰ ਵਿੱਚ ਵੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਪੁਲਿਸ, ਬੰਬ ਨਿਰੋਧਕ ਟੀਮਾਂ ਅਤੇ ਡੌਗ ਸਕੁਆਡ ਵੱਲੋਂ ਮੰਦਿਰ ਪਰਿਸਰਾਂ ਅਤੇ ਪਾਰਕਿੰਗ ਖੇਤਰਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।

ਮੰਦਿਰ ਕਮੇਟੀਆਂ ਅਤੇ ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਅਫਵਾਹ ‘ਤੇ ਵਿਸ਼ਵਾਸ ਨਾ ਕਰਨ ਅਤੇ ਸਿਰਫ਼ ਅਧਿਕਾਰਤ ਜਾਣਕਾਰੀ ‘ਤੇ ਹੀ ਭਰੋਸਾ ਕਰਨ। ਪ੍ਰਸ਼ਾਸਨ ਅਨੁਸਾਰ ਸਥਿਤੀ ਪੂਰੀ ਤਰ੍ਹਾਂ ਕਾਬੂ ਵਿੱਚ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਸੁਰੱਖਿਆ ਵਿੱਚ ਕਮੀ ਨਹੀਂ ਆਉਣ ਦਿੱਤੀ ਜਾਵੇਗੀ।