ਲੁਧਿਆਣਾ ਦੀਆਂ ਲਾਪਤਾ ਕੁੜੀਆਂ ਦੇ ਮਾਮਲੇ ‘ਚ ਵੱਡਾ ਐਕਸ਼ਨ, ਮਹਿਲਾ ਕਮਿਸ਼ਨ ਨੇ ਪੁਲਿਸ ਕਮਿਸ਼ਨਰ ਨੂੰ ਕੀਤਾ ਤਲਬ
ਲੁਧਿਆਣਾ: ਸ਼ਹਿਰ ਵਿੱਚ ਨਾਬਾਲਿਗ ਕੁੜੀਆਂ ਦੇ ਲਾਪਤਾ ਹੋਣ ਦੇ ਮਾਮਲਿਆਂ ਨੂੰ ਲੈ ਕੇ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਸਖ਼ਤ ਰੁਖ ਅਖਤਿਆਰ ਕਰ ਲਿਆ ਹੈ। ਬੀਤੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਅਤੇ ਮੀਡੀਆ ਰਿਪੋਰਟਾਂ ਵਿੱਚ ਸਾਹਮਣੇ ਆ ਰਹੇ ਮਾਮਲਿਆਂ ਨੂੰ ਗੰਭੀਰਤਾ ਨਾਲ ਲੈਂਦਿਆਂ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਸੂ-ਮੋਟੋ ਨੋਟਿਸ ਜਾਰੀ ਕੀਤਾ ਹੈ। ਮਹਿਲਾ ਕਮਿਸ਼ਨ ਵੱਲੋਂ ਲੁਧਿਆਣਾ ਪੁਲਿਸ ਕਮਿਸ਼ਨਰ ਨੂੰ ਤਲਬ ਕਰਦੇ ਹੋਏ ਮਾਮਲੇ ਦੀ ਵਿਸਥਾਰਪੂਰਵਕ ਰਿਪੋਰਟ ਮੰਗੀ ਗਈ ਹੈ। ਚੇਅਰਪਰਸਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਏਡੀਸੀਪੀ ਰਮਨਦੀਪ ਭੁੱਲਰ ਦੀ ਵੀਡੀਓ ਸਾਂਝੀ ਕਰਦਿਆਂ ਕਿਹਾ ਕਿ ਮਾਮਲੇ ਦੀ ਗੰਭੀਰ ਜਾਂਚ ਕਰਕੇ ਜਲਦ ਨਤੀਜੇ ਤੱਕ ਪਹੁੰਚਣਾ ਯਕੀਨੀ ਬਣਾਇਆ ਜਾਵੇ।
https://www.facebook.com/reel/2183946929074344
ਇਸ ਤੋਂ ਪਹਿਲਾਂ ਏਡੀਸੀਪੀ ਰਮਨਦੀਪ ਭੁੱਲਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਸੀ ਕਿ ਲੁਧਿਆਣਾ ਪੁਲਿਸ ਕਮਿਸ਼ਨਰੇਟ ਅਧੀਨ ਲਾਪਤਾ ਹੋਣ ਦੇ 10 ਮਾਮਲੇ ਦਰਜ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਜਿਵੇਂ ਹੀ ਕਿਸੇ ਕੁੜੀ ਦੇ ਲਾਪਤਾ ਹੋਣ ਦੀ ਸ਼ਿਕਾਇਤ ਮਿਲਦੀ ਹੈ, ਪੁਲਿਸ ਤੁਰੰਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੰਦੀ ਹੈ। ਏਡੀਸੀਪੀ ਮੁਤਾਬਕ ਜਮਾਲਪੁਰ ਥਾਣੇ ਵਿੱਚ ਦਰਜ ਇੱਕ ਮਾਮਲੇ ਵਿੱਚ ਤਿੰਨ ਕੁੜੀਆਂ ਦੇ ਲਾਪਤਾ ਹੋਣ ਦੀ ਰਿਪੋਰਟ ਮਿਲੀ ਸੀ। ਜਾਂਚ ਦੌਰਾਨ ਪਤਾ ਲੱਗਾ ਕਿ ਤਿੰਨੋਂ ਕੁੜੀਆਂ ਆਪਣੇ ਪਿੰਡ ਉੱਤਰ ਪ੍ਰਦੇਸ਼ ਚਲੀਆਂ ਗਈਆਂ ਸਨ। ਲੁਧਿਆਣਾ ਪੁਲਿਸ ਦੀ ਟੀਮ ਉਨ੍ਹਾਂ ਨੂੰ ਵਾਪਸ ਲਿਆਉਣ ਲਈ ਭੇਜੀ ਗਈ ਅਤੇ ਹੁਣ ਤਿੰਨੋਂ ਕੁੜੀਆਂ ਨੂੰ ਸੁਰੱਖਿਅਤ ਤੌਰ ‘ਤੇ ਉਨ੍ਹਾਂ ਦੇ ਮਾਪਿਆਂ ਦੇ ਹਵਾਲੇ ਕਰ ਦਿੱਤਾ ਗਿਆ ਹੈ।ਪੁਲਿਸ ਨੇ ਦੱਸਿਆ ਕਿ ਜਮਾਲਪੁਰ ਇਲਾਕੇ ਵਿੱਚ ਇੱਕ 13 ਸਾਲਾ ਅਤੇ ਇੱਕ 16 ਸਾਲਾ ਲੜਕੀ ਆਪਣੇ ਘਰ ਤੋਂ ਜਨਮ ਦਿਨ ਦਾ ਸਮਾਨ ਖਰੀਦਣ ਲਈ ਗਈਆਂ ਸਨ ਪਰ ਵਾਪਸ ਨਹੀਂ ਮੁੜੀਆਂ। ਪਰਿਵਾਰ ਦੀ ਸ਼ਿਕਾਇਤ ਦੇ ਆਧਾਰ ‘ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ ਸੀ।
ਲੁਧਿਆਣਾ ਵਿੱਚ ਨਾਬਾਲਿਗ ਕੁੜੀਆਂ ਦੇ ਲਾਪਤਾ ਹੋਣ ਦੇ ਮਾਮਲਿਆਂ ‘ਤੇ ਪੰਜਾਬ ਰਾਜ ਮਹਿਲਾ ਕਮਿਸ਼ਨ ਵੱਲੋਂ ਸੂ-ਮੋਟੋ ਨੋਟਿਸ ਜਾਰੀ ਕਰਕੇ ਪੁਲਿਸ ਪ੍ਰਸ਼ਾਸਨ ਤੋਂ ਰਿਪੋਰਟ ਤਲਬ ਕੀਤੀ ਗਈ।
ਇਸ ਤੋਂ ਇਲਾਵਾ ਸਰਾਭਾ ਨਗਰ ਇਲਾਕੇ ਵਿੱਚ ਵੀ ਇੱਕ 16 ਸਾਲਾ ਨਾਬਾਲਿਗ ਲੜਕੀ ਦੇ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ। ਪੁਲਿਸ ਵੱਲੋਂ ਸਾਰੇ ਮਾਮਲਿਆਂ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਬਾਕੀ ਲਾਪਤਾ ਕੁੜੀਆਂ ਦੀ ਭਾਲ ਲਈ ਵੱਖ-ਵੱਖ ਟੀਮਾਂ ਕੰਮ ਕਰ ਰਹੀਆਂ ਹਨ। ਮਹਿਲਾ ਕਮਿਸ਼ਨ ਨੇ ਸਪੱਸ਼ਟ ਕੀਤਾ ਹੈ ਕਿ ਨਾਬਾਲਿਗ ਲੜਕੀਆਂ ਦੀ ਸੁਰੱਖਿਆ ਨਾਲ ਜੁੜੇ ਮਾਮਲਿਆਂ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਜ਼ਿੰਮੇਵਾਰ ਅਧਿਕਾਰੀਆਂ ਤੋਂ ਪੂਰਾ ਵੇਰਵਾ ਲਿਆ ਜਾਵੇਗਾ