ਅਦਾਕਾਰਾ ਗੁਰਪ੍ਰੀਤ ਕੌਰ ਭੰਗੂ ਨੇ ਪਤੀ ਸਵਰਨ ਸਿੰਘ ਭੰਗੂ ਦੀ ਮ੍ਰਿਤਕ ਦੇਹ PGI ਚੰਡੀਗੜ੍ਹ ਨੂੰ ਕੀਤੀ ਦਾਨ
ਚਮਕੌਰ ਸਾਹਿਬ/ਚੰਡੀਗੜ੍ਹ: ਸੀਨੀਅਰ ਪੱਤਰਕਾਰ ਸਵਰਨ ਸਿੰਘ ਭੰਗੂ, ਜੋ ਪੰਜਾਬੀ ਅਦਾਕਾਰਾ ਗੁਰਪ੍ਰੀਤ ਕੌਰ ਭੰਗੂ ਦੇ ਪਤੀ ਸਨ, ਦਾ ਵੀਰਵਾਰ ਨੂੰ ਚਮਕੌਰ ਸਾਹਿਬ ਵਿੱਚ ਦੇਹਾਂਤ ਹੋ ਗਿਆ। ਪਰਿਵਾਰ ਵੱਲੋਂ ਕੀਤੇ ਗਏ ਨੇਕ ਫੈਸਲੇ ਅਨੁਸਾਰ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ PGIMER ਚੰਡੀਗੜ੍ਹ ਦੇ ਐਨਾਟੋਮੀ ਵਿਭਾਗ ਨੂੰ ਦਾਨ ਕੀਤਾ ਗਿਆ ਹੈ। ਇਹ ਦਾਨ 6 ਜੂਨ 2026 ਨੂੰ ਪਰਿਵਾਰਕ ਮੈਂਬਰਾਂ ਦੀ ਮੌਜੂਦਗੀ ਵਿੱਚ ਕੀਤਾ ਗਿਆ, ਜਿਸ ਵਿੱਚ ਪਤਨੀ ਗੁਰਪ੍ਰੀਤ ਕੌਰ ਭੰਗੂ ਅਤੇ ਪੁੱਤਰ ਅਮਰਵੀਰ ਸਿੰਘ ਸ਼ਾਮਲ ਸਨ।

PGI ਪ੍ਰਸ਼ਾਸਨ ਵੱਲੋਂ ਪਰਿਵਾਰ ਅਤੇ ਨੈਣਾ ਜੀਵਨ ਜਯੋਤੀ ਕਲੱਬ, ਰੂਪਨਗਰ ਦਾ ਇਸ ਨੇਕ ਅਤੇ ਸਮਾਜ ਸੇਵੀ ਕਾਰਜ ਲਈ ਧੰਨਵਾਦ ਪ੍ਰਗਟ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਸਵਰਨ ਸਿੰਘ ਭੰਗੂ ਦਾ ਦੇਹਾਂਤ ਇੱਕ ਹਾਦਸੇ ਵਿੱਚ ਹੋਇਆ ਸੀ, ਜਦੋਂ ਉਹ ਰਾਤ ਸਮੇਂ ਸਾਈਕਲ ਸਮੇਤ ਖੁੱਲ੍ਹੇ ਨਾਲੇ ਵਿੱਚ ਡਿੱਗ ਗਏ ਸਨ। ਕਈ ਘੰਟਿਆਂ ਬਾਅਦ ਸਵੇਰੇ ਸਥਾਨਕ ਲੋਕਾਂ ਵੱਲੋਂ ਉਨ੍ਹਾਂ ਨੂੰ ਬਾਹਰ ਕੱਢਿਆ ਗਿਆ, ਪਰ ਉਦੋਂ ਤੱਕ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ।

ਇਸ ਘਟਨਾ ਨੇ ਪੰਜਾਬ ਸਮੇਤ ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀਆਂ ਵਿੱਚ ਵੀ ਸੋਗ ਦੀ ਲਹਿਰ ਪੈਦਾ ਕਰ ਦਿੱਤੀ ਹੈ।