ਨਵਾਂਸ਼ਹਿਰ ‘ਚ ਰੂਹ ਕੰਬਾ ਦੇਣ ਵਾਲੀ ਵਾਰਦਾਤ: 15 ਸਾਲਾ ਨਾਬਾਲਗ ਲੜਕੀ ਦਾ ਕਤਲ, ਲਾਸ਼ ਅਟੈਚੀ ਵਿੱਚ ਪਾ ਕੇ ਜੰਗਲ ‘ਚ ਸਾੜੀ
ਨਵਾਂਸ਼ਹਿਰ: ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਨਵਾਂਸ਼ਹਿਰ ਤੋਂ ਇੱਕ ਬੇਹੱਦ ਦਰਦਨਾਕ ਅਤੇ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਨੌਜਵਾਨ ਨੇ ਆਪਣੀ ਪ੍ਰੇਮਿਕਾ ਦੀ 15 ਸਾਲਾ ਧੀ ਦਾ ਕਤਲ ਕਰਕੇ ਲਾਸ਼ ਨੂੰ ਅਟੈਚੀ ਵਿੱਚ ਪਾ ਕੇ ਜੰਗਲਾਂ ਵਿੱਚ ਲਿਜਾ ਕੇ ਸਾੜ ਦਿੱਤਾ। ਪੁਲਿਸ ਜਾਣਕਾਰੀ ਅਨੁਸਾਰ, ਮ੍ਰਿਤਕ ਲੜਕੀ ਦੀ ਮਾਂ ਊਸ਼ਾ ਰਾਣੀ ਨੇ ਥਾਣਾ ਸਿਟੀ ਨਵਾਂਸ਼ਹਿਰ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸਦੀ ਨਾਬਾਲਗ ਧੀ ਗੈਰ-ਹਾਜ਼ਰੀ ਦੌਰਾਨ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਵਿਆਹ ਦਾ ਝਾਂਸਾ ਦੇ ਕੇ ਲੈ ਜਾਈ ਗਈ ਹੈ। ਮਾਮਲੇ ਦੀ ਜਾਂਚ ਦੌਰਾਨ ਪੁਲਿਸ ਨੇ ਸ਼ੱਕ ਦੇ ਆਧਾਰ ‘ਤੇ ਗੁਰਵਿੰਦਰ ਸਿੰਘ ਉਰਫ ਗੁਰਪ੍ਰੀਤ ਉਰਫ ਗੋਪਾ ਨੂੰ ਗ੍ਰਿਫਤਾਰ ਕੀਤਾ। ਪੁੱਛਗਿੱਛ ਦੌਰਾਨ ਉਸਨੇ ਕਬੂਲ ਕੀਤਾ ਕਿ ਉਸਨੇ 29-05-2026 ਨੂੰ ਨਵਾਂਸ਼ਹਿਰ ਵਿੱਚ ਆਪਣੇ ਕਿਰਾਏ ਦੇ ਘਰ ਵਿੱਚ ਲੜਕੀ ਦਾ ਗਲਾ ਘੁੱਟ ਕੇ ਕਤਲ ਕੀਤਾ।

ਇਸ ਤੋਂ ਬਾਅਦ ਦੋਸ਼ੀ ਨੇ ਲਾਸ਼ ਨੂੰ ਖੁਰਦ-ਬੁਰਦ ਕਰਨ ਲਈ ਅਟੈਚੀ ਵਿੱਚ ਪਾ ਕੇ ਮੋਟਰਸਾਈਕਲ ਰਾਹੀਂ ਹੁਸ਼ਿਆਰਪੁਰ ਦੇ ਪਿੰਡ ਖੁਰਾਲਗੜ੍ਹ ਨੇੜੇ ਜੰਗਲ ਵਿੱਚ ਲਿਜਾ ਕੇ ਸਾੜ ਦਿੱਤਾ। ਪੁਲਿਸ ਨੇ ਫੋਰੈਂਸਿਕ ਟੀਮ ਦੀ ਮੌਜੂਦਗੀ ਵਿੱਚ ਮੌਕੇ ਤੋਂ ਮ੍ਰਿਤਕਾ ਦੇ ਜਲੇ ਹੋਏ ਅਵਸ਼ੇਸ਼ ਬਰਾਮਦ ਕੀਤੇ ਹਨ। ਪੁਲਿਸ ਜਾਂਚ ਮੁਤਾਬਕ, ਦੋਸ਼ੀ ਦੇ ਮ੍ਰਿਤਕਾ ਦੀ ਮਾਂ ਨਾਲ ਪ੍ਰੇਮ ਸਬੰਧ ਸਨ ਅਤੇ ਉਹ ਘਰ ਆਉਂਦਾ-ਜਾਂਦਾ ਸੀ। ਲੜਕੀ ਇਸ ਰਿਸ਼ਤੇ ਦਾ ਵਿਰੋਧ ਕਰਦੀ ਸੀ, ਜਿਸ ਕਰਕੇ ਰੰਜਿਸ਼ ਵਿੱਚ ਇਹ ਘਿਨੌਣਾ ਕਤਲ ਕੀਤਾ ਗਿਆ।

ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ 4 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਮਾਮਲੇ ਦੀ ਅਗਲੇ ਪੜਾਅ ਦੀ ਜਾਂਚ ਜਾਰੀ ਹੈ।