ਭਾਖੜਾ ਡੈਮ ਭਰਿਆ, ਕਿਸਾਨਾਂ ਲਈ ਖੁਸ਼ਖਬਰੀ! ਝੋਨੇ ਦੀ ਲਵਾਈ ਲਈ ਪਾਣੀ ਦੀ ਨਹੀਂ ਹੋਵੇਗੀ ਕਮੀ
ਚੰਡੀਗੜ੍ਹ: ਭਾਖੜਾ ਬਿਆਸ ਪ੍ਰਬੰਧਕੀ ਬੋਰਡ (ਬੀਬੀਐੱਮਬੀ) ਨੇ ਪੰਜਾਬ, ਹਰਿਆਣਾ ਅਤੇ ਹੋਰ ਭਾਈਵਾਲ ਰਾਜਾਂ ਨੂੰ ਝੋਨੇ ਦੀ ਲਵਾਈ ਦੇ ਮੌਜੂਦਾ ਸੀਜ਼ਨ ਦੌਰਾਨ ਭਾਖੜਾ ਡੈਮ ਤੋਂ ਸਿੰਚਾਈ ਲਈ ਵੱਧ ਤੋਂ ਵੱਧ ਪਾਣੀ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਹੈ। ਇਹ ਫ਼ੈਸਲਾ ਬੀਬੀਐੱਮਬੀ ਦੀ ਤਕਨੀਕੀ ਕਮੇਟੀ ਦੀ ਚੰਡੀਗੜ੍ਹ ਵਿਖੇ ਹੋਈ ਮੀਟਿੰਗ ਦੌਰਾਨ ਲਿਆ ਗਿਆ। ਮੀਟਿੰਗ ਵਿੱਚ ਭਾਖੜਾ ਜਲ ਭੰਡਾਰ ਵਿੱਚ ਵਧ ਰਹੇ ਪਾਣੀ ਦੇ ਪੱਧਰ ਅਤੇ ਆਉਣ ਵਾਲੇ ਹਫ਼ਤਿਆਂ ਦੌਰਾਨ ਹਿਮਾਲਿਆਈ ਖੇਤਰਾਂ ਵਿੱਚ ਬਰਫ਼ ਪਿਘਲਣ ਅਤੇ ਮਾਨਸੂਨ ਕਾਰਨ ਹੋਣ ਵਾਲੀ ਵਾਧੂ ਆਮਦ ’ਤੇ ਵਿਸਥਾਰ ਨਾਲ ਚਰਚਾ ਕੀਤੀ ਗਈ। ਬੋਰਡ ਨੇ ਰਾਜਾਂ ਨੂੰ ਉਪਲਬਧ ਜਲ ਸਰੋਤਾਂ ਦੀ ਯੋਜਨਾਬੱਧ ਅਤੇ ਵੱਧ ਤੋਂ ਵੱਧ ਵਰਤੋਂ ਯਕੀਨੀ ਬਣਾਉਣ ਲਈ ਕਿਹਾ ਹੈ।

ਤਾਜ਼ਾ ਅੰਕੜਿਆਂ ਮੁਤਾਬਕ 9 ਜੂਨ ਨੂੰ ਭਾਖੜਾ ਡੈਮ ਦਾ ਜਲ ਪੱਧਰ 1578.07 ਫੁੱਟ ਦਰਜ ਕੀਤਾ ਗਿਆ, ਜੋ ਪਿਛਲੇ ਸਾਲ ਇਸੇ ਮਿਆਦ ਦੌਰਾਨ ਦਰਜ 1556.60 ਫੁੱਟ ਨਾਲੋਂ 21.47 ਫੁੱਟ ਵੱਧ ਹੈ। ਇਹ ਪੱਧਰ ਲੰਬੇ ਸਮੇਂ ਦੀ ਔਸਤ 1543.72 ਫੁੱਟ ਨਾਲੋਂ ਵੀ ਕਾਫ਼ੀ ਉੱਚਾ ਮੰਨਿਆ ਜਾ ਰਿਹਾ ਹੈ। ਬੀਬੀਐੱਮਬੀ ਅਨੁਸਾਰ ਭਾਖੜਾ ਜਲ ਭੰਡਾਰ ਦੀ ਲਾਈਵ ਸਟੋਰੇਜ ਇਸ ਵੇਲੇ 31 ਫ਼ੀਸਦੀ ਤੱਕ ਭਰ ਚੁੱਕੀ ਹੈ, ਜਦਕਿ ਪਿਛਲੇ ਸਾਲ ਇਹ ਅੰਕੜਾ 22 ਫ਼ੀਸਦੀ ਅਤੇ ਲੰਬੇ ਸਮੇਂ ਦੀ ਔਸਤ 18 ਫ਼ੀਸਦੀ ਸੀ। ਹਾਲਾਂਕਿ ਡੈਮ ਅਜੇ ਵੀ ਆਪਣੇ ਵੱਧ ਤੋਂ ਵੱਧ ਜਲ ਪੱਧਰ ਤੋਂ ਲਗਭਗ 102 ਫੁੱਟ ਹੇਠਾਂ ਹੈ।

ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਨਸੂਨ ਦੌਰਾਨ ਹੋਣ ਵਾਲੀ ਸੰਭਾਵੀ ਵੱਡੀ ਪਾਣੀ ਆਮਦ ਨੂੰ ਧਿਆਨ ਵਿੱਚ ਰੱਖਦਿਆਂ ਜਲ ਭੰਡਾਰ ਵਿੱਚ ਲੋੜੀਂਦੀ ਖਾਲੀ ਸਮਰੱਥਾ ਬਣਾਈ ਰੱਖਣਾ ਜ਼ਰੂਰੀ ਹੈ। ਇਸੇ ਲਈ ਰਾਜਾਂ ਨੂੰ ਪਾਣੀ ਦੀ ਨਿਕਾਸੀ ਅਤੇ ਵਰਤੋਂ ਵਧਾਉਣ ਲਈ ਕਿਹਾ ਗਿਆ ਹੈ। ਬੋਰਡ ਦੇ ਮਾਹਿਰਾਂ ਦਾ ਮੰਨਣਾ ਹੈ ਕਿ ਮੌਜੂਦਾ ਸਥਿਤੀ ਖੇਤੀਬਾੜੀ ਖੇਤਰ ਲਈ ਕਾਫ਼ੀ ਫ਼ਾਇਦੇਮੰਦ ਹੈ ਅਤੇ ਝੋਨੇ ਦੀ ਲਵਾਈ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਸਿੰਚਾਈ ਲਈ ਲੋੜੀਂਦਾ ਪਾਣੀ ਆਸਾਨੀ ਨਾਲ ਉਪਲਬਧ ਹੋ ਸਕੇਗਾ।