ਬਠਿੰਡਾ ‘ਚ ਕੇਜਰੀਵਾਲ ਦਾ ਵੱਡਾ ਐਲਾਨ: “ਭਗਵੰਤ ਮਾਨ ਨੂੰ ਮੁੜ CM ਬਣਾਵਾਂਗੇ”, ਵਿਰੋਧੀਆਂ ‘ਤੇ ਤਿੱਖੇ ਹਮਲੇ
ਬਠਿੰਡਾ, 13 ਜੂਨ: ਨਗਰ ਨਿਗਮ ਬਠਿੰਡਾ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਦਮਜੀਤ ਮਹਿਤਾ ਦੇ ਮੁੜ ਮੇਅਰ ਬਣਨ ਦੀ ਖੁਸ਼ੀ ਵਿੱਚ ਆਯੋਜਿਤ ਰੋਡ ਸ਼ੋਅ ਦੌਰਾਨ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀ ਧਿਰਾਂ ‘ਤੇ ਤਿੱਖੇ ਨਿਸ਼ਾਨੇ ਸਾਧੇ।

ਬਠਿੰਡਾ ਦੇ ਕਿੱਕਰ ਬਜ਼ਾਰ ਤੋਂ ਸ਼ੁਰੂ ਹੋਏ ਇਸ ਰੋਡ ਸ਼ੋਅ ਵਿੱਚ ਪਾਰਟੀ ਵਰਕਰਾਂ ਅਤੇ ਸਮਰਥਕਾਂ ਦਾ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਰਸਤੇ ਵਿੱਚ ਵੱਖ-ਵੱਖ ਥਾਵਾਂ ‘ਤੇ ਵਰਕਰਾਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਆਗੂਆਂ ਦਾ ਸਵਾਗਤ ਕੀਤਾ ਗਿਆ।ਰੋਡ ਸ਼ੋਅ ਨੂੰ ਸੰਬੋਧਨ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੀ ਜਨਤਾ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਅਤੇ ਕੰਮਾਂ ‘ਤੇ ਭਰੋਸਾ ਜਤਾ ਰਹੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦਾ ਟੀਚਾ ਲੋਕਾਂ ਦੀਆਂ ਉਮੀਦਾਂ ‘ਤੇ ਖਰਾ ਉਤਰਨਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਵਿਕਾਸ ਦੇ ਕੰਮ ਜਾਰੀ ਰਹਿਣਗੇ।

ਕੇਜਰੀਵਾਲ ਨੇ ਆਪਣੇ ਸੰਬੋਧਨ ਦੌਰਾਨ ਇਹ ਵੀ ਕਿਹਾ ਕਿ ਪਾਰਟੀ ਪੰਜਾਬ ਵਿੱਚ ਭਗਵੰਤ ਮਾਨ ਦੀ ਅਗਵਾਈ ਵਿੱਚ ਕੰਮ ਕਰ ਰਹੀ ਹੈ ਅਤੇ ਉਨ੍ਹਾਂ ਨੂੰ ਮੁੜ ਮੁੱਖ ਮੰਤਰੀ ਬਣਾਉਣ ਲਈ ਲੋਕਾਂ ਦਾ ਸਹਿਯੋਗ ਪ੍ਰਾਪਤ ਕੀਤਾ ਜਾਵੇਗਾ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਵਿਰੋਧੀ ਪਾਰਟੀਆਂ ਦੀ ਕਾਰਗੁਜ਼ਾਰੀ ‘ਤੇ ਸਵਾਲ ਚੁੱਕਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਲੋਕਾਂ ਦੇ ਮੁੱਦਿਆਂ ਨੂੰ ਪਹਿਲ ਦੇ ਰਹੀ ਹੈ ਅਤੇ ਪੰਜਾਬ ਦੇ ਵਿਕਾਸ ਲਈ ਵਚਨਬੱਧ ਹੈ। ਰੋਡ ਸ਼ੋਅ ਦੌਰਾਨ ਪਾਰਟੀ ਵਰਕਰਾਂ ਵਿੱਚ ਭਾਰੀ ਜੋਸ਼ ਦੇਖਣ ਨੂੰ ਮਿਲਿਆ ਅਤੇ ਸਾਰੇ ਰਸਤੇ ਨਾਅਰੇਬਾਜ਼ੀ ਅਤੇ ਫੁੱਲਾਂ ਦੀ ਵਰਖਾ ਨਾਲ ਮਾਹੌਲ ਗੂੰਜਦਾ ਰਿਹਾ।