“ਸਬਰ ਦਾ ਬੰਨ੍ਹ ਟੁੱਟਿਆ ਤਾਂ 2027 ‘ਚ ਜਵਾਬ ਮਿਲੇਗਾ” — ਆਸ਼ਾ ਵਰਕਰਾਂ ਦਾ ਸਰਕਾਰ ਨੂੰ ਅਲਟੀਮੇਟਮ
“ਸਬਰ ਦਾ ਬੰਨ੍ਹ ਟੁੱਟਿਆ ਤਾਂ 2027 ‘ਚ ਜਵਾਬ ਮਿਲੇਗਾ” — ਆਸ਼ਾ ਵਰਕਰਾਂ ਦਾ ਸਰਕਾਰ ਨੂੰ ਅਲਟੀਮੇਟਮ
ਬਰਨਾਲਾ/ਮੋਗਾ, 13 ਜੂਨ: ਪੰਜਾਬ ਸਰਕਾਰ ਵੱਲੋਂ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਪੂਰੇ ਨਾ ਕਰਨ ਦੇ ਰੋਸ ਵਜੋਂ ਆਸ਼ਾ ਵਰਕਰ ਅਤੇ ਆਸ਼ਾ ਫੈਸੀਲੀਟੇਟਰ ਯੂਨੀਅਨ ਨੇ ਸੂਬਾ ਪੱਧਰੀ ਸੱਦੇ ਤਹਿਤ ਡੀ.ਸੀ. ਦਫ਼ਤਰਾਂ ਸਾਹਮਣੇ “ਭਾਂਡੇ ਖੜਕਾਓ, ਪੰਜਾਬ ਸਰਕਾਰ ਜਗਾਓ” ਮੁਹਿੰਮ ਤਹਿਤ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ। ਬਰਨਾਲਾ ਅਤੇ ਮੋਗਾ ਸਮੇਤ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਹਜ਼ਾਰਾਂ ਆਸ਼ਾ ਵਰਕਰਾਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਆਪਣੀਆਂ ਮੰਗਾਂ ਤੁਰੰਤ ਪੂਰੀਆਂ ਕਰਨ ਦੀ ਮੰਗ ਕੀਤੀ।ਬਰਨਾਲਾ ਵਿਖੇ ਬਲਾਕ ਧਨੌਲਾ, ਮਹਿਲ ਕਲਾਂ ਅਤੇ ਤਪਾ ਦੀਆਂ ਸੈਂਕੜੇ ਆਸ਼ਾ ਵਰਕਰਾਂ ਨੇ ਇਕੱਠੇ ਹੋ ਕੇ ਸਰਕਾਰ ਵਿਰੁੱਧ ਪਿੱਟ-ਸਿਆਪਾ ਕੀਤਾ ਅਤੇ ਭਾਂਡੇ ਖੜਕਾ ਕੇ ਰੋਸ ਪ੍ਰਗਟਾਇਆ। ਇਸ ਮੌਕੇ ਯੂਨੀਅਨ ਦੀ ਸੂਬਾ ਪ੍ਰਧਾਨ ਪਾਵਨਪ੍ਰੀਤ ਕੌਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਆਸ਼ਾ ਵਰਕਰਾਂ ਦਾ ਭੱਤਾ ਦੁੱਗਣਾ ਕਰਨ ਅਤੇ ਉਨ੍ਹਾਂ ਨੂੰ ਘੱਟੋ-ਘੱਟ ਉਜਰਤਾਂ ਦੇ ਘੇਰੇ ਵਿੱਚ ਲਿਆਉਣ ਦਾ ਵਾਅਦਾ ਕੀਤਾ ਸੀ, ਪਰ ਸਾਢੇ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਵੀ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ।
![]()
ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਜਲਦੀ ਮੰਗਾਂ ਨਾ ਮੰਨੀਆਂ ਤਾਂ ਇਸ ਦਾ ਸਿਆਸੀ ਖ਼ਾਮਿਆਜ਼ਾ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭੁਗਤਣਾ ਪਵੇਗਾ। ਉਨ੍ਹਾਂ ਕਿਹਾ ਕਿ ਆਸ਼ਾ ਵਰਕਰਾਂ ਦਾ ਸਬਰ ਹੁਣ ਟੁੱਟ ਰਿਹਾ ਹੈ ਅਤੇ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।
24 ਹਜ਼ਾਰ ਰੁਪਏ ਤਨਖਾਹ ਅਤੇ ਪੈਨਸ਼ਨ ਸਮੇਤ ਕਈ ਮੰਗਾਂ
ਯੂਨੀਅਨ ਨੇ ਮੰਗ ਕੀਤੀ ਕਿ ਆਸ਼ਾ ਵਰਕਰਾਂ ਅਤੇ ਫੈਸੀਲੀਟੇਟਰਾਂ ਨੂੰ ਘੱਟੋ-ਘੱਟ ਉਜਰਤ ਕਾਨੂੰਨ ਦੇ ਦਾਇਰੇ ਵਿੱਚ ਲਿਆ ਕੇ 24,000 ਰੁਪਏ ਮਹੀਨਾਵਾਰ ਤਨਖਾਹ ਦਿੱਤੀ ਜਾਵੇ। ਇਸ ਤੋਂ ਇਲਾਵਾ ਮੁਫ਼ਤ ਸਿਹਤ ਸਹੂਲਤਾਂ, ਸੇਵਾਮੁਕਤੀ ਉਪਰੰਤ 5 ਲੱਖ ਰੁਪਏ ਗ੍ਰੈਚੁਟੀ, ਪੈਨਸ਼ਨ ਸਕੀਮ, ਏਐਨਐਮ ਪ੍ਰੀਖਿਆ ਪਾਸ ਕਰ ਚੁੱਕੀਆਂ ਵਰਕਰਾਂ ਨੂੰ ਨਿਯੁਕਤੀ ਪੱਤਰ ਅਤੇ ਹਰਿਆਣਾ ਦੀ ਤਰਜ਼ ‘ਤੇ ਪੰਜਾਬ ਵਿੱਚ ਬਿਹਤਰ ਸੇਵਾ ਸ਼ਰਤਾਂ ਲਾਗੂ ਕਰਨ ਦੀ ਮੰਗ ਵੀ ਕੀਤੀ ਗਈ। ਧਰਨੇ ਦੌਰਾਨ ਪਿੰਡ ਸੇਖਾ ਦੀ ਆਸ਼ਾ ਵਰਕਰ ਇੰਦਰਜੀਤ ਕੌਰ ਨੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਤਿੱਖੇ ਨਿਸ਼ਾਨੇ ਸਾਧਦਿਆਂ ਕਿਹਾ ਕਿ ਜਿਹੜਾ 2500 ਰੁਪਏ ਦਾ ਮਾਮੂਲੀ ਭੱਤਾ ਉਨ੍ਹਾਂ ਨੂੰ ਮਿਲਦਾ ਹੈ, ਉਹ ਵੀ ਕਈ-ਕਈ ਮਹੀਨੇ ਲੇਟ ਮਿਲਦਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਆਪਣੀ ਪਤਨੀ ਨੂੰ 2500 ਰੁਪਏ ਦੇ ਕੇ ਇੱਕ ਦਿਨ ਦੀ ਸ਼ਾਪਿੰਗ ਕਰਵਾ ਕੇ ਦਿਖਾਉਣ, ਫਿਰ ਪਤਾ ਲੱਗੇਗਾ ਕਿ ਇਸ ਮਹਿੰਗਾਈ ਦੇ ਦੌਰ ਵਿੱਚ ਗੁਜ਼ਾਰਾ ਕਿਵੇਂ ਹੁੰਦਾ ਹੈ।
ਯੂਨੀਅਨ ਆਗੂਆਂ ਨੇ ਦੱਸਿਆ ਕਿ ਪੰਜਾਬ ਵਿੱਚ ਲਗਭਗ 27,000 ਆਸ਼ਾ ਵਰਕਰ ਕੰਮ ਕਰ ਰਹੀਆਂ ਹਨ ਅਤੇ ਸੂਬੇ ਭਰ ਵਿੱਚ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਪਟਿਆਲਾ ਵਿੱਚ ਧਾਰਾ 144 ਦੇ ਬਾਵਜੂਦ ਕੀਤੇ ਗਏ ਪ੍ਰਦਰਸ਼ਨਾਂ ਅਤੇ ਸਰਕਾਰ ਵੱਲੋਂ ਕੀਤੇ ਲਾਠੀਚਾਰਜ ਅਤੇ ਪਾਣੀ ਦੀਆਂ ਬੌਛਾਰਾਂ ਦੀ ਨਿੰਦਾ ਕੀਤੀ।
ਮੋਗਾ ਵਿੱਚ ਵੀ ਥਾਲੀਆਂ ਵਜਾ ਕੇ ਕੀਤਾ ਪ੍ਰਦਰਸ਼ਨ
ਮੋਗਾ ਦੇ ਬੱਸ ਸਟੈਂਡ ਚੌਂਕ ਵਿੱਚ ਵੀ ਆਸ਼ਾ ਵਰਕਰਾਂ ਨੇ ਥਾਲੀਆਂ ਵਜਾ ਕੇ ਜ਼ੋਰਦਾਰ ਪ੍ਰਦਰਸ਼ਨ ਕੀਤਾ। ਯੂਨੀਅਨ ਦੀ ਜ਼ਿਲ੍ਹਾ ਪ੍ਰਧਾਨ ਮਨਦੀਪ ਕੌਰ ਦੀਦਾਰੇਵਾਲਾ ਨੇ ਕਿਹਾ ਕਿ ਆਸ਼ਾ ਵਰਕਰ ਭਿਆਨਕ ਗਰਮੀ ਵਿੱਚ ਵੀ ਘਰ-ਘਰ ਜਾ ਕੇ ਸਿਹਤ ਸੇਵਾਵਾਂ ਮੁਹੱਈਆ ਕਰਵਾ ਰਹੀਆਂ ਹਨ, ਪਰ ਸਰਕਾਰ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਅਣਦੇਖਿਆ ਕਰ ਰਹੀ ਹੈ।

ਉਨ੍ਹਾਂ ਕਿਹਾ ਕਿ ਕੋਰੋਨਾ ਮਹਾਮਾਰੀ, ਹੜ੍ਹਾਂ ਅਤੇ ਹੋਰ ਐਮਰਜੈਂਸੀ ਹਾਲਾਤਾਂ ਦੌਰਾਨ ਵੀ ਆਸ਼ਾ ਵਰਕਰਾਂ ਨੇ ਫਰੰਟਲਾਈਨ ਯੋਧਿਆਂ ਵਜੋਂ ਕੰਮ ਕੀਤਾ, ਪਰ ਅੱਜ ਵੀ ਉਨ੍ਹਾਂ ਨੂੰ ਬਣਦਾ ਮਾਣ-ਸਨਮਾਨ ਅਤੇ ਹੱਕ ਨਹੀਂ ਮਿਲ ਰਹੇ। ਯੂਨੀਅਨ ਨੇ ਸਪੱਸ਼ਟ ਕੀਤਾ ਕਿ ਜੇਕਰ ਸਰਕਾਰ ਨੇ ਜਲਦ ਮੰਗਾਂ ਦਾ ਹੱਲ ਨਾ ਕੀਤਾ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ ਅਤੇ ਸਿਹਤ ਮੰਤਰੀ ਤੇ ਮੁੱਖ ਮੰਤਰੀ ਦੇ ਘਰਾਂ ਦਾ ਘੇਰਾਓ ਕਰਨ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾਵੇਗਾ।






