ਮੋਗਾ ‘ਚ ਬੁਲਡੋਜ਼ਰ ਐਕਸ਼ਨ! ਕਥਿਤ ਨਸ਼ਾ ਤਸਕਰਾਂ ਦੇ ਘਰ ‘ਤੇ ਵੱਡੀ ਕਾਰਵਾਈ
ਮੋਗਾ, 20 ਜੂਨ: ਪੰਜਾਬ ਸਰਕਾਰ ਵੱਲੋਂ ਨਸ਼ਿਆਂ ਅਤੇ ਅਪਰਾਧ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਮੋਗਾ ਸ਼ਹਿਰ ਵਿੱਚ ਪੁਲਿਸ ਅਤੇ ਨਗਰ ਨਿਗਮ ਨੇ ਸਾਂਝੀ ਕਾਰਵਾਈ ਕਰਦਿਆਂ ਕਥਿਤ ਨਸ਼ਾ ਤਸਕਰਾਂ ਨਾਲ ਸੰਬੰਧਿਤ ਇੱਕ ਮਕਾਨ ਅਤੇ ਹੋਰ ਗੈਰ-ਕਾਨੂੰਨੀ ਉਸਾਰੀਆਂ ਨੂੰ ਬੁਲਡੋਜ਼ਰ ਰਾਹੀਂ ਢਾਹ ਦਿੱਤਾ। ਇਹ ਕਾਰਵਾਈ ਮੋਗਾ ਦੇ ਸ਼੍ਰੀ ਗੁਰੂ ਰਾਮਦਾਸ ਨਗਰ ਇਲਾਕੇ ਵਿੱਚ ਕੀਤੀ ਗਈ, ਜਿੱਥੇ ਨਗਰ ਨਿਗਮ ਦੀ ਟੀਮ ਨੇ ਪੁਲਿਸ ਦੀ ਭਾਰੀ ਸੁਰੱਖਿਆ ਹੇਠ ਕਾਰਵਾਈ ਨੂੰ ਅੰਜਾਮ ਦਿੱਤਾ। ਅਧਿਕਾਰੀਆਂ ਮੁਤਾਬਕ ਸੰਬੰਧਿਤ ਉਸਾਰੀਆਂ ਨਿਯਮਾਂ ਦੀ ਉਲੰਘਣਾ ਕਰਕੇ ਬਣਾਈਆਂ ਗਈਆਂ ਸਨ ਅਤੇ ਲੋੜੀਂਦੀਆਂ ਮਨਜ਼ੂਰੀਆਂ ਤੋਂ ਬਿਨਾਂ ਤਿਆਰ ਕੀਤੀਆਂ ਗਈਆਂ ਸਨ।

ਕਾਰਵਾਈ ਦੌਰਾਨ ਕਾਨੂੰਨ-ਵਿਵਸਥਾ ਬਣਾਈ ਰੱਖਣ ਲਈ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ। ਐਸਪੀ (ਡੀ) ਬਾਲ ਕ੍ਰਿਸ਼ਨ ਸਿੰਗਲਾ ਨੇ ਦੱਸਿਆ ਕਿ ਮੁਹਿੰਮ ਨੂੰ ਸੁਚਾਰੂ ਢੰਗ ਨਾਲ ਪੂਰਾ ਕਰਨ ਲਈ ਦੋ ਡੀਐਸਪੀ, ਚਾਰ ਐਸਐਚਓ ਅਤੇ ਕਰੀਬ 150 ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ। ਉਨ੍ਹਾਂ ਦੱਸਿਆ ਕਿ ਜਿਸ ਜਾਇਦਾਦ ‘ਤੇ ਕਾਰਵਾਈ ਕੀਤੀ ਗਈ ਹੈ, ਉਹ ਵਰਿੰਦਰ ਅਤੇ ਸਿਕੰਦਰ ਨਾਮਕ ਦੋ ਭਰਾਵਾਂ ਨਾਲ ਸੰਬੰਧਿਤ ਦੱਸੀ ਜਾ ਰਹੀ ਹੈ। ਪੁਲਿਸ ਰਿਕਾਰਡ ਅਨੁਸਾਰ ਦੋਵਾਂ ਖ਼ਿਲਾਫ਼ ਕਰੀਬ 30 ਅਪਰਾਧਿਕ ਮਾਮਲੇ ਦਰਜ ਹਨ, ਜਿਨ੍ਹਾਂ ਵਿੱਚ ਕਤਲ, ਕਤਲ ਦੀ ਕੋਸ਼ਿਸ਼, ਐਨਡੀਪੀਐਸ ਐਕਟ, ਐਕਸਾਈਜ਼ ਐਕਟ ਅਤੇ ਹੋਰ ਗੰਭੀਰ ਧਾਰਾਵਾਂ ਤਹਿਤ ਦਰਜ ਕੇਸ ਸ਼ਾਮਲ ਹਨ।

ਐਸਪੀਡੀ ਨੇ ਅੱਗੇ ਦੱਸਿਆ ਕਿ ਸਿਕੰਦਰ ਇਸ ਵੇਲੇ ਜੇਲ੍ਹ ਵਿੱਚ ਬੰਦ ਹੈ, ਜਦਕਿ ਵਰਿੰਦਰ ਇੱਕ ਕਤਲ ਮਾਮਲੇ ਵਿੱਚ ਫਰਾਰ ਦੱਸਿਆ ਜਾ ਰਿਹਾ ਹੈ। ਉਸ ਦੀ ਗ੍ਰਿਫ਼ਤਾਰੀ ਲਈ ਪੁਲਿਸ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਦੂਜੇ ਪਾਸੇ ਨਗਰ ਨਿਗਮ ਦੇ ਅਧਿਕਾਰੀ ਕੁਲਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸੰਬੰਧਿਤ ਮਕਾਨ ਮਾਲਕਾਂ ਨੂੰ ਨਿਯਮਾਂ ਅਨੁਸਾਰ ਪਹਿਲਾਂ ਨੋਟਿਸ ਜਾਰੀ ਕੀਤੇ ਗਏ ਸਨ ਅਤੇ ਉਸਾਰੀ ਸਬੰਧੀ ਲੋੜੀਂਦੇ ਦਸਤਾਵੇਜ਼ ਪੇਸ਼ ਕਰਨ ਲਈ ਤਿੰਨ ਦਿਨਾਂ ਦਾ ਸਮਾਂ ਦਿੱਤਾ ਗਿਆ ਸੀ।

ਉਨ੍ਹਾਂ ਦੱਸਿਆ ਕਿ ਨਿਰਧਾਰਿਤ ਸਮੇਂ ਅੰਦਰ ਨਾ ਤਾਂ ਕੋਈ ਪ੍ਰਵਾਨਿਤ ਨਕਸ਼ਾ ਅਤੇ ਨਾ ਹੀ ਉਸਾਰੀ ਦੀ ਮਨਜ਼ੂਰੀ ਸਬੰਧੀ ਕੋਈ ਦਸਤਾਵੇਜ਼ ਪੇਸ਼ ਕੀਤਾ ਗਿਆ। ਇਸ ਤੋਂ ਇਲਾਵਾ ਕਿਸੇ ਅਦਾਲਤ ਜਾਂ ਹੋਰ ਅਥਾਰਟੀ ਵੱਲੋਂ ਜਾਰੀ ਕੋਈ ਰਾਹਤ ਆਦੇਸ਼ ਵੀ ਨਗਰ ਨਿਗਮ ਅੱਗੇ ਪੇਸ਼ ਨਹੀਂ ਕੀਤਾ ਗਿਆ, ਜਿਸ ਕਾਰਨ ਨਿਯਮਾਂ ਅਨੁਸਾਰ ਢਾਹੁਣ ਦੀ ਕਾਰਵਾਈ ਕੀਤੀ ਗਈ। ਪੁਲਿਸ ਅਤੇ ਨਗਰ ਨਿਗਮ ਅਧਿਕਾਰੀਆਂ ਦਾ ਕਹਿਣਾ ਹੈ ਕਿ ਗੈਰ-ਕਾਨੂੰਨੀ ਉਸਾਰੀਆਂ ਅਤੇ ਅਪਰਾਧਿਕ ਗਤੀਵਿਧੀਆਂ ਖ਼ਿਲਾਫ਼ ਇਹ ਮੁਹਿੰਮ ਅੱਗੇ ਵੀ ਜਾਰੀ ਰਹੇਗੀ।