ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ‘ਤੇ ਜਥੇਦਾਰ ਗੜਗੱਜ ਦਾ ਸੰਦੇਸ਼, ਧਰਮ, ਸੂਰਬੀਰਤਾ ਅਤੇ ਏਕਤਾ ਦੇ ਰਾਹ ‘ਤੇ ਚੱਲਣ ਦੀ ਅਪੀਲ
ਅੰਮ੍ਰਿਤਸਰ: ਮੀਰੀ-ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪਾਵਨ ਪ੍ਰਕਾਸ਼ ਪੁਰਬ ਅੱਜ ਸ਼ਰਧਾ, ਸਤਿਕਾਰ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਥਿਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਅਤੇ ਖਾਲਸਾ ਪੰਥ ਨੂੰ ਲੱਖ-ਲੱਖ ਵਧਾਈਆਂ ਭੇਟ ਕੀਤੀਆਂ। ਮੀਡੀਆ ਨਾਲ ਗੱਲਬਾਤ ਕਰਦਿਆਂ ਜਥੇਦਾਰ ਗੜਗੱਜ ਨੇ ਕਿਹਾ ਕਿ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਜੀਵਨ ਧਰਮ ਦੀ ਰੱਖਿਆ, ਸੂਰਬੀਰਤਾ, ਪਰਉਪਕਾਰ ਅਤੇ ਕੌਮ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੀ ਸਿੱਖਿਆ ਅੱਜ ਵੀ ਮਨੁੱਖਤਾ ਨੂੰ ਨਿਆਂ, ਹਿੰਮਤ ਅਤੇ ਸੇਵਾ ਦਾ ਰਾਹ ਦਿਖਾਉਂਦੀ ਹੈ।

ਗੁਰੂ ਕੀ ਵਡਾਲੀ ਵਿਖੇ ਹੋਇਆ ਪਾਵਨ ਪ੍ਰਕਾਸ਼
ਜਥੇਦਾਰ ਗੜਗੱਜ ਨੇ ਦੱਸਿਆ ਕਿ ਅੱਜ ਦੇ ਹੀ ਪਵਿੱਤਰ ਦਿਨ ਮਾਤਾ ਗੰਗਾ ਜੀ ਦੀ ਕੁੱਖ ਤੋਂ ਗੁਰੂ ਕੀ ਵਡਾਲੀ ਵਿਖੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਘਰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਸੀ। ਬਚਪਨ ਤੋਂ ਹੀ ਗੁਰੂ ਸਾਹਿਬ ਨੇ ਬਾਬਾ ਬੁੱਢਾ ਜੀ ਤੋਂ ਸ਼ਸਤਰ ਵਿਦਿਆ ਅਤੇ ਆਧਿਆਤਮਿਕ ਗਿਆਨ ਪ੍ਰਾਪਤ ਕੀਤਾ ਅਤੇ ਗੁਰੂ ਅਰਜਨ ਦੇਵ ਜੀ ਦੀ ਰਹਿਨੁਮਾਈ ਹੇਠ ਸੰਪੂਰਨ ਸਿੱਖਿਆ ਹਾਸਲ ਕੀਤੀ।
ਮੀਰੀ-ਪੀਰੀ ਦਾ ਸੰਦੇਸ਼ ਅਤੇ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ
ਉਨ੍ਹਾਂ ਕਿਹਾ ਕਿ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਪਹਿਲਾਂ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਗੁਰਗੱਦੀ ਸੌਂਪੀ ਗਈ। ਗੁਰਗੱਦੀ ਸੰਭਾਲਣ ਤੋਂ ਬਾਅਦ ਗੁਰੂ ਸਾਹਿਬ ਨੇ ਮੀਰੀ ਅਤੇ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕਰਕੇ ਸੰਸਾਰ ਨੂੰ ਇਹ ਸੰਦੇਸ਼ ਦਿੱਤਾ ਕਿ ਆਧਿਆਤਮਿਕਤਾ ਅਤੇ ਨਿਆਂਪੂਰਨ ਸ਼ਕਤੀ ਦਾ ਸੰਤੁਲਨ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਕਰਕੇ ਸਿੱਖ ਕੌਮ ਨੂੰ ਇੱਕ ਮਜ਼ਬੂਤ ਧਾਰਮਿਕ ਅਤੇ ਕੌਮੀ ਕੇਂਦਰ ਪ੍ਰਦਾਨ ਕੀਤਾ। ਇਸ ਦੇ ਨਾਲ ਹੀ ਗੁਰੂ ਸਾਹਿਬ ਨੇ ਸਿੱਖਾਂ ਨੂੰ ਸ਼ਸਤਰਧਾਰੀ, ਨਿਡਰ ਅਤੇ ਜ਼ੁਲਮ ਵਿਰੁੱਧ ਖੜ੍ਹਨ ਦਾ ਸੰਦੇਸ਼ ਦਿੱਤਾ, ਜਿਸ ਨੇ ਕੌਮ ਵਿੱਚ ਆਤਮ-ਵਿਸ਼ਵਾਸ ਅਤੇ ਸੂਰਬੀਰਤਾ ਦੀ ਨਵੀਂ ਚੇਤਨਾ ਪੈਦਾ ਕੀਤੀ।

ਅਕਾਲ ਤਖ਼ਤ ਸਾਹਿਬ ਦੀ ਤਾਬਿਆ ਰਹਿਣ ਦੀ ਅਪੀਲ
ਜਥੇਦਾਰ ਗੜਗੱਜ ਨੇ ਕਿਹਾ ਕਿ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸਮੂਹ ਸਿੱਖ ਕੌਮ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਜੋੜਿਆ ਅਤੇ ਹਮੇਸ਼ਾ ਇਸ ਦੀ ਤਾਬਿਆ ਰਹਿਣ ਦਾ ਉਪਦੇਸ਼ ਦਿੱਤਾ। ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਗੁਰੂ ਸਾਹਿਬ ਦੇ ਦਰਸਾਏ ਮਾਰਗ ‘ਤੇ ਚੱਲਦਿਆਂ ਧਰਮ, ਸੇਵਾ, ਸੂਰਬੀਰਤਾ, ਏਕਤਾ ਅਤੇ ਮਨੁੱਖਤਾ ਦੀ ਭਲਾਈ ਨੂੰ ਆਪਣੀ ਜ਼ਿੰਦਗੀ ਦਾ ਅਹਿਮ ਹਿੱਸਾ ਬਣਾਇਆ ਜਾਵੇ। ਅੰਤ ਵਿੱਚ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਇੱਕ ਵਾਰ ਫਿਰ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਅਤੇ ਖਾਲਸਾ ਪੰਥ ਨੂੰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੀਆਂ ਦਿਲੋਂ ਲੱਖ-ਲੱਖ ਵਧਾਈਆਂ ਦਿੱਤੀਆਂ ਅਤੇ ਗੁਰੂ ਸਾਹਿਬ ਦੀ ਬਖ਼ਸ਼ਿਸ਼ ਸਾਰਿਆਂ ‘ਤੇ ਬਣੀ ਰਹਿਣ ਦੀ ਅਰਦਾਸ ਕੀਤੀ।