Punjab ਪੰਜਾਬ ‘ਚ ਮੌਨਸੂਨ ਦੀ ਐਂਟਰੀ ‘ਚ ਦੇਰੀ, 1 ਤੋਂ 3 ਜੁਲਾਈ ਤੱਕ ਪ੍ਰੀ-ਮੌਨਸੂਨ ਮੀਂਹ ਦੇ ਆਸਾਰ; ਕਈ ਜ਼ਿਲ੍ਹਿਆਂ ਲਈ ਯੈਲੋ ਅਲਰਟ June 30, 2026 3 Views ਪੰਜਾਬ ‘ਚ ਮੌਨਸੂਨ ਦੀ ਐਂਟਰੀ ‘ਚ ਦੇਰੀ, 1 ਤੋਂ 3 ਜੁਲਾਈ ਤੱਕ ਪ੍ਰੀ-ਮੌਨਸੂਨ ਮੀਂਹ ਦੇ ਆਸਾਰ; ਕਈ ਜ਼ਿਲ੍ਹਿਆਂ ਲਈ ਯੈਲੋ ਅਲਰਟ ਲੁਧਿਆਣਾ: ਪੰਜਾਬ ਵਿੱਚ ਹਰ ਸਾਲ ਆਮ ਤੌਰ ‘ਤੇ 1 ਜੁਲਾਈ ਤੱਕ ਦੱਖਣ-ਪੱਛਮੀ ਮੌਨਸੂਨ ਦਾਖਲ ਹੋ ਜਾਂਦਾ ਹੈ, ਪਰ ਇਸ ਵਾਰ ਮੌਨਸੂਨ ਦੀ ਆਮਦ ਵਿੱਚ ਦੇਰੀ ਹੋ ਰਹੀ ਹੈ। ਹਾਲਾਂਕਿ, ਮੌਸਮ ਵਿਭਾਗ ਅਨੁਸਾਰ 1 ਤੋਂ 3 (ਜਾਂ 4) ਜੁਲਾਈ ਤੱਕ ਪ੍ਰੀ-ਮੌਨਸੂਨ ਬਾਰਿਸ਼ਾਂ ਪੈਣ ਦੀ ਸੰਭਾਵਨਾ ਹੈ। ਇਸ ਨੂੰ ਧਿਆਨ ਵਿੱਚ ਰੱਖਦਿਆਂ ਭਾਰਤੀ ਮੌਸਮ ਵਿਭਾਗ (IMD) ਵੱਲੋਂ ਪੰਜਾਬ ਦੇ ਕਈ ਜ਼ਿਲ੍ਹਿਆਂ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਰਾਤ ਦੇ ਤਾਪਮਾਨ ਨੇ ਤੋੜੇ ਕਈ ਦਹਾਕਿਆਂ ਦੇ ਰਿਕਾਰਡ ਮੌਸਮ ਵਿਭਾਗ ਨੇ ਦੱਸਿਆ ਕਿ ਇਸ ਵੇਲੇ ਪੰਜਾਬ ਵਿੱਚ ਦਿਨ ਦਾ ਤਾਪਮਾਨ ਕਰੀਬ 38 ਡਿਗਰੀ ਸੈਲਸੀਅਸ ਅਤੇ ਰਾਤ ਦਾ ਤਾਪਮਾਨ 31 ਡਿਗਰੀ ਸੈਲਸੀਅਸ ਦੇ ਆਸ-ਪਾਸ ਬਣਿਆ ਹੋਇਆ ਹੈ। ਖ਼ਾਸ ਗੱਲ ਇਹ ਹੈ ਕਿ ਘੱਟੋ-ਘੱਟ ਤਾਪਮਾਨ ਨੇ ਪਿਛਲੇ ਲਗਭਗ 70 ਸਾਲਾਂ ਦੇ ਰਿਕਾਰਡ ਤੋੜ ਦਿੱਤੇ ਹਨ। ਉਨ੍ਹਾਂ ਦੱਸਿਆ ਕਿ 29 ਜੂਨ ਨੂੰ 31 ਡਿਗਰੀ ਸੈਲਸੀਅਸ ਅਤੇ 30 ਜੂਨ ਨੂੰ 31.6 ਡਿਗਰੀ ਸੈਲਸੀਅਸ ਘੱਟੋ-ਘੱਟ ਤਾਪਮਾਨ ਦਰਜ ਕੀਤਾ ਗਿਆ, ਜੋ 1970 ਤੋਂ ਬਾਅਦ ਇਸ ਮਿਆਦ ਦੌਰਾਨ ਸਭ ਤੋਂ ਵੱਧ ਹੈ। ਨਮੀ ਦੇ ਵੱਧ ਪੱਧਰ ਕਾਰਨ ਲੋਕਾਂ ਨੂੰ ਗਰਮੀ ਹੋਰ ਵੀ ਜ਼ਿਆਦਾ ਮਹਿਸੂਸ ਹੋ ਰਹੀ ਹੈ। 1 ਜੁਲਾਈ ਤੋਂ ਮੌਸਮ ਬਦਲਣ ਦੇ ਸੰਕੇਤ ਮੌਸਮ ਵਿਭਾਗ ਅਨੁਸਾਰ 1 ਤੋਂ 3 ਜੁਲਾਈ ਤੱਕ ਪੰਜਾਬ ਦੇ ਕਈ ਇਲਾਕਿਆਂ ਵਿੱਚ ਪ੍ਰੀ-ਮੌਨਸੂਨ ਬਾਰਿਸ਼ਾਂ ਹੋ ਸਕਦੀਆਂ ਹਨ। ਇਸ ਦੌਰਾਨ ਕੁਝ ਥਾਵਾਂ ‘ਤੇ ਤੇਜ਼ ਹਵਾਵਾਂ ਅਤੇ ਗਰਜ-ਚਮਕ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ, ਜਿਸ ਕਰਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਮੌਨਸੂਨ ਦੀ ਐਂਟਰੀ ਹਾਲੇ ਵੀ ਲੇਟ ਮੌਸਮ ਮਾਹਿਰਾਂ ਨੇ ਕਿਹਾ ਕਿ ਪੰਜਾਬ ਵਿੱਚ ਆਉਣ ਵਾਲਾ ਦੱਖਣ-ਪੱਛਮੀ ਮੌਨਸੂਨ ਇਸ ਵਾਰ ਆਮ ਸਮੇਂ ਨਾਲੋਂ ਪਿੱਛੇ ਚੱਲ ਰਿਹਾ ਹੈ। ਹਾਲਾਂਕਿ ਮੌਨਸੂਨ ਦੇ ਅੱਗੇ ਵਧਣ ਲਈ ਹਾਲਾਤ ਹੌਲੀ-ਹੌਲੀ ਅਨੁਕੂਲ ਬਣ ਰਹੇ ਹਨ ਅਤੇ ਉਮੀਦ ਹੈ ਕਿ ਜੁਲਾਈ ਦੇ ਪਹਿਲੇ ਹਫ਼ਤੇ ਤੋਂ ਬਾਅਦ ਮੌਨਸੂਨ ਪੰਜਾਬ ਵਿੱਚ ਦਾਖਲ ਹੋ ਸਕਦਾ ਹੈ। ਮੌਸਮ ਮਾਹਿਰਾਂ ਨੇ ਦੱਸਿਆ ਕਿ 2000 ਤੋਂ 2025 ਤੱਕ ਦੇ ਅੰਕੜਿਆਂ ਅਨੁਸਾਰ ਕੇਵਲ 2008, 2017 ਅਤੇ 2025 ਹੀ ਅਜਿਹੇ ਸਾਲ ਰਹੇ ਹਨ ਜਦੋਂ ਪੰਜਾਬ ਵਿੱਚ ਔਸਤ ਨਾਲੋਂ ਵੱਧ ਮੌਨਸੂਨ ਦਰਜ ਕੀਤਾ ਗਿਆ। ਬਾਕੀ ਜ਼ਿਆਦਾਤਰ ਸਾਲਾਂ ਵਿੱਚ ਬਾਰਿਸ਼ ਆਮ ਜਾਂ ਉਸ ਤੋਂ ਵੀ ਘੱਟ ਰਹੀ ਹੈ ਉਨ੍ਹਾਂ ਕਿਹਾ ਕਿ ਇਸ ਸਾਲ ਵੀ ਪੰਜਾਬ ਵਿੱਚ ਮੌਨਸੂਨ ਆਮ ਨਾਲੋਂ ਕਰੀਬ 92 ਫ਼ੀਸਦੀ ਰਹਿਣ ਦਾ ਅਨੁਮਾਨ ਹੈ। ਕਿਉਂਕਿ ਇਸ ਵਾਰ ਪੂਰੇ ਦੇਸ਼ ਵਿੱਚ ਮੌਨਸੂਨ ਦੀ ਰਫ਼ਤਾਰ ਕਮਜ਼ੋਰ ਰਹੀ ਹੈ, ਇਸ ਲਈ ਪੰਜਾਬ ਵਿੱਚ ਵੀ ਆਮ ਨਾਲੋਂ ਘੱਟ ਬਾਰਿਸ਼ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਮੌਸਮ ਮਾਹਿਰਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਗਰਮੀ ਅਤੇ ਨਮੀ ਤੋਂ ਬਚਾਅ ਲਈ ਲੋੜੀਂਦੀਆਂ ਸਾਵਧਾਨੀਆਂ ਵਰਤਣ ਅਤੇ ਮੌਸਮ ਵਿਭਾਗ ਵੱਲੋਂ ਜਾਰੀ ਕੀਤੀਆਂ ਤਾਜ਼ਾ ਚੇਤਾਵਨੀਆਂ ‘ਤੇ ਨਜ਼ਰ ਰੱਖਣ।