ਵਿਆਹ ਦੇ ਤਿੰਨ ਮਹੀਨੇ ਬਾਅਦ ਨਵ-ਵਿਆਹੁਤਾ ਦੀ ਛੱਪੜ ‘ਚੋਂ ਮਿਲੀ ਲਾਸ਼, ਮੌਤ ਦੇ ਕਾਰਨਾਂ ਦੀ ਜਾਂਚ ‘ਚ ਜੁਟੀ ਪੁਲਿਸ
ਬਰਨਾਲਾ: ਜ਼ਿਲ੍ਹਾ ਬਰਨਾਲਾ ਦੇ ਤਪਾ ਮੰਡੀ ਨੇੜਲੇ ਪਿੰਡ ਤਾਜੋਕੇ ਵਿੱਚ ਉਸ ਸਮੇਂ ਸੋਗ ਦੀ ਲਹਿਰ ਦੌੜ ਗਈ ਜਦੋਂ ਪਿੰਡ ਦੇ ਛੱਪੜ ਵਿੱਚੋਂ ਇੱਕ ਨਵ-ਵਿਆਹੁਤਾ ਦੀ ਲਾਸ਼ ਬਰਾਮਦ ਹੋਈ। ਪਿੰਡ ਵਾਸੀਆਂ ਨੇ ਛੱਪੜ ਵਿੱਚ ਤੈਰਦੀ ਲਾਸ਼ ਨੂੰ ਦੇਖ ਕੇ ਪੁਲਿਸ ਨੂੰ ਸੂਚਨਾ ਦਿੱਤੀ ਅਤੇ ਬਾਅਦ ਵਿੱਚ ਲਾਸ਼ ਨੂੰ ਬਾਹਰ ਕੱਢਿਆ ਗਿਆ। ਮ੍ਰਿਤਕਾ ਦੀ ਪਹਿਚਾਣ 28 ਸਾਲਾ ਸੰਦੀਪ ਕੌਰ, ਪੁੱਤਰੀ ਰਾਮ ਸਿੰਘ, ਵਾਸੀ ਪਿੰਡ ਤਾਜੋਕੇ ਵਜੋਂ ਹੋਈ ਹੈ। ਸੰਦੀਪ ਕੌਰ ਦਾ ਵਿਆਹ ਕਰੀਬ ਤਿੰਨ ਮਹੀਨੇ ਪਹਿਲਾਂ ਪਿੰਡ ਖੇੜੀ (ਸ਼ੇਰਪੁਰ) ਦੇ ਰਹਿਣ ਵਾਲੇ ਅਮਨਪ੍ਰੀਤ ਸਿੰਘ ਨਾਲ ਹੋਇਆ ਸੀ।

ਗੁਰਦੁਆਰਾ ਸਾਹਿਬ ਤੋਂ ਆਉਣ ਮਗਰੋਂ ਵਾਪਰੀ ਘਟਨਾ
ਮ੍ਰਿਤਕਾ ਦੇ ਭਰਾ ਨੇ ਦੱਸਿਆ ਕਿ ਸੰਦੀਪ ਕੌਰ ਕੁਝ ਦਿਨ ਪਹਿਲਾਂ ਆਪਣੇ ਪੇਕੇ ਘਰ ਆਈ ਹੋਈ ਸੀ। ਘਟਨਾ ਵਾਲੇ ਦਿਨ ਉਹ ਆਪਣੀ ਮਾਤਾ ਨਾਲ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਵਾਪਸ ਆਏ ਸਨ। ਇਸ ਤੋਂ ਬਾਅਦ ਉਹ ਆਪਣੀ ਮਾਤਾ ਨਾਲ ਬੈਂਕ ਚਲੇ ਗਏ, ਜਦਕਿ ਸੰਦੀਪ ਕੌਰ ਘਰ ਵੱਲ ਚਲੀ ਗਈ। ਕੁਝ ਸਮੇਂ ਬਾਅਦ ਪਰਿਵਾਰ ਨੂੰ ਸੂਚਨਾ ਮਿਲੀ ਕਿ ਉਸ ਦੀ ਲਾਸ਼ ਪਿੰਡ ਦੇ ਛੱਪੜ ਵਿੱਚ ਮਿਲੀ ਹੈ।
ਪਰਿਵਾਰ ਨੇ ਜਤਾਇਆ ਦੁੱਖ, ਕਾਰਨਾਂ ਬਾਰੇ ਅਣਜਾਣ
ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਸੰਦੀਪ ਕੌਰ ਆਪਣੇ ਪੇਕੇ ਅਤੇ ਸਹੁਰੇ ਦੋਵੇਂ ਘਰਾਂ ਵਿੱਚ ਖੁਸ਼ ਸੀ ਅਤੇ ਕਿਸੇ ਤਰ੍ਹਾਂ ਦੀ ਸਮੱਸਿਆ ਬਾਰੇ ਉਨ੍ਹਾਂ ਨੂੰ ਜਾਣਕਾਰੀ ਨਹੀਂ ਸੀ। ਉਨ੍ਹਾਂ ਕਿਹਾ ਕਿ ਇਸ ਘਟਨਾ ਦੇ ਪਿੱਛੇ ਕੀ ਕਾਰਨ ਹਨ, ਇਸ ਬਾਰੇ ਉਹ ਕੁਝ ਨਹੀਂ ਕਹਿ ਸਕਦੇ ਅਤੇ ਸੱਚਾਈ ਸਾਹਮਣੇ ਆਉਣ ਦੀ ਉਡੀਕ ਕਰ ਰਹੇ ਹਨ। ਪਿੰਡ ਦੇ ਸਰਪੰਚ ਕਰਨਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਮਾਪਿਆਂ ਦੀ ਇਕਲੌਤੀ ਧੀ ਸੀ। ਇਸ ਦੁਖਦਾਈ ਘਟਨਾ ਨਾਲ ਪੂਰਾ ਪਿੰਡ ਅਤੇ ਪਰਿਵਾਰ ਗਹਿਰੇ ਸਦਮੇ ਵਿੱਚ ਹੈ। ਤਪਾ ਪੁਲਿਸ ਦੇ ਜਾਂਚ ਅਧਿਕਾਰੀ ਏ.ਐਸ.ਆਈ. ਬਲਜੀਤ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਤੁਰੰਤ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਮ੍ਰਿਤਕਾ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਨੇ ਕਿਹਾ ਕਿ ਮੌਤ ਦੇ ਅਸਲ ਕਾਰਨਾਂ ਬਾਰੇ ਇਸ ਸਮੇਂ ਕੋਈ ਨਤੀਜਾ ਕੱਢਣਾ ਜਲਦਬਾਜ਼ੀ ਹੋਵੇਗੀ। ਪਰਿਵਾਰਕ ਮੈਂਬਰਾਂ ਦੇ ਬਿਆਨ ਅਤੇ ਪੋਸਟਮਾਰਟਮ ਰਿਪੋਰਟ ਸਮੇਤ ਹੋਰ ਸਬੂਤਾਂ ਦੇ ਆਧਾਰ ‘ਤੇ ਮਾਮਲੇ ਦੀ ਜਾਂਚ ਜਾਰੀ ਹੈ।