ਬਰਨਾਲਾ ਲਾਠੀਚਾਰਜ ਦੇ ਵਿਰੋਧ ‘ਚ ਪੰਜਾਬ ਬੰਦ ਨੂੰ ਭਰਵਾਂ ਸਮਰਥਨ, ਕਈ ਸ਼ਹਿਰਾਂ ‘ਚ ਬਾਜ਼ਾਰ ਬੰਦ ਤੇ ਰੋਸ ਪ੍ਰਦਰਸ਼ਨ
ਬਰਨਾਲਾ ਲਾਠੀਚਾਰਜ ਦੇ ਵਿਰੋਧ ‘ਚ ਪੰਜਾਬ ਬੰਦ ਨੂੰ ਭਰਵਾਂ ਸਮਰਥਨ, ਕਈ ਸ਼ਹਿਰਾਂ ‘ਚ ਬਾਜ਼ਾਰ ਬੰਦ ਤੇ ਰੋਸ ਪ੍ਰਦਰਸ਼ਨ
ਚੰਡੀਗੜ੍ਹ/ਫਿਰੋਜ਼ਪੁਰ/ਬਰਨਾਲਾ/ਬਠਿੰਡਾ/ਮਾਨਸਾ/ਮੋਗਾ/ਅੰਮ੍ਰਿਤਸਰ: ਬਰਨਾਲਾ ਵਿੱਚ ਸਫਾਈ ਸੇਵਕਾਂ ‘ਤੇ ਹੋਏ ਲਾਠੀਚਾਰਜ ਦੇ ਵਿਰੋਧ ਵਿੱਚ ਸਫਾਈ ਸੇਵਕ ਜਥੇਬੰਦੀਆਂ ਵੱਲੋਂ ਦਿੱਤੀ ਗਈ ਪੰਜਾਬ ਬੰਦ ਦੀ ਕਾਲ ਨੂੰ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਵਿਆਪਕ ਸਮਰਥਨ ਮਿਲਿਆ। ਕਈ ਸ਼ਹਿਰਾਂ ਵਿੱਚ ਬਾਜ਼ਾਰ ਬੰਦ ਰਹੇ, ਰੋਸ ਮਾਰਚ ਕੱਢੇ ਗਏ ਅਤੇ ਵੱਖ-ਵੱਖ ਸਮਾਜਿਕ, ਧਾਰਮਿਕ, ਵਪਾਰਕ ਅਤੇ ਕਿਸਾਨ ਜਥੇਬੰਦੀਆਂ ਨੇ ਵੀ ਇਸ ਬੰਦ ਵਿੱਚ ਸ਼ਮੂਲੀਅਤ ਕੀਤੀ।
ਫਿਰੋਜ਼ਪੁਰ ਵਿੱਚ ਬਾਜ਼ਾਰ ਬੰਦ, ਸਕੂਲਾਂ ਵਿੱਚ ਛੁੱਟੀ
ਫਿਰੋਜ਼ਪੁਰ ਵਿੱਚ ਬੰਦ ਦਾ ਵਿਆਪਕ ਅਸਰ ਵੇਖਣ ਨੂੰ ਮਿਲਿਆ। ਸ਼ਹਿਰ ਦੇ ਮੁੱਖ ਬਾਜ਼ਾਰ ਬੰਦ ਰਹੇ, ਜਦਕਿ ਕਈ ਨਿੱਜੀ ਸਕੂਲਾਂ ਵੱਲੋਂ ਛੁੱਟੀ ਦਾ ਐਲਾਨ ਕੀਤਾ ਗਿਆ। ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਾਅ ਲਈ ਪੁਲਿਸ ਨੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਸੁਰੱਖਿਆ ਦੇ ਵਿਸ਼ੇਸ਼ ਪ੍ਰਬੰਧ ਕੀਤੇ।

ਮੋਗਾ ਵਿੱਚ ਵਪਾਰੀਆਂ ਨੇ ਦਿੱਤਾ ਸਾਥ
ਮੋਗਾ ਵਿੱਚ ਸਫਾਈ ਸੇਵਕਾਂ ਦੀ ਬੰਦ ਕਾਲ ਨੂੰ ਵਪਾਰੀਆਂ, ਦੁਕਾਨਦਾਰਾਂ, ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਵੱਲੋਂ ਭਰਪੂਰ ਸਮਰਥਨ ਮਿਲਿਆ। ਸ਼ਹਿਰ ਦੇ ਜ਼ਿਆਦਾਤਰ ਵਪਾਰਕ ਅਦਾਰੇ ਬੰਦ ਰਹੇ ਅਤੇ ਆਵਾਜਾਈ ਵੀ ਆਮ ਦਿਨਾਂ ਦੇ ਮੁਕਾਬਲੇ ਘੱਟ ਰਹੀ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਉਹ ਕਈ ਸਾਲਾਂ ਤੋਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ, ਰੁਜ਼ਗਾਰ ਸੁਰੱਖਿਆ ਅਤੇ ਹੋਰ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਹਨ, ਪਰ ਸਰਕਾਰ ਵੱਲੋਂ ਭਰੋਸਿਆਂ ਤੋਂ ਇਲਾਵਾ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ।
ਮਾਨਸਾ ਵਿੱਚ ਵੀ ਵਪਾਰੀਆਂ, ਰਾਜਨੀਤਿਕ ਪਾਰਟੀਆਂ ਅਤੇ ਸਮਾਜਿਕ ਜਥੇਬੰਦੀਆਂ ਨੇ ਬੰਦ ਨੂੰ ਸਮਰਥਨ ਦਿੱਤਾ। ਸਫਾਈ ਕਰਮਚਾਰੀਆਂ ਨੇ ਤਨਖ਼ਾਹਾਂ ਵਿੱਚ ਵਾਧਾ, ਕੱਚੇ ਕਰਮਚਾਰੀਆਂ ਨੂੰ ਪੱਕਾ ਕਰਨ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਅਤੇ ਠੇਕੇਦਾਰੀ ਪ੍ਰਥਾ ਖ਼ਤਮ ਕਰਨ ਦੀਆਂ ਮੰਗਾਂ ਦੁਹਰਾਈਆਂ। ਉਨ੍ਹਾਂ ਕਿਹਾ ਕਿ ਬਰਨਾਲਾ ਲਾਠੀਚਾਰਜ ਮਾਮਲੇ ਵਿੱਚ ਡੀਐਸਪੀ ਨੂੰ ਸਸਪੈਂਡ ਕਰਨਾ ਕਾਫ਼ੀ ਨਹੀਂ ਅਤੇ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।
ਬਠਿੰਡਾ ਵਿੱਚ ਰੋਸ ਮਾਰਚ ਅਤੇ ਪੁਤਲਾ ਫੂਕ ਪ੍ਰਦਰਸ਼ਨ
ਬਠਿੰਡਾ ਵਿੱਚ ਵਾਲਮੀਕੀ ਭਾਈਚਾਰੇ ਅਤੇ ਸਫਾਈ ਕਰਮਚਾਰੀਆਂ ਨੇ ਨਗਰ ਨਿਗਮ ਤੋਂ ਰੋਸ ਮਾਰਚ ਕੱਢਿਆ। ਪ੍ਰਦਰਸ਼ਨਕਾਰੀਆਂ ਨੇ ਬਰਨਾਲਾ ਲਾਠੀਚਾਰਜ ਨਾਲ ਸਬੰਧਤ ਅਧਿਕਾਰੀਆਂ ਦਾ ਪੁਤਲਾ ਫੂਕ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ), ਵਿਦਿਆਰਥੀ ਜਥੇਬੰਦੀਆਂ ਅਤੇ ਹੋਰ ਸਮਾਜਿਕ ਸੰਗਠਨਾਂ ਨੇ ਵੀ ਪ੍ਰਦਰਸ਼ਨ ਵਿੱਚ ਸ਼ਮੂਲੀਅਤ ਕਰਦਿਆਂ ਸਫਾਈ ਕਰਮਚਾਰੀਆਂ ਦੀਆਂ ਮੰਗਾਂ ਦਾ ਸਮਰਥਨ ਕੀਤਾ।
ਅੰਮ੍ਰਿਤਸਰ ਵਿੱਚ ਬਾਜ਼ਾਰ ਰਹੇ ਬੰਦ
ਅੰਮ੍ਰਿਤਸਰ ਵਿੱਚ ਵਾਲਮੀਕੀ ਸਮਾਜ, ਡਾ. ਬੀ.ਆਰ. ਅੰਬੇਡਕਰ ਭਲਾਈ ਮੰਚ ਅਤੇ ਹੋਰ ਜਥੇਬੰਦੀਆਂ ਦੀ ਅਗਵਾਈ ਹੇਠ ਪੰਜਾਬ ਬੰਦ ਦਾ ਵਿਆਪਕ ਅਸਰ ਵੇਖਣ ਨੂੰ ਮਿਲਿਆ। ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਸ਼ਹਿਰ ਦੇ ਕਈ ਪ੍ਰਮੁੱਖ ਬਾਜ਼ਾਰ ਬੰਦ ਰਹੇ, ਜਦਕਿ ਹਸਪਤਾਲ, ਮੈਡੀਕਲ ਸਟੋਰ ਅਤੇ ਹੋਰ ਜ਼ਰੂਰੀ ਸੇਵਾਵਾਂ ਆਮ ਵਾਂਗ ਚੱਲਦੀਆਂ ਰਹੀਆਂ।

ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਸਮੇਤ ਹਰ ਮੁਸ਼ਕਲ ਸਮੇਂ ਵਿੱਚ ਸਫਾਈ ਕਰਮਚਾਰੀਆਂ ਨੇ ਆਪਣੀਆਂ ਸੇਵਾਵਾਂ ਨਿਭਾਈਆਂ ਹਨ। ਅਜਿਹੇ ਕਰਮਚਾਰੀਆਂ ‘ਤੇ ਲਾਠੀਚਾਰਜ ਕਰਨਾ ਉਨ੍ਹਾਂ ਦੀ ਸੇਵਾ ਅਤੇ ਸਨਮਾਨ ਦੇ ਖ਼ਿਲਾਫ਼ ਹੈ।
ਬਰਨਾਲਾ ਵਿੱਚ ਸੰਘਰਸ਼ ਜਾਰੀ ਰੱਖਣ ਦਾ ਐਲਾਨ
ਨਗਰ ਨਿਗਮ ਬਰਨਾਲਾ ਦੇ ਜ਼ਿਲ੍ਹਾ ਪ੍ਰਧਾਨ ਗੁਲਸ਼ਨ ਕੁਮਾਰ ਨੇ ਕਿਹਾ ਕਿ ਸਫਾਈ ਕਰਮਚਾਰੀਆਂ ਦੀਆਂ ਹੱਕੀ ਮੰਗਾਂ ਨੂੰ ਦਬਾਉਣ ਲਈ ਬਲ ਪ੍ਰਯੋਗ ਕਰਨਾ ਗਲਤ ਹੈ। ਉਨ੍ਹਾਂ ਮੰਗ ਕੀਤੀ ਕਿ ਠੇਕੇਦਾਰੀ ਪ੍ਰਥਾ ਖ਼ਤਮ ਕਰਕੇ ਕੱਚੇ ਕਰਮਚਾਰੀਆਂ ਨੂੰ ਪੱਕਾ ਕੀਤਾ ਜਾਵੇ ਅਤੇ ਘੱਟੋ-ਘੱਟ 18 ਹਜ਼ਾਰ ਰੁਪਏ ਮਹੀਨਾਵਾਰ ਤਨਖ਼ਾਹ ਦਿੱਤੀ ਜਾਵੇ। ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ ਨੇ ਵੀ ਬੰਦ ਦਾ ਸਮਰਥਨ ਕਰਦਿਆਂ ਕਿਹਾ ਕਿ ਸਫਾਈ ਸੇਵਕਾਂ ‘ਤੇ ਹੋਇਆ ਲਾਠੀਚਾਰਜ ਨਿੰਦਣਯੋਗ ਹੈ। ਉਨ੍ਹਾਂ ਮੰਗ ਕੀਤੀ ਕਿ ਜਾਂਚ ਰਿਪੋਰਟ ਦੇ ਆਧਾਰ ‘ਤੇ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
ਮੰਗਾਂ ਪੂਰੀਆਂ ਨਾ ਹੋਣ ਤੱਕ ਸੰਘਰਸ਼ ਜਾਰੀ
ਸਫਾਈ ਸੇਵਕ ਯੂਨੀਅਨ ਦੇ ਆਗੂਆਂ ਨੇ ਸਪੱਸ਼ਟ ਕੀਤਾ ਕਿ ਜਦੋਂ ਤੱਕ ਉਨ੍ਹਾਂ ਦੀਆਂ ਹੱਕੀ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਦੋਂ ਤੱਕ ਸੰਘਰਸ਼ ਅਤੇ ਰੋਸ ਪ੍ਰਦਰਸ਼ਨ ਜਾਰੀ ਰਹਿਣਗੇ।






