‘ਟਿਕਟ ਕੱਟ ਦਿਓ, ਪ੍ਰਧਾਨਗੀ ਵੀ ਲੈ ਲਓ, ਪਰ ਕਾਂਗਰਸ ਨਹੀਂ ਛੱਡਾਂਗਾ’ – ਰਾਜਾ ਵੜਿੰਗ ਦਾ ਵੱਡਾ ਬਿਆਨ
ਸ੍ਰੀ ਫ਼ਤਹਿਗੜ੍ਹ ਸਾਹਿਬ: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪਾਰਟੀ ਪ੍ਰਤੀ ਆਪਣੀ ਵਫ਼ਾਦਾਰੀ ਨੂੰ ਦੁਹਰਾਉਂਦਿਆਂ ਕਿਹਾ ਹੈ ਕਿ ਉਨ੍ਹਾਂ ਲਈ ਅਹੁਦੇ ਜਾਂ ਟਿਕਟ ਨਾਲੋਂ ਪਾਰਟੀ ਸਭ ਤੋਂ ਵੱਧ ਮਹੱਤਵਪੂਰਨ ਹੈ। ਫ਼ਤਹਿਗੜ੍ਹ ਸਾਹਿਬ ਵਿੱਚ ਇੱਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਵੜਿੰਗ ਨੇ ਕਿਹਾ ਕਿ ਜੇਕਰ ਪਾਰਟੀ ਚਾਹੇ ਤਾਂ ਉਨ੍ਹਾਂ ਦੀ ਟਿਕਟ ਕੱਟ ਸਕਦੀ ਹੈ ਜਾਂ ਪ੍ਰਧਾਨਗੀ ਵੀ ਵਾਪਸ ਲੈ ਸਕਦੀ ਹੈ, ਪਰ ਉਹ ਕਿਸੇ ਵੀ ਹਾਲਤ ਵਿੱਚ ਕਾਂਗਰਸ ਦਾ ਸਾਥ ਨਹੀਂ ਛੱਡਣਗੇ।
‘ਕਾਂਗਰਸ ਹੀ ਮੇਰੀ ਪਹਿਚਾਣ ਹੈ’
ਰਾਜਾ ਵੜਿੰਗ ਨੇ ਕਿਹਾ ਕਿ ਉਨ੍ਹਾਂ ਦਾ ਸਿਆਸੀ ਸਫ਼ਰ ਕਾਂਗਰਸ ਨਾਲ ਜੁੜਿਆ ਹੋਇਆ ਹੈ ਅਤੇ ਉਹ ਕਿਸੇ ਹੋਰ ਪਾਰਟੀ ਵਿੱਚ ਜਾਣ ਬਾਰੇ ਸੋਚ ਵੀ ਨਹੀਂ ਸਕਦੇ। ਉਨ੍ਹਾਂ ਕਿਹਾ, “ਮੈਂ ਕਾਂਗਰਸ ਤੋਂ ਕਿਸੇ ਪਾਸੇ ਨਹੀਂ ਜਾਵਾਂਗਾ। ਮੇਰੇ ਲਈ ਵਫ਼ਾਦਾਰੀ ਕਿਸੇ ਵੀ ਅਹੁਦੇ ਜਾਂ ਚੋਣੀ
ਟਿਕਟ ਨਾਲੋਂ ਕਈ ਗੁਣਾ ਵੱਡੀ ਹੈ।”

ਗਿੱਦੜਬਾਹਾ ਤੋਂ ਸ਼ੁਰੂ ਹੋਇਆ ਸਿਆਸੀ ਸਫ਼ਰ
ਆਪਣੇ ਰਾਜਨੀਤਿਕ ਸਫ਼ਰ ਦਾ ਜ਼ਿਕਰ ਕਰਦਿਆਂ ਵੜਿੰਗ ਨੇ ਕਿਹਾ ਕਿ ਕਾਂਗਰਸ ਨੇ ਉਨ੍ਹਾਂ ਨੂੰ ਉਸ ਸਮੇਂ ਗਿੱਦੜਬਾਹਾ ਹਲਕੇ ਤੋਂ ਟਿਕਟ ਦਿੱਤੀ, ਜਦੋਂ ਇਹ ਇਲਾਕਾ ਬਾਦਲ ਪਰਿਵਾਰ ਦਾ ਮਜ਼ਬੂਤ ਗੜ੍ਹ ਮੰਨਿਆ ਜਾਂਦਾ ਸੀ।

ਉਨ੍ਹਾਂ ਕਿਹਾ ਕਿ ਉਹ ਇੱਕ ਆਮ ਪਰਿਵਾਰ ਨਾਲ ਸੰਬੰਧ ਰੱਖਦੇ ਹਨ ਅਤੇ ਬਿਨਾਂ ਕਿਸੇ ਵੱਡੇ ਸਿਆਸੀ ਪਿਛੋਕੜ ਦੇ ਉਨ੍ਹਾਂ ਨੇ ਲਗਾਤਾਰ ਤਿੰਨ ਵਾਰ ਇਸ ਹਲਕੇ ਤੋਂ ਜਿੱਤ ਦਰਜ ਕੀਤੀ। ਵੜਿੰਗ ਨੇ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਆਮ ਵਰਕਰਾਂ ਨੂੰ ਅੱਗੇ ਵਧਣ ਦਾ ਮੌਕਾ ਦਿੱਤਾ ਹੈ। ਰਾਜਾ ਵੜਿੰਗ ਨੇ ਕਿਹਾ ਕਿ ਪਾਰਟੀ ਨੇ ਜਿੱਥੇ ਵੀ ਉਨ੍ਹਾਂ ਨੂੰ ਚੋਣ ਲੜਨ ਲਈ ਭੇਜਿਆ, ਉਨ੍ਹਾਂ ਨੇ ਬਿਨਾਂ ਕਿਸੇ ਹਿਚਕ ਦੇ ਜ਼ਿੰਮੇਵਾਰੀ ਨਿਭਾਈ। ਉਨ੍ਹਾਂ ਦੱਸਿਆ ਕਿ ਕਦੇ ਉਨ੍ਹਾਂ ਦਾ ਮੁਕਾਬਲਾ ਹਰਸਿਮਰਤ ਕੌਰ ਬਾਦਲ ਨਾਲ ਕਰਵਾਇਆ ਗਿਆ ਅਤੇ ਕਦੇ ਰਵਨੀਤ ਸਿੰਘ ਬਿੱਟੂ ਵਰਗੇ ਆਗੂਆਂ ਦੇ ਸਾਹਮਣੇ ਚੋਣੀ ਮੈਦਾਨ ਵਿੱਚ ਉਤਾਰਿਆ ਗਿਆ, ਪਰ ਉਨ੍ਹਾਂ ਨੇ ਹਰ ਵਾਰ ਪਾਰਟੀ ਦੇ ਫ਼ੈਸਲੇ ਨੂੰ ਸਵੀਕਾਰ ਕੀਤਾ।
‘ਟਿਕਟ ਵੀ ਕੱਟ ਦਿਓ, ਮੈਨੂੰ ਕੋਈ ਪਰਵਾਹ ਨਹੀਂ’
ਕਾਂਗਰਸ ਦੇ ਸੀਨੀਅਰ ਆਗੂ ਭੂਪੇਸ਼ ਬਘੇਲ ਨਾਲ ਹੋਈ ਗੱਲਬਾਤ ਦਾ ਜ਼ਿਕਰ ਕਰਦਿਆਂ ਵੜਿੰਗ ਨੇ ਕਿਹਾ ਕਿ ਉਨ੍ਹਾਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਜੇਕਰ ਪਾਰਟੀ ਭਵਿੱਖ ਵਿੱਚ ਉਨ੍ਹਾਂ ਨੂੰ ਚੋਣ ਲੜਨ ਲਈ ਟਿਕਟ ਨਾ ਵੀ ਦੇਵੇ ਤਾਂ ਵੀ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੋਵੇਗਾ।
ਉਨ੍ਹਾਂ ਕਿਹਾ, “ਪਾਰਟੀ ਮੇਰੀ ਟਿਕਟ ਕੱਟ ਦੇਵੇ ਜਾਂ ਪ੍ਰਧਾਨਗੀ ਵਾਪਸ ਲੈ ਲਵੇ, ਮੈਨੂੰ ਕੋਈ ਫ਼ਰਕ ਨਹੀਂ ਪੈਂਦਾ। ਮੇਰੇ ਲਈ ਸਭ ਤੋਂ ਵੱਡੀ ਗੱਲ ਕਾਂਗਰਸ ਪ੍ਰਤੀ ਵਫ਼ਾਦਾਰੀ ਹੈ।”

ਪੰਜਾਬ ਦੌਰੇ ‘ਤੇ ਹਨ ਭੂਪੇਸ਼ ਬਘੇਲ
ਜ਼ਿਕਰਯੋਗ ਹੈ ਕਿ ਪੰਜਾਬ ਕਾਂਗਰਸ ਦੇ ਇੰਚਾਰਜ ਭੂਪੇਸ਼ ਬਘੇਲ ਇਨ੍ਹੀਂ ਦਿਨੀਂ ਨੌਂ ਦਿਨਾਂ ਦੇ ਪੰਜਾਬ ਦੌਰੇ ‘ਤੇ ਹਨ। ਇਸ ਦੌਰੇ ਦਾ ਉਦੇਸ਼ ਪਾਰਟੀ ਸੰਗਠਨ ਨੂੰ ਬੂਥ ਪੱਧਰ ‘ਤੇ ਮਜ਼ਬੂਤ ਕਰਨਾ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਤਿਆਰੀਆਂ ਨੂੰ ਤੇਜ਼ ਕਰਨਾ ਹੈ।

ਸੀਐਮ ਚਿਹਰੇ ਦੇ ਸਵਾਲ ‘ਤੇ ਭੂਪੇਸ਼ ਬਘੇਲ ਦਾ ਜਵਾਬ
ਪੱਤਰਕਾਰਾਂ ਵੱਲੋਂ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਦੇ ਮੁੱਖ ਮੰਤਰੀ ਚਿਹਰੇ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਭੂਪੇਸ਼ ਬਘੇਲ ਨੇ ਕਿਹਾ ਕਿ ਕਾਂਗਰਸ ਇੱਕ ਸੰਗਠਨ ਵਜੋਂ ਚੋਣ ਲੜੇਗੀ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਹੀ ਦੇਸ਼ ਭਰ ਵਿੱਚ ਕਾਂਗਰਸ ਦਾ ਸਭ ਤੋਂ ਵੱਡਾ ਚਿਹਰਾ ਹਨ ਅਤੇ ਪੰਜਾਬ ਸਮੇਤ ਹਰ ਸੂਬੇ ਵਿੱਚ ਪਾਰਟੀ ਉਨ੍ਹਾਂ ਦੀ ਅਗਵਾਈ ਹੇਠ ਚੋਣ ਮੈਦਾਨ ਵਿੱਚ ਉਤਰੇਗੀ। ਹਾਲਾਂਕਿ, ਉਨ੍ਹਾਂ ਨੇ ਪੰਜਾਬ ਲਈ ਵੱਖਰੇ ਮੁੱਖ ਮੰਤਰੀ ਚਿਹਰੇ ਦਾ ਐਲਾਨ ਨਹੀਂ ਕੀਤਾ।